ਕਰਨਲ ਸੋਫੀਆ ਕੁਰੈਸ਼ੀ ਬਾਰੇ ਮੱਧ ਪ੍ਰਦੇਸ਼ ਦੇ ਭਾਜਪਾ ਮੰਤਰੀ ਦੇ ਬਿਆਨ ਦੀ ਰਾਜਾ ਵੜਿੰਗ ਵੱਲੋਂ ਨਿਖੇਧੀ

ਚੰਡੀਗੜ੍ਹ, 14 ਮਈ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੱਧ ਪ੍ਰਦੇਸ਼ ਦੇ ਭਾਜਪਾ ਨੇਤਾ ਅਤੇ ਮੰਤਰੀ ਵਿਜੇ ਸ਼ਾਹ ਵੱਲੋਂ ਕਰਨਲ ਸੋਫੀਆ ਕੁਰੈਸ਼ੀ ਬਾਰੇ ਕੀਤੀ ਗਈ ਟਿੱਪਣੀ ਦੀ ਸਖਤ ਨਿਖੇਧੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੀ ਧਾਰਮਿਕ ਪਛਾਣ ਨੂੰ ਪਾਕਿਸਤਾਨੀਆਂ ਅਤੇ ਅੱਤਵਾਦੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।

ਚੰਡੀਗੜ੍ਹ, 14 ਮਈ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੱਧ ਪ੍ਰਦੇਸ਼ ਦੇ ਭਾਜਪਾ ਨੇਤਾ ਅਤੇ ਮੰਤਰੀ ਵਿਜੇ ਸ਼ਾਹ ਵੱਲੋਂ ਕਰਨਲ ਸੋਫੀਆ ਕੁਰੈਸ਼ੀ ਬਾਰੇ ਕੀਤੀ ਗਈ ਟਿੱਪਣੀ ਦੀ ਸਖਤ ਨਿਖੇਧੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੀ ਧਾਰਮਿਕ ਪਛਾਣ ਨੂੰ ਪਾਕਿਸਤਾਨੀਆਂ ਅਤੇ ਅੱਤਵਾਦੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਨਾ ਸਿਰਫ ਸਾਡੀਆਂ ਰੱਖਿਆ ਸੈਨਾਵਾਂ ਦੁਆਰਾ ਦੇਸ਼ ਨੂੰ ਦਿੱਤੀ ਗਈ ਜਿੱਤ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਬਲਕਿ ਇਸ ਦੇ ਨੇਤਾ ਏਕਤਾ ਅਤੇ ਸਦਭਾਵਨਾ ਦੇ ਮਾਹੌਲ ਨੂੰ ਵੀ ਫਿਰਕੂ ਤੌਰ ’ਤੇ ਜ਼ਹਿਰੀਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਹ ਭਾਜਪਾ ਦੀ ਰਾਜਨੀਤੀ ਦੇ ਅਨੁਕੂਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਾਂ ਦੁਆਰਾ ਦਿਖਾਈ ਗਈ ਏਕਤਾ ਅਤੇ ਅਖੰਡਤਾ ਤੋਂ ਹੈਰਾਨ ਹੈ, ਭਾਵੇਂ ਉਨ੍ਹਾਂ ਦਾ ਧਾਰਮਿਕ ਵਿਸ਼ਵਾਸ ਜਾਂ ਰਾਜਨੀਤਿਕ ਵਿਚਾਰਧਾਰਾ ਕੁਝ ਵੀ ਹੋਵੇ। ਅਜਿਹਾ ਮਾਹੌਲ ਉਸ ਪਾਰਟੀ ਲਈ ਸ਼ਰਮਨਾਕ ਹੈ ਜੋ ਫਿਰਕੂ ਜ਼ਹਿਰ ਖਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਨੇਤਾ ਦਾ ਘਿਣਾਉਣਾ ਅਤੇ ਨਿੰਦਿਆ ਭਰਿਆ ਬਿਆਨ ਚੰਗੀ ਤਰ੍ਹਾਂ ਸੋਚ-ਸਮਝ ਕੇ ਅਤੇ ਉਨ੍ਹਾਂ ਦੀ ਪਾਰਟੀ ਦੇ ਨਿਰਦੇਸ਼ਾਂ ’ਤੇ ਜਾਰੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਕਰਨਲ ਸੋਫੀਆ ਕੁਰੈਸ਼ੀ ’ਤੇ ਮਾਣ ਕਰਦਾ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਹਾਲੀਆ ਦੁਸ਼ਮਣੀ ਦੌਰਾਨ ਦੇਸ਼ ਅਤੇ ਇਸ ਦੀਆਂ ਹਥਿਆਰਬੰਦ ਫੌਜਾਂ ਦਾ ਬਚਾਅ ਕੀਤਾ। ਵੜਿੰਗ ਨੇ ਕਿਹਾ ਕਿ ਇਹ ਇੱਕ ਅਜੀਬ ਇਤਫਾਕ ਹੈ ਕਿ ਪਾਕਿਸਤਾਨ ਦੇ ਲੋਕ ਅਤੇ ਕੁਝ ਭਾਜਪਾ ਨੇਤਾ ਇਕੋ ਜਿਹੀਆਂ ਗੱਲਾਂ ਕਰ ਰਹੇ ਹਨ।
ਕਾਂਗਰਸ ਸੰਸਦ ਮੈਂਬਰ ਨੇ ਭਾਜਪਾ ਨੂੰ ਪੁੱਛਿਆ ਕਿ ਉਸ ਨੇ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਉਸ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਸ ਦੇ ਵਿਰੁੱਧ ਸਖਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਵੜਿੰਗ ਨੇ ਕਿਹਾ ਕਿ ਇਹ ਟਿੱਪਣੀ ਕਰਕੇ ਸ਼ਾਹ ਨੇ ਨਾ ਸਿਰਫ ਇੱਕ ਮਾਣਮੱਤੇ ਅਧਿਕਾਰੀ ਦਾ, ਸਗੋਂ ਇੱਕ ਪੂਰੇ ਭਾਈਚਾਰੇ ਦਾ ਅਪਮਾਨ ਕੀਤਾ ਹੈ ਜੋ ਦੁਸ਼ਮਣ ਵਿਰੁੱਧ ਸਾਡੀ ਲੜਾਈ ਵਿੱਚ ਸਾਡੀ ਰੱਖਿਆ ਬਲਾਂ ਦੇ ਨਾਲ ਖੜ੍ਹਾ ਸੀ।