
ਪੁਸਤਕ ਪੁਰਸਕਾਰ ਵੰਡ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਪੰਜਾਬੀ ਮਾਹ ਚੜ੍ਹਿਆ ਨੇਪਰੇ
ਪਟਿਆਲਾ, 30 ਨਵੰਬਰ - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ, ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ‘ਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਮਨਾਏ ਗਏ ਪੰਜਾਬੀ ਮਾਹ ਦੇ ਸਮਾਗਮ ਅੱਜ ਇੱਥੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਸਰਵੋਤਮ ਸਾਹਿਤਕ ਪੰਜਾਬੀ ਪੁਸਤਕ ਪੁਰਸਕਾਰ ਵੰਡ ਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਨੇਪਰੇ ਚੜ੍ਹ ਗਿਆ।
ਪਟਿਆਲਾ, 30 ਨਵੰਬਰ - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ, ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ‘ਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਮਨਾਏ ਗਏ ਪੰਜਾਬੀ ਮਾਹ ਦੇ ਸਮਾਗਮ ਅੱਜ ਇੱਥੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਸਰਵੋਤਮ ਸਾਹਿਤਕ ਪੰਜਾਬੀ ਪੁਸਤਕ ਪੁਰਸਕਾਰ ਵੰਡ ਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਨੇਪਰੇ ਚੜ੍ਹ ਗਿਆ। ਇਸ ਸਮਾਗਮ ‘ਚ ਜਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਸੋਹੀਆਂ ਵਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਪਦਮਸ਼੍ਰੀ ਡਾ. ਰਤਨ ਸਿੰਘ ਜੱਗੀ ਨੇ ਕੀਤੀ। ਸ਼ੋਮਣੀ ਪੰਜਾਬੀ ਕਵੀ ਦਰਸ਼ਨ ਬੁੱਟਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਭਾਸ਼ਾ ਵਿਭਾਗ ਦੀ ਵਧੀਕ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਦੌਰਾਨ ਕਰਵਾਏ ਗਏ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ।
ਵਿਸ਼ੇਸ਼ ਮਹਿਮਾਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦੇਣ ਲਈ ਵੱਡੇ ਉੱਦਮ ਕੀਤੇ ਗਏ ਹਨ ਜਿਨ੍ਹਾਂ ਦੇ ਬੜੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਮਾਂ ਬੋਲੀ ਉਹ ਬੋਲੀ ਹੈ ਜੋ ਗੁਰੂਆਂ ਦੇ ਮੁੱਖ ‘ਚੋਂ ਉਚਾਰੀ ਗਈ ਹੈ। ਇਸ ਬੋਲੀ ‘ਚ ਦੁਨੀਆ ਦਾ ਸਰਵਪ੍ਰਵਾਨਤ ਤੇ ਮਾਨਵਤਾ ਦਾ ਸੰਦੇਸ਼ ਦੇਣ ਵਾਲੀ ਬਾਣੀ ਰਚੀ ਗਈ ਹੈ। ਇਸ ਕਰਕੇ ਸਾਨੂੰ ਮਾਣਮੱਤੀ ਪੰਜਾਬੀ ਮਾਂ ਬੋਲੀ ਮਾਣ ਨਾਲ ਬੋਲਣੀ ਚਾਹੀਦੀ ਹੈ। ਸ. ਜੱਸੀ ਨੇ ਪੁਰਸਕਾਰ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਹੋਰ ਵਧੇਰੇ ਯਤਨ ਕਰਨ ਦੀ ਅਪੀਲ ਕੀਤੀ। ਆਪਣੇ ਪ੍ਰਧਾਨਗੀ ਭਾਸ਼ਨ ‘ਚ ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਭਾਸ਼ਾ ਵਿਭਾਗ ਲੰਬੇ ਅਰਸੇ ਤੋਂ ਪੰਜਾਬੀ ਮਾਂ ਬੋਲੀ ਦੀ ਝੰਡਾਬਰਦਾਰ ਸੰਸਥਾ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਗਿਆਨ ਦਾ ਖਜ਼ਾਨਾ ਹੈ ਅਤੇ ਇਸ ਦਾ ਨਵੀਂ ਪੀੜ੍ਹੀ ਨੂੰ ਹਰ ਪੱਖੋਂ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਪੁਰਸਕਾਰ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਪੁਰਸਕਾਰ ਹਮੇਸ਼ਾ ਲੇਖਕ ਦੀ ਜਿੰਮੇਵਾਰੀ ਵਧਾਉਂਦਾ ਹੈ, ਇਸ ਕਰਕੇ ਹੋਰ ਵਧੇਰੇ ਪ੍ਰਤੀਬੱਧਤਾ ਨਾਲ ਕੰਮ ਕਰਨ ਲਈ ਸਭ ਨੂੰ ਸ਼ੁਭਕਾਮਨਾਵਾਂ ਹਨ।
ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਦਾ ਆਇਆ ਹੈ ਅਤੇ ਭਵਿੱਖ ਵਿੱਚ ਅਜਿਹੇ ਯਤਨਾਂ ਦੀ ਜਾਰੀ ਰਹਿਣੇ ਚਾਹੀਦੇ ਹਨ। ਅਖੀਰ ‘ਚ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦੀ ਆਰੰਭਤਾ ਕਮਲਜੀਤ ਨੀਲੋਂ ਨੇ ਆਪਣੇ ਚਰਚਿਤ ਗੀਤ ‘ਮਾਣੋ ਬਿੱਲੀ’ ਨਾਲ ਕੀਤੀ। ਇਸ ਉਪਰੰਤ ਰਾਮ ਸਿੰਘ ਅਲਬੇਲਾ ਨੇ ਸਾਹਿਤਕ ਗੀਤਾਂ ਨਾਲ ਰੰਗ ਬੰਨਿਆ। ਕਵਿੱਤਰੀ ਨਿਰਮਲਾ ਗਰਗ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਵਿਤਾ ਪੇਸ਼ ਕਰਕੇ ਵਾਹ-ਵਾਹ ਖੱਟੀ। ਫਿਰ ਪੰਜਾਬ ਪੁਲਿਸ ਦੀ ਸੱਭਿਆਚਾਰਕ ਟੀਮ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਸਫਲ ਬਣਾ ਦਿੱਤਾ। ਮਸਤ ਅਲੀ ਨੇ ਛੱਲਾ, ਰਵਿੰਦਰ ਕੌਰ ਨੇ ਕੰਗਣਾ ਤੇ ਮਿਰਜ਼ਾ, ਸੁਖਦਾਸ ਨੇ ਪੰਜਾਬਣ ਬਾਰੇ ਗੀਤ, ਕਰਮ ਰਾਜ ਕਰਮਾ ਨੇ ਜੁਗਨੀ, ਕਵੀਸ਼ਰੀ ਤੇ ਢਾਡੀ ਜਥੇ ਨੇ ਮਿਆਰੀ ਗਾਇਕੀ ਨਾਲ ਰੰਗ ਬੰਨਿਆ। ਇਸ ਤੋਂ ਇਲਾਵਾ ਪੰਜਾਬ ਦਾ ਲੋਕ ਨਾਚ ਝੂਮਰ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਕੈਨੇਡਾ ਤੋਂ ਪੁੱਜੇ ਅਜਾਇਬ ਸਿੰਘ ਚੱਠਾ, ਰਾਮ ਸਿੰਘ ਅਲਬੇਲਾ, ਕਮਲਜੀਤ ਨੀਲੋਂ, ਨਰਪਾਲ ਸਿੰਘ ਸ਼ੇਰਗਿੱਲ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਫਲਤਾ ਲਈ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਤੇ ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ, ਅਮਰਿੰਦਰ ਸਿੰਘ ਤੇ ਜਸਪ੍ਰੀਤ ਕੌਰ ਨੇ ਭਰਵਾਂ ਯੋਗਦਾਨ ਪਾਇਆ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।
