ਜ਼ਮੀਨ ਦੀ ਰਜਿਸਟ੍ਰੀ ਹੋਣ ਤੋਂ ਬਾਅਦ ਪਟਵਾਰੀ ਨੇ ਇੱਤਕਾਲ ਚੜ੍ਹਾਉਣ ਲਈ ਮੰਗੀ ਮੋਟੀ ਰਕਮ ਡਿਪਟੀ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ, ਡਿਪਟੀ ਕਮਿਸ਼ਨਰ ਵਲੋਂ ਮਾਮਲੇ ਦੀ ਜਾਂਚ ਦੇ ਹੁਕਮ

ਐਸ.ਏ.ਐਸ.ਨਗਰ, 30 ਸਤੰਬਰ ਮੁਹਾਲੀ ਵਿਚ ਜ਼ਮੀਨ ਦੀ ਕਥਿਤ ਧੋਖਾਧੜੀ ਦੇ ਇਕ ਮਾਮਲੇ ਵਿੱਚ ਰਾਕੇਸ਼ ਕੁਮਾਰ ਵਾਸੀ ਫੇਜ਼ 11 ਨੇ ਦੋਸ਼ ਲਾਇਆ ਹੈ ਕਿ ਮੁਹਾਲੀ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਇਕ ਜ਼ਮੀਨ ਦੇ ਮਾਲਕ ਦਾ ਸਾਥ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਉਹਨਾਂ ਇਲਜਾਮ ਲਗਾਇਆ ਕਿ ਬਾਅਦ ਵਿੱਚ ਪਟਵਾਰੀ ਨੇ ਇੰਤਕਾਲ ਦਰਜ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਜ਼ਮੀਨ ਦਾ ਇੰਤਕਾਲ ਕਰਨ ਅਤੇ ਰਿਕਾਰਡ ਠੀਕ ਕਰਨ ਲਈ ਉਹਨਾਂ ਤੋਂ 20 ਲੱਖ ਰੁਪਏ ਮੰਗੇ ਗਏ ਹਨ।

ਮੁਹਾਲੀ ਵਿਚ ਜ਼ਮੀਨ ਦੀ ਕਥਿਤ ਧੋਖਾਧੜੀ ਦੇ ਇਕ ਮਾਮਲੇ ਵਿੱਚ ਰਾਕੇਸ਼ ਕੁਮਾਰ ਵਾਸੀ ਫੇਜ਼ 11 ਨੇ ਦੋਸ਼ ਲਾਇਆ ਹੈ ਕਿ ਮੁਹਾਲੀ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਇਕ ਜ਼ਮੀਨ ਦੇ ਮਾਲਕ ਦਾ ਸਾਥ ਦੇ ਕੇ ਉਸ ਨਾਲ ਧੋਖਾਧੜੀ ਕੀਤੀ ਹੈ। ਉਹਨਾਂ ਇਲਜਾਮ ਲਗਾਇਆ ਕਿ ਬਾਅਦ ਵਿੱਚ ਪਟਵਾਰੀ ਨੇ ਇੰਤਕਾਲ ਦਰਜ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਜ਼ਮੀਨ ਦਾ ਇੰਤਕਾਲ ਕਰਨ ਅਤੇ ਰਿਕਾਰਡ ਠੀਕ ਕਰਨ ਲਈ ਉਹਨਾਂ ਤੋਂ 20 ਲੱਖ ਰੁਪਏ ਮੰਗੇ ਗਏ ਹਨ। ਰਾਕੇਸ਼ ਕੁਮਾਰ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੀ ਪ੍ਰਸ਼ਾਸਨਿਕ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਸ਼ਿਕਾਇਤ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਮਾਲ ਮੰਤਰੀ ਪੰਜਾਬ ਅਤੇ ਵਧੀਕ ਮੁੱਖ ਸਕੱਤਰ ਮਾਲ ਵਿਭਾਗ ਪੰਜਾਬ ਨੂੰ ਵੀ ਭੇਜੀ ਗਈ ਹੈ।

ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਤਿੰਨ ਵਿਅਕਤੀਆਂ ਨੇ ਮੁਹਾਲੀ ਦੇ ਪਿੰਡ ਪੱਤੋਂ ਵਿਚ ਸਥਿਤ ਆਪਣੀ ਜ਼ਮੀਨ ਵੇਚਣ ਦੀ ਪੇਸ਼ਕਸ਼ ਕੀਤੀ ਸੀ ਅਤੇ ਆਪਣੀ ਜਮੀਨ ਦੀ ਉਹ ਫਰਦ ਦਿਖਾਈ ਜਿਸ ਵਿਚ ਉਨਾਂ ਦੀ ਮਾਲਕੀ ਸੀ। ਉਕਤ ਵਿਅਕਤੀਆਂ ਨੇ ਮਾਲੀਆ ਰਿਕਾਰਡ ਵਿਚ ਦਰਜ ਮਾਲਕੀ ਵਿੱਚੋਂ ਇਕ ਮਾਲਕ ਨੇ ਆਪਣੇ ਇਕ ਦੇ ਹਿੱਸੇ ਦੀ ਜਮੀਨ ਵੇਚਣ ਦੀ ਪੇਸ਼ਕਸ਼ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਹ ਅਤੇ ਜਮੀਨ ਵਿਕਰੇਤਾ ਸਬੰਧਤ ਪਟਵਾਰੀ ਕੋਲ ਗਏ ਅਤੇ ਬਾਇਓਮੈਟ੍ਰਿਕ ਤੇ ਅੰਗੂਠੇ ਦੇ ਨਿਸ਼ਾਨ ਲਗਾ ਕੇ ਕੰਪਿਊਟਰ ਤੋਂ ਮਾਲ ਰਿਕਾਰਡ ਦੀ ਜਾਂਚ ਕੀਤੀ ਜਿਸਤੇ ਸਾਹਮਣੇ ਆਇਆ ਕਿ ਵਿਕਰੇਤਾ 5 ਵਿੱਘੇ 1 ਬਿਸਵਾ 18.33 ਬਿਸਵਾਸੀਆਂ ਪਿੰਡ ਪੱਤੋਂ ਮੁਹਾਲੀ ਦਾ ਮਾਲਕ ਹੈ।

ਰਾਕੇਸ਼ ਕੁਮਾਰ ਮੁਤਾਬਕ ਉਸ ਨੇ ਇਸ ਵਿਕਰੀ ਡੀਡ ਨੂੰ ਲਾਗੂ ਕਰਨ ਅਤੇ ਰਜਿਸਟਰੇਸ਼ਨ ਲਈ ਸਰਕਾਰ ਨੂੰ ਭਾਰੀ ਸਟੈਂਪ ਡਿਊਟੀ ਭਾਵ 9,56,250 ਰੁਪਏ ਅਦਾ ਕੀਤੇ ਅਤੇ 1,57,00,000 ਰੁਪਏ ਜਮੀਨ ਵਿਕਰੇਤਾ ਵਾਸੀ ਪਿੰਡ ਪੱਤੋਂ ਤਹਿਸੀਲ ਮੁਹਾਲੀ ਨੂੰ ਭੁਗਤਾਨ ਕੀਤਾ ਗਿਆ। ਰਜਿਸਟਰੀ ਹੋਣ ਤੋਂ ਬਾਅਦ ਉਹ 7 ਜੂਨ 2023 ਨੂੰ ਇੰਤਕਾਲ ਦਰਜ ਕਰਵਾਉਣ ਲਈ ਸਬੰਧਤ ਪਟਵਾਰੀ ਕੋਲ ਗਿਆ ਅਤੇ ਇੰਤਕਾਲ ਦਰਜ ਕਰਨ ਅਤੇ ਮਨਜ਼ੂਰੀ ਕਰਨ ਲਈ ਦਸਤਾਵੇਜ਼ ਸਬੰਧਤ ਪਟਵਾਰੀ ਨੂੰ ਸੌਂਪ ਦਿੱਤੇ।

ਉਹਨਾਂ ਕਿਹਾ ਕਿ ਇਸ ਉਪਰੰਤ ਉਸ ਨੇ ਪਟਵਾਰੀ ਨਾਲ ਕਈ ਵਾਰ ਮੁਲਾਕਾਤ ਕੀਤੀ ਪਰ ਉਸ ਨੇ ਇੰਤਕਾਲ ਦਰਜ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਇਹ ਕੰਮ ਬਿਨਾਂ ਫੀਸ ਤੋਂ ਨਹੀਂ ਹੋ ਸਕਦਾ ਅਤੇ ਇੰਤਕਾਲ ਦਰਜ ਕਰਵਾਉਣ ਅਤੇ ਮਨਜ਼ੂਰੀ ਦੇਣ ਲਈ 20 ਲੱਖ ਰੁਪਏ ਦੀ ਮੰਗ ਕੀਤੀ। ਰਾਕੇਸ਼ ਕੁਮਾਰ ਨੇ ਦੋਸ਼ ਲਾਇਆ ਕਿ ਪਟਵਾਰੀ ਦਾ ਕਹਿਣਾ ਹੈ ਕਿ ਜ਼ਮੀਨ ਉਕਤ ਵਿਕਰੇਤਾ ਦੇ ਨਾਂ ਤੇ ਨਹੀਂ ਹੈ। ਇਸ ਲਈ ਇਸ ਨੂੰ ਠੀਕ ਕਰਨ ਲਈ ਉਨ੍ਹਾਂ ਨੂੰ 20 ਲੱਖ ਰੁਪਏ ਅਦਾ ਕਰਨੇ ਪੈਣਗੇ।

ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਉਕਤ ਗੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਅਮਿਤ ਚਾਵਲਾ ਕੋਲ ਗਿਆ ਪਰ ਉਨਾਂ ਉਸ ਦੀ ਗੱਲ ਨੂੰ ਅਣਸੁਣੀ ਕਰ ਕੇ ਵਾਪਸ ਭੇਜ ਦਿਤਾ। ਇਸ ਤੋ ਬਾਅਦ ਉਸ ਨੇ ਐਸ.ਡੀ.ਐਮ, ਮੁਹਾਲੀ ਕੋਲ ਪਹੁੰਚ ਕੀਤੀ ਅਤੇ ਸਾਰੀ ਕਹਾਣੀ ਦਾ ਖੁਲਾਸਾ ਕੀਤਾ, ਜਿਨ੍ਹਾਂ ਨੇ ਭਰੋਸਾ ਦਿਤਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਪ੍ਰੰਤੂ ਜਦੋਂ ਗੱਲ ਠੰਡੇ ਬਸਤੇ ਵਿੱਚ ਪਈ ਦਿਖੀ ਤਾਂ ਉਨਾਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦਿਤੀ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਉਨਾਂ ਕੋਲ ਇਸ ਮਾਮਲੇ ਸਬੰਧੀ ਸ਼ਿਕਾਇਤ ਆਈ ਹੈ ਅਤੇ ਉਹ ਇਸ ਸ਼ਿਕਾਇਤ ਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਮਾਲ ਵਿਭਾਗ ਦੇ ਕਿਸੇ ਵੀ ਅਧਿਕਾਰੀ ਦੀ ਸ਼ਮੂਲੀਅਤ ਸਾਹਮਣੇ ਆਵੇਗੀ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।