ਬਲੌਂਗੀ ਵਿੱਚ ਦੁਕਾਨਦਾਰ ਤੇ ਹਮਲਾ, ਇੱਕ ਜ਼ਖਮੀ

ਬਲੌਂਗੀ, 7 ਨਵੰਬਰ - ਬਲੌਂਗੀ ਵਿਚ ਦਸ਼ਮੇਸ਼ ਮਾਰਕੀਟ ਵਿਚ ਗਿਰੀ ਪਾਨ ਦੁਕਾਨ ਦੇ ਮਾਲਕ ਅਤੇ ਉਸ ਦੇ ਪੁੱਤਰ ਤੇ ਹੋਏ ਹਮਲੇ ਦੌਰਾਨ ਦੁਕਾਨਦਾਰ ਦਾ ਪੁੱਤਰ ਜਖਮੀ ਹੋ ਗਿਆ।

ਬਲੌਂਗੀ, 7 ਨਵੰਬਰ - ਬਲੌਂਗੀ ਵਿਚ ਦਸ਼ਮੇਸ਼ ਮਾਰਕੀਟ ਵਿਚ ਗਿਰੀ ਪਾਨ ਦੁਕਾਨ ਦੇ ਮਾਲਕ ਅਤੇ ਉਸ ਦੇ ਪੁੱਤਰ ਤੇ ਹੋਏ ਹਮਲੇ ਦੌਰਾਨ ਦੁਕਾਨਦਾਰ ਦਾ ਪੁੱਤਰ ਜਖਮੀ ਹੋ ਗਿਆ। ਗਿਰੀ ਪਾਨ ਦੇ ਦੁਕਾਨ ਮਾਲਿਕ ਸ਼੍ਰੀ ਰਾਮ ਗਿਰੀ ਨੇ ਦਸਿਆ ਕਿ ਬੀਤੇ ਐਤਵਾਰ ਦੀ ਰਾਤ ਕਰੀਬਨ 10 :45 ਵਜੇ ਉਹ ਤੇ ਉਹਨਾਂ ਪੁੱਤਰ ਦੀਪਕ ਦੁਕਾਨ ਬੰਦ ਕਰਕੇ ਘਰ ਜਾਣ ਲੱਗੇ ਸਨ ਕਿ 5 ਤੋਂ 7 ਮੁੰਡਿਆਂ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹਨਾਂ ਦਾ ਪੁੱਤਰ ਬੁਰੀ ਤਰ੍ਹਾਂ ਜਖਮੀ ਹੋ ਗਿਆ।

ਉਨ੍ਹਾਂ ਦੱਸਿਆ ਕਿ ਦੁਕਾਨ ਬੰਦ ਕਰਨ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਅਭਿਸ਼ੇਕ ਉਰਫ ਨਿੰਜਾ ਦੁਕਾਨ ਤੇ ਖੜ੍ਹਾ ਹੋ ਗਿਆ ਸੀ ਅਤੇ ਦੀਪਕ ਨੇ ਉਸਨੂੰ ਪੁੱਛਿਆ ਸੀ ਕਿ ਕੋਈ ਸਮਾਨ ਲੈਣਾ ਹੈ ਤਾਂ ਉਸ ਨੇ ਮਨਾ ਕਰ ਦਿੱਤਾ ਅਤੇ ਕਿਹਾ ਕਿ ਉਹ ਕਿਸੇ ਦਾ ਇੰਤਜਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਥੋੜੀ ਦੇਰ ਬਾਅਦ ਅਭਿਸ਼ੇਕ ਨੇ ਦੀਪਕ ਕੋਲੋਂ ਪੈਸੇ ਮੰਗੇ ਤਾਂ ਦੀਪਕ ਨੇ ਪੁੱਛਿਆ ਕਿ ਪੈਸੇ ਕੀ ਕਰਨੇ ਹਨ ਤੇ ਕਹਿਣ ਲਗਾ ਕਿ ਦਾਰੂ ਪੀਣੀ ਹੈ ਜਿਸਤੇ ਦੀਪਕ ਨੇ ਪੈਸੇ ਦੇਣ ਤੋਂ ਮਨਾ ਕਰ ਦਿਤਾ।

ਉਹਨਾਂ ਕਿਹਾ ਕਿ ਇਹ ਮੁੰਡਾ ਉਹਨਾਂ ਦੇ ਘਰ ਕੋਲ ਰਹਿੰਦਾ ਹੈ। ਜਦੋਂ ਉਹ ਦੁਕਾਨ ਬੰਦ ਕਰਕੇ ਜਾਣ ਲੱਗੇ ਤਾਂ ਅਭਿਸ਼ੇਕ ਨੇ ਆਪਣੇ ਸਾਥੀਆਂ ਨਾਲ ਆ ਕੇ ਉਹਨਾਂ ਤੇ ਰਾਡ ਅਤੇ ਡੰਡੇ ਨਾਲ ਹਮਲਾ ਕਰ ਦਿੱਤਾ, ਇਸ ਦੌਰਾਨ ਦੀਪਕ ਦਾ ਸਿਰ ਫਟ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਇਸ ਦੌਰਾਨ ਉਹ ਵੀ ਡਿੱਗ ਗਏ।

ਉਹਨਾਂ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਫੇਜ਼ 6 ਦੇ ਸਿਵਲ ਹਸਪਤਾਲ ਵਿਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਸਿਰ ਵਿਚ ਟਾਂਕੇ ਲਗਾ ਕੇ ਖਰੜ ਦੇ ਸਿਵਲ ਹਸਪਤਾਲ ਭੇਜ ਦਿੱਤਾ। ਉਹਨਾਂ ਕਿਹਾ ਕਿ ਦੀਪਕ ਦਾ ਖੱਬਾ ਹੱਥ ਫਰੈਕਚਰ ਹੋਇਆ ਹੈ, ਸੱਜੇ ਹੱਥ ਦਾ ਅੰਗੂਠਾ ਫਰੈਕਚਰ ਹੈ ਅਤੇ ਸਿਰ ਵਿਚ ਲਗਭਗ 18 ਟਾਂਕੇ ਲਗੇ ਹਨ।

ਉਹਨਾਂ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਬਲੌਂਗੀ ਵਿਚ ਲਗਾਤਾਰ ਅਪਰਾਧ ਵੱਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਥੇ ਰੋਜ਼ਾਨਾ ਚਿੱਟਾ ਵਿਕ ਰਿਹਾ ਅਤੇ ਲੋਕਾਂ ਦਾ ਨਸ਼ਾ ਪੂਰਾ ਨਹੀਂ ਹੁੰਦਾ ਜਿਸ ਤੇ ਨਸ਼ਾ ਕਰਨ ਵਾਲੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਅਤੇ ਜੇ ਇਸੇ ਤਰੀਕੇ ਨਾਲ ਵਾਰਦਾਤਾਂ ਵਧਦੀਆਂ ਰਹੀਆਂ ਤਾਂ ਕਿਸੇ ਦੀ ਵੀ ਜਾਨ ਵੀ ਜਾ ਸਕਦੀ ਹੈ। ਉਹਨਾਂ ਮੁਹਾਲੀ ਦੇ ਐਸ ਐਸ ਪੀ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਜਾਨ ਤੋਂ ਮਾਰਨ ਦੇ ਇਰਾਦੇ ਤਹਿਤ ਮਾਮਲਾ ਦਰਜ ਕਰਕੇ ਜੇਲ ਭੇਜਿਆ ਜਾਵੇ।

ਇਸ ਸਬੰਧੀ ਸੰਪਰਕ ਕਰਨ ਤੇ ਥਾਣਾ ਬਲੌਂਗੀ ਦੇ ਐਸ ਐਚ ਓ ਸ. ਪੈਰੀਂਵਿਕਲ ਸਿੰਘ ਗਰੇਵਾਲ ਨੇ ਕਿਹਾ ਕਿ ਉਹਨਾਂ ਨੂੰ ਸਿਵਲ ਹਸਪਤਾਲ ਖਰੜ ਤੋਂ ਸੂਚਨਾ ਮਿਲੀ ਹੈ ਅਤੇ ਪੁਲੀਸ ਮੁਲਾਜਮ ਨੂੰ ਬਿਆਨ ਲੈਣ ਲਈ ਭੇਜ ਦਿਤਾ ਗਿਆ ਉਨ੍ਹਾਂ ਕਿਹਾ ਬਿਆਨ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।