ਨਗਰ ਨਿਗਮ ਚੋਣਾਂ ਪੂਰੀ ਤਾਕਤ ਨਾਲ ਲੜਾਂਗੇ, ਸ਼ਹਿਰ ਦਾ ਵਿਕਾਸ ਅਕਾਲੀ ਦਲ ਸਮੇਂ ਵੱਧ ਹੋਇਆ : ਰਾਠੀ

ਪਟਿਆਲਾ, 13 ਨਵੰਬਰ - ਵਿਦਿਆਰਥੀ ਸਿਆਸਤ ਮਗਰੋਂ ਪਾਰਟੀ ਸਿਆਸਤ 'ਚ ਸਰਗਰਮ ਰਹੇ ਅਮਿਤ ਸਿੰਘ ਰਾਠੀ, ਜਿਨ੍ਹਾਂ ਨੂੰ ਅਕਾਲੀ ਦਲ ਹਾਈ ਕਮਾਨ ਨੇ ਹਰਪਾਲ ਜੁਨੇਜਾ ਦੀ ਥਾਂ ਪਟਿਆਲਾ ਸ਼ਹਿਰੀ ਦੀ ਪ੍ਰਧਾਨਗੀ ਸੌਂਪੀ ਹੈ, ਨੇ ਕਿਹਾ ਹੈ ਕਿ ਉਹ ਪਾਰਟੀ ਵੱਲੋਂ ਲਾਈ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਪਟਿਆਲਾ, 13 ਨਵੰਬਰ - ਵਿਦਿਆਰਥੀ ਸਿਆਸਤ ਮਗਰੋਂ ਪਾਰਟੀ ਸਿਆਸਤ 'ਚ ਸਰਗਰਮ ਰਹੇ ਅਮਿਤ ਸਿੰਘ ਰਾਠੀ, ਜਿਨ੍ਹਾਂ ਨੂੰ ਅਕਾਲੀ ਦਲ ਹਾਈ ਕਮਾਨ ਨੇ ਹਰਪਾਲ ਜੁਨੇਜਾ ਦੀ ਥਾਂ ਪਟਿਆਲਾ ਸ਼ਹਿਰੀ ਦੀ ਪ੍ਰਧਾਨਗੀ ਸੌਂਪੀ ਹੈ, ਨੇ ਕਿਹਾ ਹੈ ਕਿ ਉਹ ਪਾਰਟੀ ਵੱਲੋਂ ਲਾਈ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਰਾਠੀ, ਜੋ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਕਰੀਬੀ ਹਨ ਤੇ ਉਨ੍ਹਾਂ ਦੀ ਨਿਯੁਕਤੀ ਆਗਾਮੀ ਨਗਰ ਨਿਗਮ ਚੋਣਾਂ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਕੀਤੀ ਗਈ ਹੈ, ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੂਰੀ ਤਾਕਤ ਨਾਲ ਇਸ ਚੋਣ ਲਈ ਮੈਦਾਨ ਵਿੱਚ ਨਿਤਰਣਗੇ। ਅਕਾਲੀ ਦਲ ਦੀ ਸਰਕਾਰ ਸਮੇਂ ਸ਼ਹਿਰ ਦਾ ਜੋ ਵਿਕਾਸ ਹੋਇਆ, ਉਸਨੂੰ ਉਜਾਗਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਨੌਜਵਾਨਾਂ ਦੀ ਵਿਸ਼ੇਸ਼ ਭੂਮਿਕਾ ਹੋਵੇਗੀ। ਨੌਜਵਾਨਾਂ ਨੂੰ ਨਵੇਂ ਸਿਰਿਉਂ ਲਾਮਬੰਦ ਕਰਨ ਦੇ ਉਦੇਸ਼ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਲਕੇ 14 ਨਵੰਬਰ ਨੂੰ ਵਿਸ਼ੇਸ਼ ਐਲਾਨ ਕਰਨਗੇ। ਹਰਪਾਲ ਜੁਨੇਜਾ ਨੂੰ ਹਟਾਏ ਜਾਣ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਸਿੱਧੇ ਤੌਰ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਪਾਰਟੀ ਹਾਈ ਕਮਾਨ ਦਾ ਫ਼ੈਸਲਾ ਹੈ ਪਰ ਇਹ ਵੀ ਕਿਹਾ ਕਿ ਹਰਪਾਲ ਜੁਨੇਜਾ ਪਾਰਟੀ ਦੇ ਸੀਨੀਅਰ ਆਗੂ ਹਨ, ਹੋ ਸਕਦਾ ਹੈ ਕਿ ਉਨ੍ਹਾਂ ਨੂੰ "ਕਿਸੇ ਹੋਰ ਤਰ੍ਹਾਂ ਨਾਲ ਐਡਜਸਟ" ਕੀਤਾ ਜਾਣਾ ਹੋਵੇ।