ਰਾਜਿੰਦਰਾ ਜਿਮਖਾਨਾ ਕਲੱਬ ਦੀ ਵਕਾਰੀ ਚੋਣ 30 ਨੂੰ, ਸਿਆਸੀ ਸਰਗਰਮੀਆਂ ਹੋਣ ਲੱਗੀਆਂ ਤੇਜ਼

ਪਟਿਆਲਾ, 10 ਦਸੰਬਰ - ਨੋਟੀਫਿਕੇਸ਼ਨ ਜਾਰੀ ਹੋਣ ਨਾਲ ਵਕਾਰੀ ਰਾਜਿੰਦਰਾ ਜਿਮਖਾਨਾ ਕਲੱਬ ਦੀਆਂ ਚੋਣਾਂ ਦਾ ਬਿਗਲ ਵੱਜ ਗਿਆ ਹੈ, ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਕਲੱਬ ਦੇ ਦੋਵੇਂ ਗਰੁੱਪਾਂ ਗੁਡਵਿਲ ਤੇ ਯੂਨਾਈਟਿਡ ਪ੍ਰੋਗਰੈਸਿਵ ਗਰੁੱਪ ਨੇ ਆਪੋ ਆਪਣੇ ਅਜਿਹੇ ਉਮੀਦਵਾਰਾਂ ਦੀ ਖੋਜ ਸ਼ੁਰੂ ਕਰ ਦਿੱਤੀ ਹੈ ਜੋ ਜਿੱਤਣ ਦੀ ਸਮਰੱਥਾ ਰੱਖਦੇ ਹੋਣ।

ਪਟਿਆਲਾ, 10 ਦਸੰਬਰ - ਨੋਟੀਫਿਕੇਸ਼ਨ ਜਾਰੀ ਹੋਣ ਨਾਲ ਵਕਾਰੀ ਰਾਜਿੰਦਰਾ ਜਿਮਖਾਨਾ ਕਲੱਬ ਦੀਆਂ ਚੋਣਾਂ ਦਾ ਬਿਗਲ ਵੱਜ ਗਿਆ ਹੈ, ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਕਲੱਬ ਦੇ ਦੋਵੇਂ ਗਰੁੱਪਾਂ ਗੁਡਵਿਲ ਤੇ ਯੂਨਾਈਟਿਡ ਪ੍ਰੋਗਰੈਸਿਵ ਗਰੁੱਪ ਨੇ ਆਪੋ ਆਪਣੇ ਅਜਿਹੇ ਉਮੀਦਵਾਰਾਂ ਦੀ ਖੋਜ ਸ਼ੁਰੂ ਕਰ ਦਿੱਤੀ ਹੈ ਜੋ ਜਿੱਤਣ ਦੀ ਸਮਰੱਥਾ ਰੱਖਦੇ ਹੋਣ। ਨੋਟੀਫਿਕੇਸ਼ਨ ਮੁਤਾਬਿਕ ਚੋਣ 30 ਦਸੰਬਰ ਨੂੰ ਹੋਵੇਗੀ। 18 ਤੇ 19 ਦਸੰਬਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਕ ਮਿਥੀ ਗਈ ਹੈ। 21 ਦਸੰਬਰ ਤਕ ਨਾਂ ਵਾਪਸ ਲਏ ਜਾ ਸਕਣਗੇ। ਪੋਲਿੰਗ ਤੋਂ ਅਗਲੇ ਦਿਨ 31 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਲੜਨ ਦੇ ਇੱਛੁਕ ਉਮੀਦਵਾਰ ਨੂੰ ਇੱਕ ਲੱਖ ਰੁਪਏ ਦੀ ਸਿਕਿਓਰਟੀ ਜਮਾਂ ਕਰਵਾਉਣੀ ਪਵੇਗੀ ਤੇ ਇਹ ਸਿਕਿਓਰਟੀ ਉਨ੍ਹਾਂ ਉਮੀਦਵਾਰਾਂ ਨੂੰ ਵਾਪਸ ਕੀਤੀ ਜਾਵੇਗੀ ਜੋ ਕੁਲ ਪੋਲਡ ਵੋਟਾਂ ਦਾ 25 ਫ਼ੀਸਦ ਪ੍ਰਾਪਤ ਕਰੇਗਾ। ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਨੇ ਦਾਵਾ ਕੀਤਾ ਹੈ ਕਿ ਉਨ੍ਹਾਂ ਕਲੱਬ ਦੇ ਕੰਮ ਕਾਜ ਵਿਚ ਪਾਰਦਰਸ਼ਿਤਾ ਲਿਆਂਦੀ ਹੈ ਤੇ ਕਲੱਬ ਵਿੱਚ ਹੋ ਰਹੀਆਂ ਕਥਿਤ ਹੇਰਾਫੇਰੀਆਂ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗਰੁੱਪ ਛੇਤੀ ਹੀ ਚੋਣ ਮਨੋਰਥ ਪੱਤਰ ਜਾਰੀ ਕਰੇਗਾ। ਗੁਡਵਿਲ ਗਰੁੱਪ ਦੇ ਮੁਖੀ ਡਾਕਟਰ ਸੁਧੀਰ ਵਰਮਾ ਨੇ ਚੋਣਾਂ ਦਾ ਐਲਾਨ ਕਰਨ ਵਿੱਚ ਹੋਈ ਦੇਰੀ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਸੰਭਾਵੀ ਉਮੀਦਵਾਰਾਂ ਦੀ ਚੋਣ ਲਈ ਦੋ ਕੁ ਦਿਨਾਂ ਬਾਅਦ ਵਿਚਾਰ ਕੀਤਾ ਜਾਵੇਗਾ।