
ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਤੇ ਖੇਤਾਂ ਦੀ ਰਹਿੰਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਆਈ ਕਮੀ, ਆਂਕੜੇ ਜਾਰੀ
ਪਟਿਆਲਾ, 16 ਨਵੰਬਰ - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਨੇ ਦਾਵਾ ਕੀਤਾ ਹੈ ਕਿ 2021 ਅਤੇ 2022 (15 ਸਤੰਬਰ ਤੋਂ 16 ਨਵੰਬਰ ਤਕ) ਦੇ ਮੁਕਾਬਲੇ 2023 ਦੇ ਇਸੇ ਸਮੇਂ ਦੌਰਾਨ ਪੰਜਾਬ ਦੇ ਖੇਤਾਂ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਕਾਫ਼ੀ ਕਮੀ ਆਈ ਹੈ।
ਪਟਿਆਲਾ, 16 ਨਵੰਬਰ - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਨੇ ਦਾਵਾ ਕੀਤਾ ਹੈ ਕਿ 2021 ਅਤੇ 2022 (15 ਸਤੰਬਰ ਤੋਂ 16 ਨਵੰਬਰ ਤਕ) ਦੇ ਮੁਕਾਬਲੇ 2023 ਦੇ ਇਸੇ ਸਮੇਂ ਦੌਰਾਨ ਪੰਜਾਬ ਦੇ ਖੇਤਾਂ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਕਾਫ਼ੀ ਕਮੀ ਆਈ ਹੈ। ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿੱਗ ਦੁਆਰਾ ਜਾਰੀ ਆਂਕੜਿਆਂ ਮੁਤਾਬਕ 2021 ਅਤੇ 2022 ਵਿੱਚ ਕ੍ਰਮਵਾਰ 68777 ਤੇ 46822 ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ ਜਦਕਿ 2023 'ਚ ਹੁਣ ਤਕ 31932 ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅੱਗ ਲੱਗਣ ਦੀਆਂ ਘਟਨਾਵਾਂ ਦੇ ਜ਼ਿਲ੍ਹੇ ਵਾਰ ਆਂਕੜੇ ਵੀ ਦਿੱਤੇ ਗਏ ਹਨ। 2022 (16 ਨਵੰਬਰ ਤਕ) ਦੇ ਮੁਕਾਬਲੇ ਇਸ ਸਾਲ ਦੇ ਇਸੇ ਸਮੇਂ ਤਕ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਪਰਾਲੀ ਅਤੇ ਖੇਤਾਂ ਵਿਚਲੀ ਰਹਿੰਦ ਖੂਹੰਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵੱਧ ਹੋਈਆਂ, ਉਨ੍ਹਾਂ ਵਿੱਚ ਅੰਮ੍ਰਿਤਸਰ, ਬਰਨਾਲਾ, ਫਤਹਿਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਸੰਗਰੂਰ, ਤਰਨਤਾਰਨ, ਮਲੇਰਕੋਟਲਾ ਤੇ ਪਟਿਆਲਾ ਸ਼ਾਮਲ ਹਨ। ਪਟਿਆਲਾ ਜ਼ਿਲ੍ਹੇ ਵਿੱਚ 2022 ਦੇ ਮੁਕਾਬਲੇ 20 ਘਟਨਾਵਾਂ ਦਾ ਵਾਧਾ ਹੋਇਆ। 2022 ਵਿੱਚ ਇਹ 10 ਸਨ ਪਰ 2023 ਵਿੱਚ ਹੁਣ ਤਕ ਇਹ 30 ਹੋ ਚੁੱਕੀਆਂ ਹਨ। ਜੇ 16 ਨਵੰਬਰ ਤਕ ਪਿਛਲੇ ਤਿੰਨ ਸਾਲਾਂ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕਮੀ ਆਈ ਹੈ। 2021 ਵਿੱਚ ਇਹ ਆਂਕੜਾ 1757 ਸੀ, 2022 ਵਿੱਚ ਘਟ ਕੇ 1358 ਹੋ ਗਿਆ ਤੇ ਮੌਜੂਦਾ ਸਾਲ ਵਿੱਚ ਇਹ 1271 ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਅੱਗ ਲਾਏ ਜਾਣ ਦੀਆਂ ਘਟਨਾਵਾਂ ਘਟੀਆਂ ਹਨ ਉਨ੍ਹਾਂ ਵਿੱਚ ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਤੇ ਮਾਨਸਾ ਸ਼ਾਮਲ ਹਨ। ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿੱਗ ਨੇ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਅਪੀਲ ਕਰਦਿਆਂ ਕਿਹਾ ਹੈ ਕਿ ਵਾਤਾਵਰਨ ਦੀ ਬਿਹਤਰੀ ਅਤੇ ਲੋਕ ਭਲਾਈ ਹਿਤ ਪਰਾਲੀ ਅਤੇ ਖੇਤਾਂ ਵਿਚਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਾਈ ਜਾਵੇ। ਨਵੀਆਂ ਤਕਨੀਕਾਂ ਨਾਲ ਪਰਾਲੀ ਦਾ ਪ੍ਰਬੰਧਨ ਕਰਦੇ ਹੋਏ ਇਸ ਦੀਆਂ ਗੰਢਾਂ ਬਣਾ ਕੇ ਆਰਥਿਕ ਲਾਭ ਉਠਾਇਆ ਜਾਵੇ।
