
ਬਾਬਾ ਬੰਦਾ ਸਿੰਘ ਬਹਾਦਰ ਦੇ 353ਵੇਂ ਜਨਮ ਉਤਸਵ ਤੇ 16 ਅਕਤੂਬਰ ਦੀ ਰੈਗੂਲਰ ਛੁੱਟੀ ਦਾ ਐਲਾਨ ਕਰੇ ਪੰਜਾਬ ਸਰਕਾਰ
ਬਾਬਾ ਬੰਦਾ ਸਿੰਘ ਬਹਾਦਰ ਦੇ 353ਵੇਂ ਜਨਮ ਉਤਸਵ ਤੇ 16 ਅਕਤੂਬਰ ਦੀ ਰੈਗੂਲਰ ਛੁੱਟੀ ਦਾ ਐਲਾਨ ਕਰੇ ਪੰਜਾਬ ਸਰਕਾਰ : ਕ੍ਰਿਸ਼ਨ ਕੁਮਾਰ ਬਾਵਾ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਵਿੱਚ ਬਾਬਾ ਅਜੈ ਸਿੰਘ ਦੀ ਢੁਕਵੀਂ ਯਾਦਗਾਰ ਕਾਇਮ ਕਰਨ ਦੀ ਮੰਗ
ਐਸ ਏ ਐਸ ਨਗਰ, 10 ਅਕਤੂਬਰ - ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਦੇ 353ਵੇਂ ਜਨਮ ਉਤਸਵ ਤੇ 16 ਅਕਤੂਬਰ ਦੀ ਰੈਗੂਲਰ ਛੁੱਟੀ ਦਾ ਐਲਾਨ ਕਰੇ।
ਅੱਜ ਇੱਥੇ ਫਾਉਂਡੇਸ਼ਨ ਦੀ ਮੀਟਿੰਗ ਉਪਰੰਤ ਚੰਡੀਗੜ੍ਹ ਫਾਊਂਡੇਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਹੰਸ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ ਅਤੇ ਪੰਜਾਬ ਫਾਊਂਡੇਸ਼ਨ ਦੇ ਜਨਰਲ ਸਕੱਤਰ ਨਵਦੀਪ ਸਿੰਘ ਨਵੀ ਦੇ ਨਾਲ ਜਾਰੀ ਕੀਤੇ ਇੱਕ ਸਾਂਝੇ ਬਿਆਨ ਵਿੱਚ ਉਹਨਾਂ ਮੰਗ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚਾਰ ਸਾਲਾਂ ਸਪੁੱਤਰ ਅਜੈ ਸਿੰਘ (ਜਿਨ੍ਹਾਂ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਗਿਆ ਸੀ) ਦੀ ਢੁਕੜੀਂ ਯਾਦ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਵਿੱਚ ਕਾਇਮ ਕੀਤੀ ਜਾਵੇ।
ਉਹਨਾਂ ਕਿਹਾ ਕਿ ਚੱਪੜਚਿੜੀ ਦੇ ਇਤਿਹਾਸਿਕ ਮੈਦਾਨ ਨੇੜੇ ਚੰਡੀਗੜ੍ਹ ਹਵਾਈ ਅੱਡਾ ਬਣਿਆ ਹੈ ਪਰ ਵਾਰ ਵਾਰ ਮੰਗ ਕਰਨ ਤੇ ਭਾਰਤ ਸਰਕਾਰ ਨੇ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਨਹੀਂ ਦਿੱਤਾ ਜੋ ਮਹਾਨ ਯੋਧੇ, ਜਰਨੈਲ ਦੀ ਸੋਚ, ਸ਼ਹਾਦਤ ਅਤੇ ਸਮਾਜ ਨੂੰ ਦੇਣ ਨੂੰ ਅੱਖੋਂ ਪਰੋਖੇ ਕਰਨਾ ਹੈ। ਇਸ ਸਮੇਂ ਹੰਸ ਅਤੇ ਛੀਨਾ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰੱਖਿਆ ਜਾਵੇ।
