ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਦਫ਼ਤਰ ਦਾ ਤਿੰਨ ਦਿਨਾਂ ਲਈ ਘਿਰਾਓ ਸ਼ੁਰੂ

ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਦਫ਼ਤਰ ਦਾ ਤਿੰਨ ਦਿਨਾਂ ਲਈ ਘਿਰਾਓ ਸ਼ੁਰੂ , ਹੜ੍ਹਾਂ ਨਾਲ ਹੋਏ ਨੁਕਸਾਨ ਦਾ ਢੁਕਵਾਂ ਮੁਆਵਜਾ ਦਿੱਤਾ ਜਾਵੇ: ਸ਼ਾਦੀਪੁਰ

ਸਮਾਣਾ 11 ਸਤੰਬਰ  (ਹਰਜਿੰਦਰ ਸਿੰਘ) ਹੜਾਂ ਦੀ ਮਾਰ ਹੇਠ ਆਏ ਲੋਕਾਂ ਨੂੰ ਢੁਕਵਾਂ ਮੁਆਵਜਾ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਸਥਾਨਕ ਰੈਸਟ ਹਾਊਸ ਵਿਚਲੇ ਦਫ਼ਤਰ ਸਾਹਮਣੇ ਸਮਾਣਾ-ਪਾਤੜਾਂ ਇਲਾਕੇ ਵਿੱਚ ਸਰਗਰਮ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਦਿਨਾਂ ਦਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ।
      ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਹਰਭਜਨ ਸਿੰਘ ਬੁੱਟਰ, ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਸਿੰਘ ਪਟਿਆਲਾ, ਕੁੱਲ ਹਿੰਦ ਕਿਸਾਨ ਯੂਨੀਅਨ ਸਭਾ ਕੁਲਵੰਤ ਸਿੰਘ ਮੋਲਵੀਵਾਲਾ, , ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦਲਜੀਤ ਸਿੰਘ ਚੱਕ ਨੇ ਜਿੱਥੇ ਕੇੰਦਰ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਨਾਲ ਹੋਏ ਵਿਆਪਕ ਨੁਕਸਾਨ ਨੂੰ ਕੌਮੀ ਆਫਤ ਐਲਾਨ ਕੇ ਪੰਜਾਬ ਨੂੰ ਦਸ ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ ਉੱਥੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਵੀ ਢੁਕਵਾਂ ਮੁਆਵਜਾ ਦੇਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਲੋਕਾਂ ਦੇ ਹੋਏ ਜਾਨ-ਮਾਨ ਦੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦੇਣ ਦੇ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਨੂੰ ਹੋਏ ਅਸਲ ਨੁਕਸਾਨ ਅਨੁਸਾਰ ਮੁਆਵਜ਼ਾ ਮਿਲਣਾ ਚਾਹੀਦਾ ਹੈ। 
   ਆਖਿਆ ਜਿਨ੍ਹਾਂ ਕਿਸਾਨਾਂ ਦੀ ਪੂਰੀ ਫਸਲ ਬਰਬਾਦ ਹੋ ਗਈ ਤੇ ਅਗਲੀ ਫਸਲ ਦੀ ਬਿਜਾਈ ਤੇ ਵੀ ਸੰਕਟ ਮੰਡਰਾ ਰਿਹਾ ਹੈ ਉਹਨਾਂ ਨੂੰ ਇੱਕ ਲੱਖ ਰੁਪਏ ਪ੍ਰਤੀ ਏਕੜ, ਇੱਕ ਫਸਲ ਦੀ ਪੈਦਾਵਾਰ ਨਾ ਹੋਣ ਦਾ 70,000 ਰੁਪਏ ਪ੍ਰਤੀ ਏਕੜ ,ਪਾਣੀ ਉਤਰਨ ਮਗਰੋਂ ਮੁੜ ਫਸਲ ਬੀਜਣ ਵਾਲੇ ਕਿਸਾਨਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ, ਪਰਿਵਾਰ ਦੇ ਮਰੇ ਜੀਅ ਦਾ 10 ਲੱਖ ਰੁਪਏ, ਮਰੇ ਪਸ਼ੂ ਇੱਕ ਲੱਖ ਰੁਪਏ ਪ੍ਰਤੀ ਪਸ਼ੂ, ਨੁਕਸਾਨੇ ਗਏ ਘਰਾਂ ਦਾ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਜਿੰਨ੍ਹਾਂ ਕਿਸਾਨਾਂ ਦੇ ਬੋਰ ਖੜ ਗਏ ਹਨ ਜਾਂ ਜਿੰਨ੍ਹਾਂ ਦੇ ਖੇਤਾਂ ਵਿੱਚ ਗਾਰ ਜਾਂ ਰੇਤਾ ਭਰ ਗਿਆ ਉਹਨਾਂ ਨੂੰ ਮਿੱਟੀ ਚੁਕਵਾਉਣ ’ਚ ਛੋਟਾਂ ਦੇਣ ਦੇ ਨਾਲ -ਨਾਲ ਹੋਏ ਨੁਕਸਾਨ ਦੇ ਅਨੁਪਾਤ ਅਨੁਸਾਰ ਵਿਸ਼ੇਸ਼ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਹਰਬੰਸ ਸਿੰਘ ਦਦਹੇੜਾ, ਗੁਰਜਿੰਦਰ ਸਿੰਘ ਕਾਲਾ ਗੱਜੂਮਾਜਰਾ, ਗੁਰਬਿੰਦਰ ਸਿੰਘ ਸੰਧੂ,ਸ਼ਿੰਦਰ ਸਿੰਘ ਚੀਮਾ, ਨਿਰਮਲ ਸਿੰਘ, ਸਰਜੀਤ ਸਿੰਘ ਗਾਂਧੀ, ਬੇਅੰਤ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।