ਸੂਫੀਆਨਾ ਪੰਜਾਬੀ ਗਾਇਕਾ ਕੌਰ ਗਿੱਲ ਦਾ ਗੀਤ ‘ਚੂੜਾ’ ਹੋਇਆ ਰਿਲੀਜ਼

ਮੋਹਾਲੀ, 15 ਨਵੰਬਰ : ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਸੂਫੀ ਗਾਇਕੀ ਨੂੰ ਪ੍ਰਫੁਲਿਤ ਕਰਨ ਦੀ ਚੇਟਕ ਲਾਈ ਉਭਰਦੀ ਗਾਇਕਾ ਕੌਰ ਗਿੱਲ ਦਾ ਪਲੇਠਾ ਗੀਤ ‘ਚੂੜਾ’ ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ।

ਮੋਹਾਲੀ, 15 ਨਵੰਬਰ  : ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਸੂਫੀ ਗਾਇਕੀ ਨੂੰ ਪ੍ਰਫੁਲਿਤ ਕਰਨ ਦੀ ਚੇਟਕ ਲਾਈ ਉਭਰਦੀ ਗਾਇਕਾ ਕੌਰ ਗਿੱਲ ਦਾ ਪਲੇਠਾ ਗੀਤ ‘ਚੂੜਾ’ ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਪੰਜਾਬੀ ਯੂ.ਕੇ. ਰਿਕਾਰਡਜ਼’ ਦੇ ਬੈਨਰ ਹੇਠ ਇਹ ਗੀਤ ਰਿਲੀਜ਼ ਕਰਦਿਆਂ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣਾ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਹੋਣਹਾਰ ਅਤੇ ਉਭਰਦੇ ਗਾਇਕਾ ਨੂੰ ਆਰਥਿਕ ਤੰਗੀ ਅਤੇ ਹੋਰ ਕਾਰਨਾਂ ਕਰਕੇ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ, ਅਸੀਂ ਉਹਨਾਂ ਦੀ ਬਾਂਹ ਫੜ ਕੇ ਬਿਹਤਰ ਭਵਿੱਖ ਪ੍ਰਦਾਨ ਕਰਨਾ ਚਾਹੁੰਦੇ ਹਾਂ। ਉਹਨਾਂ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਵਿਨੋਦ ਰੱਤੀ ‘ਦੇਸੀ ਹੇਕ’ ਨੇ ਦਿੱਤਾ ਹੈ ਅਤੇ ਗੀਤ ਦੀ ਵੀਡੀਓਗ੍ਰਾਫੀ ਮਨਜੀਤ ਥਿੰਦ ਫਿਲਮਜ਼ ਵੱਲੋਂ ਕੀਤੀ ਗਈ ਹੈ, ਜਦਕਿ ਇਹ ਗੀਤ ਮਾਡਲ ਵਿੱਕ ਚੀਮਾ ਅਤੇ ਮੁਗੁਧਾ ਆਹਲੂਵਾਲੀਆ ‘ਤੇ ਫਿਲਮਾਇਆ ਗਿਆ ਹੈ।
ਇਸ ਮੌਕੇ ਗੀਤਕਾਰ ਅਤੇ ਗਾਇਕਾ ਕੌਰ ਗਿੱਲ ਨੇ ਦੱਸਿਆ ਕਿ ਹਰੇਕ ਲੜਕੀ ਦਾ ਚੂੜਾ ਪਾਉਣਾ ਇੱਕ ਸੁਪਨਾ ਹੁੰਦਾ ਹੈ ਅਤੇ ਇਸੇ ਮਕਸਦ ਨੂੰ ਲੈ ਕੇ ਮੈਂ ਇਸ ਗੀਤ ਦੀ ਚੋਣ ਕੀਤੀ ਹੈ। ਉਹਨਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਦੀ ਧੀ ਹੈ ਅਤੇ ਪ੍ਰੋਡਿਊਸਰ ਪ੍ਰਿਤਪਾਲ ਸਿੰਘ ਮੇਰੇ ਲਈ ਰੱਬ ਬਣ ਕੇ ਬਹੁੜੇ ਹਨ, ਜਿਨ੍ਹਾਂ ਨੇ ਮੈਨੂੰ ਪੰਜਾਬੀ ਸਭਿਆਚਾਰਕ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮੈਂ ਇਸ ਲਈ ਉਹਨਾਂ ਦੀ ਸਦਾ ਹੀ ਰਿਣੀ ਰਹਾਂਗੀ। ਕੌਰ ਗਿੱਲ ਨੇ ਅੱਗੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਾਇਕੀ ਦੀ ਚੇਟਕ ਸੀ ਪਰ ਗਰੀਬੀ ਕਾਰਨ ਉਸ ਨੂੰ ਅੱਗੇ ਵਧਣ ਦਾ ਅਵਸਰ ਪ੍ਰਾਪਤ ਨਹੀਂ ਹੋਇਆ। ਉਸ ਦਾ ਕਹਿਣਾ ਹੈ ਕਿ ਗਾਇਕੀ ਦੇ ਨਾਲ ਨਾਲ ਉਸ ਨੂੰ ਸੂਫੀਆਨਾ ਗਾਇਕੀ ਦਾ ਵੀ ਸ਼ੌਕ ਪੈਦਾ ਹੋਇਆ, ਜਿਸ ਲਈ ਉਹ ਕਾਫੀ ਰਿਆਜ਼ ਵੀ ਕਰਦੀ ਹੈ। ਉਸਨੇ ਨੌਜਵਾਨ ਅਤੇ ਉਭਰਦੇ ਗਾਇਕਾ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਿਹਨਤ ਕਰਨਾ ਨਾ ਛੱਡਣ, ਰੱਬ ਇੱਕ ਨਾ ਇੱਕ ਦਿਨ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਬਖ਼ਸ਼ਦਾ ਹੈ।
 ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ "ਚੂੜਾ" ਗੀਤ ਪ੍ਰੀ-ਵੈਡਿੰਗ ਪ੍ਰੋਗਰਾਮਾਂ ਦਾ ਵੀ ਸ਼ਿੰਗਾਰ ਬਣੇਗਾ।