ਸੰਪਾਦਕੀ

ਸੰਪਾਦਕੀ

ਮੈਨੂੰ ਅੱਜ ਵੀ ਆਪਣੇ ਵਿਦਿਆਰਥੀ ਜੀਵਨ ਦੀ ਜਦੋ ਯਾਦ ਆਉਂਦੀ ਹੈ ਤਾਂ ਸਾਡੇ ਅਧਿਆਪਕ ਵਲੋਂ ਕਹਿ ਇਹ ਗੱਲ ਕਿ "ਪੁਸਤਕਾਂ ਇਨਸਾਨ ਦੀਆਂ ਸੱਚੀਆਂ ਮਿੱਤਰ ਹਨ" ਵਰਤਮਾਨ ਸਮੇਂ ਵਿਚ ਵਧੇਰੇ ਸਾਰਥਿਕ ਲਗਦੀ ਹੈ| ਪੁਸਤਕਾਂ ਪੁਰਾਤਨ ਸਮੇਂ ਤੋਂ ਅੱਜ ਤੱਕ ਜ਼ਿੰਦਗੀ ਦੀ ਅਗਵਾਈ ਕਰਨ ਦਾ ਸਾਧਨ ਰਹੀਆਂ ਹਨ | ਚੰਗੀਆਂ ਪੁਸਤਕਾਂ ਦੀ ਪ੍ਰੇਰਨਾ ਨਾਲ ਵਿਸ਼ਵ ਦੇ ਅਨੇਕਾਂ ਮਹਾਂ ਪੁਰਸ਼ਾਂ ਦੇ ਜੀਵਨ ਵਿਚ ਹੈਰਾਨੀਜਨਕ ਤਬਦੀਲੀ ਆਈ ਹੈ | ਵਧੀਆ ਕਿਤਾਬਾਂ ਵਧੀਆ ਲੇਖਕਾਂ ਦੇ ਜੀਵਨ ਦਾ ਨਿਚੋੜ ਹੁੰਦੀਆਂ ਹਨ | ਕਿਤਾਬਾਂ ਸਾਨੂ ਮਾਨਸਿਕ ਰੂਪ ਨਾਲ ਸਿਹਤਮੰਦ ਤੇ ਮਜ਼ਬੂਤ ਬਣਾਉਦੀਆਂ ਹਨ |
ਵਰਤਮਾਨ ਯੁਗ ਨੂੰ ਅਸੀਂ ਤਕਨੀਕ ਉਪਰ ਕੇਂਦਰਿਤ ਸਮਾਂ ਕਿਹ ਸਕਦੇ ਹਾਂ| ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਤਕਨੀਕ ਪ੍ਰਮੁੱਖ  ਹੈ| ਸਮੇਂ ਦੀ ਬੱਚਤ ਅਤੇ ਸੰਪੂਰਨਤਾ ਵਾਸਤੇ ਤਕਨੀਕੀ ਉਪਕਰਣ ਵਕਤ ਦੀ ਮੁਢਲੀ ਲੋੜ ਬਣ ਗਏ ਹਨ| ਹਰ ਖੇਤਰ ਤੇ ਹਰ ਵਿਸ਼ੇ ਦੀ ਡੂੰਘਾਈ ਨਾਲ ਜਾਣਕਾਰੀ ਹਾਸਿਲ ਕਰਨ ਵਾਸਤੇ ਅੱਜ ਸਾਡੇ ਕੋਲ ਇੰਟਰਨੈੱਟ ਦੀ ਸਹੂਲਤ ਉਪਲਬਧ ਹੈ| ਅੱਜ ਦੀ ਨੌਜਵਾਨ ਪੀੜ੍ਹੀ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ| ਲਾਇਬਰੇਰੀਆਂ ਵਿਚ ਬੈਠੇ ਵਿਦਿਆਰਥੀ ਦੇ ਹੱਥ ਵਿਚ ਕਿਤਾਬ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ| ਪਰ ਹਰ ਬੱਚਾ ਮੋਬਾਈਲ ਫੋਨ ਜਾਂ ਲੈਪਟਾਪ ਵਿਚ ਰੁੱਝਿਆ ਜ਼ਰੂਰ ਨਜ਼ਰ ਆਉਂਦਾ ਹੈ|
ਅੱਜ ਦੀ ਪੀੜ੍ਹੀ ਲਈ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਆਦਿ ਸੋਸ਼ਲ ਸਾਈਟਸ ਜ਼ਰੂਰਤ ਜਾਂ ਇੰਜ ਕਹੋ ਕਿ ਕਮਜ਼ੋਰੀ ਬਣ ਗਈਆਂ ਹਨ |
ਕੋਈ ਸਮਾਂ ਸੀ, ਜਦੋਂ ਕਾਲਜਾਂ ਯੂਨਵਰਸਿਟੀਆਂ ਤੇ ਸ਼ਹਿਰਾਂ ਕਸਬਿਆਂ ਦੀਆਂ ਲਾਇਬਰੇਰੀਆਂ ਵਿਚ ਚੋਖੀ ਚਹਿਲ ਪਹਿਲ ਹੁੰਦੀ ਸੀ| ਸਵੇਰ ਸਾਰ ਲਾਇਬਰੇਰੀ ਖੁਲਦਿਆਂ ਹੀ ਵਿੱਦਿਆਰਥੀ ਅਖਬਾਰ ਪੜ੍ਹਨ ਵਿਚ ਰੁੱਝੇ ਹੁੰਦੇ ਸਨ | ਹਰ ਘਰ ਵਿਚ ਕੁਝ ਪੁਸਤਕਾਂ ਨੂੰ ਚੰਗੀ ਤਰਾਂ ਸੰਭਾਲ ਕੇ ਰੱਖਿਆ ਹੁੰਦਾ ਸੀ| ਕਿਤਾਬਾ ਗਿਆਨ ਦਾ ਭੰਡਾਰ ਹਨ| ਕਿਤਾਬਾਂ ਸਾਡੀ ਸ਼ਬਦਾਵਲੀ ਦੇ ਖ਼ਜ਼ਾਨੇ ਨੂੰ ਭਰਭੂਰ ਕਰਦੀਆਂ ਹਨ| ਜੋ ਗੱਲ ਅਸੀਂ ਕਿਤਾਬ ਵਿਚ ਪੜ੍ਹ ਲੈਂਦੇ ਹਾਂ ਉਹ ਉਮਰ ਭਰ ਸਾਨੂੰ ਯਾਦ ਰਹਿੰਦੀ ਹੈ| ਵਧੀਆਂ ਤੇ ਸਿਰਜਣਾ ਭਰਪੂਰ ਸਾਹਿਤ ਨਵੇਂ ਲੇਖਕਾਂ ਦਾ ਮਾਰਗ ਦਰਸ਼ਕ ਬਣਦਾ ਹੈ| ਕਿਤਾਬਾਂ ਯਾਦਸ਼ਕਤੀ ਲਈ ਟਾਨਿਕ ਦਾ ਕੰਮ ਕਰਦੀਆਂ ਹਨ|
ਅੱਜ ਦੇ ਤਕਨੀਕ ਭਰਪੂਰ ਵਿਗਿਆਨ ਯੁੱਗ ਵਿਚ ਵੀ ਕਿਤਾਬਾਂ ਦਾ ਮਹੱਤਵ ਘਟਿਆ ਨਹੀਂ | ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਸਾਹਿਤ ਤੇ ਗਿਆਨ ਵਰਧਕ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦੇਈਏ | ਸਾਡਾ ਧਨ ਸੰਪਤੀ ਸਾਡੇ ਪਾਸੋਂ ਕੋਈ ਕੋਈ  ਖੋਹ ਸਕਦਾ ਹੈ ਪਰ ਕਿਤਾਬਾਂ ਤੋਂ ਪ੍ਰਾਪਤ ਗਿਆਨ ਜ਼ਿੰਦਗੀ ਭਰ ਸਾਡਾ ਸਾਥ ਦਿੰਦਾ ਹੈ|
 ਅਸੀਂ ਆਪਣੇ ਪਾਠਕਾਂ ਤੋਂ ਹਰ ਤਰਾਂ ਦੇ ਸਹਿਯੋਗ ਤੇ ਸਹੀ ਸੇਧ ਦੀ ਉਮੀਦ ਰੱਖਦੇ ਹਾਂ | ਮੇਰੀ ਇਸ ਕੋਸ਼ਿਸ਼ ਦੀ ਬੇਹਤਰੀ ਲਈ ਤੁਸੀ ਆਪਣੇ ਸੁਝਾਆ ਈ ਮੇਲ ਪਤੇ reports@paigamejagat.com ਤੇ ਭੇਜ ਸਕਦੇ ਹੋ | ਅਸੀਂ ਉਡੀਕ ਕਰਾਂਗੇ|
ਜੈ ਹਿੰਦ
ਦਵਿੰਦਰ ਕੁਮਾਰ