
ਨਿਧੱੜਕ ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ (ਵੰਸ਼ ਪਰਮਾਰ) ਜਿਨ੍ਹਾਂ ਨੇ ਅਦਾਲਤ ਦੇ ਸੰਮਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ
ਹੁਸ਼ਿਆਰਪੁਰ- ਸਿਦਕੀ ਤੇ ਸਿਰੜੀ ਸਿੱਖ ਆਗੂ ਵਜੋਂ ਜਾਣੇ ਜਾਂਦੇ ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਦਾ ਜਨਮ 27 ਦਸੰਬਰ 1927 ਨੂੰ ਪਿਤਾ ਹਾਕਮ ਸਿੰਘ ਪਰਮਾਰ ਦੇ ਘਰ ਮਾਤਾ ਨਿਰੰਜਨ ਕੌਰ ਦੀ ਕੁੱਖੋਂ ਹੋਇਆ ਪਿੰਡ ਅਜਨੋਹਾ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਆਪ ਜੀ ਦਾ ਪਰਿਵਾਰ ਸ਼ੁਰੂ ਤੋਂ ਹੀ ਧਾਰਮਿਕ ਵਿਰਤੀ ਵਾਲਾ ਹੋਣ ਕਰਕੇ ਪਿੰਡ ਵਿੱਚ ਭਗਤਾਂ ਦੇ ਪਰਿਵਾਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਆਪ ਬਚਪਨ ਤੋਂ ਹੀ ਨਿੱਤਨੇਮੀ ਤੇ ਗੁਰਬਾਣੀ ਦੇ ਦੱਸੇ ਹੋਏ ਰਾਹ ਉਤੇ ਚੱਲਣ ਵਾਲੇ ਗੁਰਮਤਿ ਰਹਿਣੀ-ਬਹਿਣੀ ਵਿੱਚ ਪਰਪੱਕ, ਸੱਚਾਈ ਅਤੇ ਸਾਦਗੀ ਦੇ ਚਿੰਨ੍ਹ ਸਨ। ਆਪ ਜੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਅਤੇ ਮੈਟਰਿਕ ਲਾਗਲੇ ਪਿੰਡ ਬੱਡੋਂ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ।
ਹੁਸ਼ਿਆਰਪੁਰ- ਸਿਦਕੀ ਤੇ ਸਿਰੜੀ ਸਿੱਖ ਆਗੂ ਵਜੋਂ ਜਾਣੇ ਜਾਂਦੇ ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਦਾ ਜਨਮ 27 ਦਸੰਬਰ 1927 ਨੂੰ ਪਿਤਾ ਹਾਕਮ ਸਿੰਘ ਪਰਮਾਰ ਦੇ ਘਰ ਮਾਤਾ ਨਿਰੰਜਨ ਕੌਰ ਦੀ ਕੁੱਖੋਂ ਹੋਇਆ ਪਿੰਡ ਅਜਨੋਹਾ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਆਪ ਜੀ ਦਾ ਪਰਿਵਾਰ ਸ਼ੁਰੂ ਤੋਂ ਹੀ ਧਾਰਮਿਕ ਵਿਰਤੀ ਵਾਲਾ ਹੋਣ ਕਰਕੇ ਪਿੰਡ ਵਿੱਚ ਭਗਤਾਂ ਦੇ ਪਰਿਵਾਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਆਪ ਬਚਪਨ ਤੋਂ ਹੀ ਨਿੱਤਨੇਮੀ ਤੇ ਗੁਰਬਾਣੀ ਦੇ ਦੱਸੇ ਹੋਏ ਰਾਹ ਉਤੇ ਚੱਲਣ ਵਾਲੇ ਗੁਰਮਤਿ ਰਹਿਣੀ-ਬਹਿਣੀ ਵਿੱਚ ਪਰਪੱਕ, ਸੱਚਾਈ ਅਤੇ ਸਾਦਗੀ ਦੇ ਚਿੰਨ੍ਹ ਸਨ। ਆਪ ਜੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਅਤੇ ਮੈਟਰਿਕ ਲਾਗਲੇ ਪਿੰਡ ਬੱਡੋਂ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ।
ਇੱਕ ਵਾਰ ਮਾਸਟਰ ਤਾਰਾ ਸਿੰਘ ਜੀ ਪਿੰਡ ਬੱਡੋਂ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਲਈ ਆਏ। ਜੱਥੇਦਾਰ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਦੇ ਮਨ ਅੰਦਰ ਵੀ ਮਾਸਟਰ ਤਾਰਾ ਸਿੰਘ ਜੀ ਨੂੰ ਮਿਲਣ ਦੀ ਲਾਲਸਾ ਪੈਦਾ ਹੋਈ ਅਤੇ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਮਿਲਣ ਪਿੰਡ ਬੱਡੋਂ ਆ ਗਏ। ਜੱਥੇਦਾਰ ਜੀ, ਮਾਸਟਰ ਤਾਰਾ ਸਿੰਘ ਜੀ ਦੀ ਸ਼ਖਸ਼ੀਅਤ ਤੋਂ ਇੰਨ੍ਹੇ ਪ੍ਰਭਾਵਤ ਹੋਏ ਕਿ ਉਨ੍ਹਾਂ ਨੇ ਵੀ ਪੰਥ ਦੀ ਸੇਵਾ ਕਰਨ ਲਈ ਪੂਰਨ ਤੋਰ ਤੇ ਸਮਰਪਿਤ ਹੋਣ ਦਾ ਮਨ ਬਣਾ ਲਿਆ।
ਦੇਸ਼ ਦੀ ਅਖੌਤੀ ਅਜ਼ਾਦੀ ਨੂੰ ਹਾਲੇ ਕੁਝ ਮਹੀਨੇ ਹੀ ਹੋਏ ਸਨ ਅਤੇ ਸਿੱਖ ਹਾਲੇ ਸ਼ਰਨਾਰਥੀ ਕੈਂਪਾਂ ਵਿੱਚ ਹੀ ਰੁਲ ਰਹੇ ਸਨ ਕਿ ਪੂਰਬੀ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 10 ਅਕਤੂਬਰ 1947 ਨੂੰ ਸਾਰੇ ਡਿਪਟੀ ਕਮਿਸ਼ਨਰਾ ਨੂੰ ਇਕ ਸਰਕੁਲਰ ਭੇਜਿਆਂ, ਜੋ ਇਸ ਤਰਾਂ ਸੀ: Sikhs as a community are a lawless people and are a menace to the law abiding Hindus in the Province. Deputy Commissioners should take special measures against them. ਸਿੱਖ ਜਰਾਇਮ ਪੇਸ਼ਾ ਲੋਕ ਹਨ ਜੋ ਪ੍ਰਾਂਤ ਦੇ ਸਾਂਤੀ-ਪਸੰਦ ਹਿੰਦੂਆਂ ਲਈ ਖ਼ਤਰਾ ਹਨ।
ਉਨ੍ਹਾਂ ਵਿਰੁੱਧ ਉਚਿਤ ਕਦਮ ਚੁਕੇ ਜਾਣ। ਮਾਸਟਰ ਤਾਰਾ ਸਿੰਘ ਨੇ ਜਦੋਂ ਪੰਡਤ ਨਹਿਰੂ ਨੂੰ 1947 ਤੋਂ ਪਹਿਲੋਂ ਕਾਂਗਰਸ ਵਲੋਂ ਕੀਤੇ ਗਏ ਵਾਅਦਿਆਂ ਬਾਰੇ ਯਾਦ ਕਰਵਾ ਕੇ ਇਨ੍ਹਾਂ ਦੀ ਪੂਰਤੀ ਕਰਨ ਲਈ ਕਿਹਾ ਤਾ ਨਹਿਰੂ ਦਾ ਜਵਾਬ ਸੀ, ਹੁਣ ਸਮਾਂ ਬਦਲ ਚੁਕਾ ਹੈ। ਇਹ ਸਿੱਖਾਂ ਨਾਲ ਇਕ ਬਹੁਤ ਵੱਡਾ ਵਿਸ਼ਵਾਸ਼ਘਾਤ ਸੀ।
ਹਿੰਦੁਸਤਾਨ ਸਰਕਾਰ ਦੇ ਇਸ ਘਟੀਆ ਵਰਤਾਰੇ ਕਾਰਨ ਅਕਾਲੀ ਆਪਣੇ ਆਪ ਨੂੰ ਲਾਮਬੰਦ ਕਰਨ ਲੱਗੇ ਅਤੇ ਆਜ਼ਾਦ ਪੰਜਾਬ ਦਾ ਸੁਫਨਾ ਦੇਖਣ ਲੱਗੇ। ਸਾਲ 1948-1949 ਈ. ਵਿਚ ਕਈ ਵੱਡੀਆਂ ਤਬਦੀਲੀਆਂ ਹੋਈਆਂ। ਪੂਰਬੀ ਪੰਜਾਬ ਦੀਆਂ ਅੱਠੇ ਰਿਆਸਤਾਂ ਇਕੱਠੀਆਂ ਹੋ ਕੇ ਇਕ ਨਵੀਂ ਰਿਆਸਤੀ ਯੂਨੀਅਨ (ਪੈਪਸੂ) ਬਣੀ। 20 ਜਨਵਰੀ 1949 ਨੂੰ ਕਾਇਮ ਹੋਈ ਇਸ ਸਰਕਾਰ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਰਾਜ ਪ੍ਰਮੁੱਖ ਅਤੇ ਗਿਆਨ ਸਿੰਘ ਰਾੜੇਵਾਲਾ ਨੂੰ ਯੂਨੀਅਨ ਦੇ ਵਜ਼ੀਰੇ-ਆਜ਼ਮ ਬਣਾਇਆ ਗਿਆ ਅਤੇ 8 ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ।
ਗਿਆਨ ਸਿੰਘ ਰਾੜੇਵਾਲਾ ਦੀ ਕਮਾਂਡ ਹੇਠ ਚਲਾਈ ਜਾ ਰਹੀ ਇਸ ਸਰਕਾਰ ਵਿਰੁੱਧ ਰਵਾਇਤੀ ਅਕਾਲੀਆਂ 'ਚ ਅੰਦਰ ਬੇਚੈਨੀ ਪਾਈ ਜਾ ਰਹੀ ਸੀ। ਉਹ ਇਸ ਸਰਕਾਰ ਨੂੰ ਮਾਮਾ-ਭਾਣਜਾ ਸਰਕਾਰ ਸਮਝਦੇ ਸਨ ਅਤੇ ਆਜ਼ਾਦ ਪੰਜਾਬ ਦੀ ਮੰਗ ਕਰ ਰਹੇ ਸਨ। ਮਾਸਟਰ ਤਾਰਾ ਸਿੰਘ ਸਿੰਘ ਜੀ ਨੇ "ਪੰਥ ਆਜਾਦ ਅਤੇ ਦੇਸ਼ ਆਜਾਦ" ਦਾ ਨਾਅਰਾ ਬੁਲੰਦ ਕੀਤਾ ਅਤੇ ਗ੍ਰਿਫਤਾਰੀਆਂ ਦੇਣ ਦਾ ਫੈਸਲਾ ਕੀਤਾ ਗਿਆ। ਪਿੰਡੋ-ਪਿੰਡ ਢੰਡੋਰੇ ਫਿਰਾਏ ਗਏ। ਹਰ ਜ਼ਿਲ੍ਹੇ ਵਿੱਚੋਂ ਗ੍ਰਿਫਤਾਰੀਆਂ ਦੇਣ ਲਈ ਜੱਥੇ ਰਵਾਨਾ ਹੋਣ ਲੱਗੇ।
ਸੰਤ ਬਖਤਾਵਰ ਸਿੰਘ ਜੀ ਬਲਾਚੌਰ ਉਸ ਵਕਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਜੱਥੇਦਾਰ ਸਨ। ਪਿੰਡ ਅਜਨੋਹਾ ਤੋਂ ਵੀ ਅੱਠ ਅਕਾਲੀਆਂ ਦਾ ਜਥਾ ਗ੍ਰਿਫਤਾਰੀਆਂ ਦੇਣ ਲਈ ਚੱਲ ਪਿਆ। ਜਦੋਂ ਉਹ ਫਗਵਾੜਾ ਸ਼ਹਿਰ ਵਿੱਚ ਗੁਰਦੁਆਰਾ ਰਾਮਗੜ੍ਹੀਆ ਵਿੱਚ ਠਹਿਰੇ ਹੋਏ ਸਨ ਤਾਂ ਸੰਤ ਬਖਤਾਵਰ ਸਿੰਘ ਜੀ ਬਲਾਚੌਰ ਨੇ ਉਨ੍ਹਾਂ ਅਕਾਲੀਆਂ ਨੂੰ ਕਿਹਾ ਕਿ ਤੁਸੀਂ ਵੀ ਆਪਣੇ ਪਿੰਡ ਦਾ ਜੱਥੇਦਾਰ ਚੁਣੋ ਤਾਂ ਅਜਨੋਹੇ ਦੇ ਅਕਾਲੀਆਂ ਨੇ ਸਰਬਸੰਮਤੀ ਨਾਲ ਗਿਆਨੀ ਗੁਰਦਿਆਲ ਸਿੰਘ ਜੀ ਨੂੰ ਆਪਣਾ ਜੱਥੇਦਾਰ ਚੁਣ ਲਿਆ। ਇਹ ਜੱਥਾ ਜਦੋਂ ਅੱਗੇ ਵੱਧ ਰਿਹਾ ਸੀ ਤਾਂ ਸੁਲਤਾਨਪੁਰ ਲੋਧੀ ਵਿਖੇ ਗ੍ਰਿਫਤਾਰ ਕਰਕੇ ਕਪੂਰਥਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਜੱਥੇਦਾਰ ਸਾਹਿਬ ਪਿੰਡ ਅਜਨੋਹਾ ਦੇ ਸਰਪੰਚ, ਮੈਂਬਰ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹੇ।
ਉਨ੍ਹਾਂ ਅਕਾਲੀ ਦਲ ਦੇ ਹੁਸ਼ਿਆਰਪੁਰ ਯੂਨਿਟ ਲਈ ਜ਼ਿਲ੍ਹਾ ਜੱਥੇਦਾਰ ਦੀ ਸੇਵਾ ਵੀ ਨਿਭਾਈ। ਜਦੋਂ ਅਜਾਦੀ ਤੋਂ ਬਾਅਦ ਪੰਜਾਬ ਨੂੰ ਉਸ ਦੇ ਹੱਕੀ ਹਕੂਕ ਪ੍ਰਾਪਤ ਨਾ ਹੋਏ ਤਾਂ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਹੇਠ ਪੰਜਾਬੀ ਸੂਬਾ ਅੰਦੋਲਨ ਸ਼ੁਰੂ ਹੋਇਆ ਜਿਸ ਵਿੱਚ ਜੱਥੇਦਾਰ ਜੀ ਨੂੰ ਵਿਅਕਤੀਗਤ ਅਤੇ ਪ੍ਰੀਵਾਰਿਕ ਪੱਧਰ ਉੱਤੇ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਇਸ ਅੰਦੋਲਨ ਉਤੇ ਪਾਬੰਦੀ ਦਾ ਐਲਾਨ ਕਰ ਦਿੱਤਾ। ਥਾਂ-ਥਾਂ ਅਕਾਲੀਆਂ ਦੀ ਫੜੋ-ਫੜਾਈ ਹੋਈ ਅਤੇ ਪੁਲਿਸ ਦਾ ਕਹਿਰ ਵਰਤਿਆ। ਪੰਜਾਬੀ ਸੂਬੇ ਦੇ ਇਸ ਮੋਰਚੇ ਵਿਚ 57,129 ਸਿੰਘਾਂ, ਸਿੰਘਣੀਆਂ, ਭੁਝੰਗੀਆਂ ਨੇ ਗ੍ਰਿਫ਼ਤਾਰੀ ਦਿੱਤੀ, 43 ਸਿੰਘ ਸ਼ਹੀਦੀ ਪਾ ਗਏ। ਸਿੰਘਾਂ ਨੇ ਲੱਖਾਂ ਰੁਪਏ ਜੁਰਮਾਨਾ ਭਰਿਆ।
ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਨੇ ਵੱਖ-ਵੱਖ ਰਾਜਨੀਤਕ ਅਤੇ ਧਾਰਮਿਕ ਅੰਦੋਲਨਾਂ ਤਹਿਤ 14 ਵਾਰ ਜੇਲ੍ਹ ਯਾਤਰਾ ਕੀਤੀ ਅਤੇ ਆਪਣੇ ਘਰ ਪ੍ਰੀਵਾਰ ਤੋਂ ਦੂਰ ਰਹਿਣ ਪਿਆ। ਜੱਥੇਦਾਰ ਜੀ ਪੰਥਕ ਅਤੇ ਧਾਰਮਿਕ ਸੇਵਾਵਾਂ ਵਿੱਚ ਇੰਨੇ ਮਸ਼ਰੂਫ ਹੋ ਗਏ ਕਿ ਮੁੜ ਪਿੱਛੇ ਨਹੀਂ ਵੇਖਿਆ। ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੀ ਪਤਨੀ ਸਰਦਾਰਨੀ ਚਰਨਜੀਤ ਕੌਰ ਜੀ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਮਾਂ ਅਤੇ ਬਾਪ ਦੋਨ੍ਹਾਂ ਦੀਆਂ ਜੁੰਮੇਵਾਰੀਆਂ ਨਿਭਾਉਂਦੇ ਹੋਏ ਪ੍ਰੀਵਾਰ ਦੀ ਦੇਖ ਰੇਖ ਕੀਤੀ।
ਸੰਨ 1972 ਈਸਵੀ ਵਿੱਚ ਸੰਤ ਫਤਹਿ ਸਿੰਘ ਜੀ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਤਖਤ ਸ਼੍ਰੀ ਕੇਸ ਗੜ੍ਹ ਸਾਹਿਬ ਦਾ ਜੱਥੇਦਾਰ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੇ ਲਗਾਤਾਰ ਅੱਠ ਸਾਲ ਇਸ ਜੁਮੇਂਵਾਰੀ ਨੂੰ ਬਹੁਤ ਹੀ ਇਮਾਨਦਾਰੀ ਨਾਲ ਨਿਭਾਇਆ। ਪ੍ਰੋ: ਜੋਗਿੰਦਰ ਸਿੰਘ, ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਥਨ ਅਨੁਸਾਰ ਕਿਉਂਕਿ ਅਕਾਲੀ ਫੂਲਾ ਸਿੰਘ ਅਤੇ ਗਿਆਨੀ ਗੁਰਦਿਆਲ ਸਿੰਘ ਦੋਵੇਂ ਹੀ ਪਿੰਡ ਅਜਨੋਹਾ ਵਿੱਚ ਜਨਮੇ ਹਨ, ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਪਿੰਡ ਅਜਨੋਹਾ ਨੂੰ ਖਾਲਸਾਈ ਜਲੌਅ, ਪੰਥਕ ਚੜ੍ਹਦੀ ਕਲਾ ਅਤੇ ਨਿੱਡਰ ਜੱਥੇਦਾਰੀ ਦੀ ਸਥਾਪਤੀ ਜੱਦੀ-ਪੁਸ਼ਤੀ ਪ੍ਰਾਪਤ ਹੋਈ ਹੈ।
ਇੱਕ ਸੌ ਪੰਜਾਹ ਸਾਲ ਪਹਿਲਾਂ ਅਕਾਲੀ ਫੂਲਾ ਸਿੰਘ ਪਿੰਡ ਅਜਨੋਹਾ ਵਿੱਚ ਜਨਮ ਲੈ ਕੇ ਇੱਕ ਨਿੱਡਰ ਅਤੇ ਨਿਧੱੜਕ ਜੱਥੇਦਾਰ, ਜੋ ਸਿੱਖ ਸਾਮਰਾਜ ਦੀ ਸਥਾਪਨਾ ਅਤੇ ਪੰਥਕ ਪ੍ਰੰਪਰਾਵਾਂ ਦੀ ਸੁਰੱਖਿਆ ਲਈ ਸਮਰਪਿਤ ਸੀ, ਦੇ ਚਰਿੱਤਰ ਦੀ ਤਰਜਮਾਨੀ ਕਰਦਾ ਹੈ। ਜਿਵੇਂ ਅਕਸਰ ਸੁਣਨ 'ਚ ਆਉਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਠੀਕ ਉਸੇ ਤਰ੍ਹਾਂ ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਜੀ ਨੇ ਵੀ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਇੱਕ ਸ਼ੁੱਧ ਅਕਾਲੀ, ਨਿੱਡਰ ਅਤੇ ਨਿਰਭੈਤਾ ਦੀ ਮਿਸਾਲ ਕਾਇਮ ਕੀਤੀ ਹੈ।
ਜੱਥੇਦਾਰ ਜੀ ਦੇ ਸਾਹਸ ਅਤੇ ਰਾਜਨੀਤਕ ਦਬਾਅ ਹੇਠ ਨਾ ਆ ਕੇ ਸਿੱਖ ਸਿਧਾਂਤਾਂ ਅਤੇ ਮਰਿਆਦਾ ਦੇ ਉਲਟ ਫੈਸਲਾ ਨਾ ਲੈਣ ਦੀ ਇਕ ਮਿਸਾਲ ਉਦੋਂ ਦੀ ਮਿਲਦੀ ਹੈ ਜਦੋਂ ਉਹ ਤਖਤ ਸ਼੍ਰੀ ਕੇਸ ਗੜ੍ਹ ਸਾਹਿਬ ਦੇ ਜੱਥੇਦਾਰ ਸਨ। ਗਿਆਨੀ ਜ਼ੈਲ ਸਿੰਘ ਜੋ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ, ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੀ ਬੇਟੀ ਦਾ ਆਨੰਦ ਕਾਰਜ ਕਰਵਾਇਆ। ਸਿੰਘ ਸਾਹਿਬ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਜਦ ਵੇਖਿਆ ਕਿ ਲੜਕਾ ਪਤਿਤ ਹੈ ਤਾਂ ਉਸੇ ਸਮੇਂ ਆਪਣਾ ਸਖਤ ਵਿਰੋਧ ਦੱਸ ਕੇ ਸਮਾਗਮ ਦਾ ਬਾਈਕਾਟ ਕਰ ਗਏ ਸਨ।
2 ਮਾਰਚ 1980 ਨੂੰ ਜੱਥੇਦਾਰ ਗੁਰਦਿਆਲ ਸਿੰਘ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬਣੇ। ਕਿਉਂਕਿ ਉਨ੍ਹਾਂ ਤੋਂ ਪਹਿਲਾਂ ਦੇ ਜੱਥੇਦਾਰ ਅਕਾਲ ਤਖਤ, ਜੱਥੇਦਾਰ ਸਾਧੂ ਸਿੰਘ ਭੌਰਾ ਪੰਥ ਦੇ ਕਈ ਮੁੱਦਿਆਂ ਉੱਤੇ ਬਹੁਤ ਕਮਜ਼ੋਰ ਸਿੱਧ ਹੋਏ ਸਨ, ਬਹੁਤ ਸਾਰੇ ਸਿੱਖ ਬੁਧੀਜੀਵੀ ਜੱਥੇਦਾਰ ਸਾਧੂ ਸਿੰਘ ਭੌਰਾ ਦੇ ਪੰਥ ਵਿਰੋਧੀ ਫੈਸਲਿਆਂ ਕਰਕੇ ਉਨ੍ਹਾਂ ਨਾਲ ਖੁਸ਼ ਨਹੀਂ ਸਨ ਅਤੇ ਉਨ੍ਹਾਂ ਨੂੰ ਨਵ-ਨਿਯੁਕਤ ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਤੋਂ ਬਹੁਤ ਉਮੀਦਾਂ ਸਨ। ਉਨ੍ਹਾਂ ਦਿਨਾਂ ਵਿੱਚ ਹਿੰਦੂ ਪ੍ਰੈਸ ਇਹ ਦਾਅਵਾ ਕਰ ਰਹੀ ਸੀ ਕਿ ਸਿੱਖ ਕੇਸਧਾਰੀ ਹਿੰਦੂ ਹਨ ਅਤੇ ਸਿੱਖ ਭਾਈਚਾਰਾ ਚਾਹੁੰਦਾ ਸੀ ਕਿ ਅਕਾਲ ਤਖਤ ਇਸ ਮੁੱਦੇ ਤੇ ਹੁਕਮਨਾਮਾ ਜਾਰੀ ਕਰਕੇ ਸਦਾ ਲਈ ਇਸ ਮੁੱਦੇ ਤੇ ਹਿੰਦੂ ਪ੍ਰੈਸ ਦੀ ਜ਼ੁਬਾਨ ਬੰਦ ਕੀਤੀ ਜਾਵੇ।
ਦਇਆ ਨੰਦ ਦੇ ਚੇਲੇ 'ਮਹਾਸ਼ੇ ਲਾਲੇ' ਪਹਿਲਾਂ ਵੀ ਇਹੋ ਜਿਹੀਆਂ ਕੋਝੀਆਂ ਚਾਲਾਂ ਚੱਲ ਚੁੱਕੇ ਸਨ। ਜਦੋਂ ਭਾਈ ਕਾਨ੍ਹ ਸਿੰਘ ਨਾਭਾ ਨੇ "ਹਮ ਹਿੰਦੂ ਨਹੀਂ ਕਿਤਾਬ ਲਿਖੀ ਸੀ ਉਦੋਂ ਮਹਾਸ਼ਿਆਂ ਨੇ ਭਾਈ ਸਾਹਿਬ ਉੱਤੇ ਦਰਜਨਾਂ ਮੁੱਕਦਮੇ ਠੋਕ ਦਿਤੇ ਸਨ ਜੋ ਭਾਈ ਸਾਹਿਬ ਜੀ ਨੇ ਇਕੱਲੇ ਹੀ ਪੈਸੇ ਦੀ ਕਿਲੱਤ ਹੋਣ ਦੇ ਬਾਵਜੂਦ ਲੜੇ ਤੇ ਉਨਾਂ ਸਾਰਿਆਂ ਵਿੱਚ ਜਿੱਤ ਹਾਸਿਲ ਕੀਤੀ। ਸੋ ਇਸ ਮੁੱਦੇ ਦੇ ਸਦੀਂਵੀ ਹੱਲ ਕਰਨ ਲਈ ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਨੇ ਨਿੱਡਰਤਾ ਨਾਲ ਫੈਸਲਾ ਲਿਆ ਅਤੇ 21 ਅਪ੍ਰੈਲ 1981 ਨੂੰ ਇਹ ਹੁਕਮਨਾਮਾ ਜਾਰੀ ਕੀਤਾ ਕਿ "ਸਿੱਖ ਇੱਕ ਰਾਸ਼ਟਰ ਹਨ"। ਜੇਕਰ ਉਸ ਵੇਲੇ ਅਕਾਲ ਤਖਤ ਤੇ ਕੋਈ ਕਮਜ਼ੋਰ ਜੱਥੇਦਾਰ ਬਿਰਾਜਮਾਨ ਹੁੰਦਾ ਤਾਂ ਉਸ ਤੋਂ ਇਹੋ ਜਿਹਾ ਫੈਸਲਾ ਆਉਣ ਦੀ ਕੋਈ ਉਮੀਦ ਨਹੀਂ ਸੀ ਰੱਖੀ ਜਾ ਸਕਦੀ।
ਜੱਥੇਦਾਰ ਜੀ ਦੇ ਇਸ ਫੇਸਲੇ ਤੋਂ ਬੁਖ਼ਲਾ ਕੇ ਹਿੰਦੁਸਤਾਨ ਸਰਕਾਰ ਅਤੇ ਹਿੰਦੂਆਂ ਦੇ ਪਿੱਠ ਠੋਕੇ ਜੱਥੇਦਾਰ ਸੰਤੋਖ ਸਿੰਘ ਦਿੱਲੀ ਨੇ ਇੱਕ ਬਿਆਨ ਲਾਲਾ ਜਗਤ ਨਰਾਇਣ ਦੀ ਅਖਬਾਰ 'ਚ ਦਾਗ਼ ਦਿੱਤਾ ਕਿ ਜੱਥੇਦਾਰ ਸਾਹਿਬ ਵਿਦੇਸ਼ਾਂ ਵਿੱਚ ਖਾਲਿਸਤਾਨ ਲਈ ਪੈਸਾ ਇਕੱਠਾ ਕਰਨ ਲਈ ਗਏ ਹੋਏ ਹਨ। ਜਥੇਦਾਰ ਅਜਨੋਹਾ ਨੇ ਵਿਦੇਸ਼ਾਂ ਤੋਂ ਵਾਪਸੀ ਬਾਅਦ ਮਾਇਆ ਇਕੱਠੀ ਕਰਨ ਦੇ ਲੱਗੇ ਦੋਸ਼ ਤਹਿਤ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਇਹ ਦੋਸ਼ ਗਲਤ ਸਾਬਤ ਹੋਣ ਤੇ ਬਾਅਦ ਹੀ ਉਨ੍ਹਾਂ ਮੁੜ ਜਥੇਦਾਰੀ ਸੰਭਾਲੀ। ਪਰ ਇਸ ਗੈਰ-ਜੁੰਮੇਵਾਰਾਨਾਂ ਬਿਆਨ ਦੇਣ ਕਰਕੇ ਜੱਥੇਦਾਰ ਅਜਨੋਹਾ ਨੇ ਸੰਤੋਖ ਸਿੰਘ ਦਿੱਲੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸਨਮੁੱਖ ਹਾਜ਼ਿਰ ਹੋ ਆਪਣਾ ਪੱਖ ਪੇਸ਼ ਕਰਨ ਲਈ ਕਿਹਾ।
ਸੰਤੋਖ ਸਿੰਘ ਦਿੱਲੀ ਨੇ ਇਹ ਬਹਾਨਾ ਬਣਾਉਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਿਰ ਹੋਣ ਤੋਂ ਨਾਂਹ ਕਰ ਦਿੱਤੀ ਕਿ ਅੰਮ੍ਰਿਤਸਰ ਵਿੱਚ ਉਸ ਦੀ ਜਾਨ ਨੂੰ ਖ਼ਤਰਾ ਹੈ। ਨਾਲ ਦੀ ਨਾਲ ਸੰਤੋਖ ਸਿੰਘ ਦਿੱਲੀ ਨੇ ਆਪਣੇ ਦੂਤ ਰਾਂਹੀ ਸੁਨੇਹਾ ਭੇਜ ਅਜਿਹੇ ਕਿਸੇ ਵੀ ਬਿਆਨ ਦੇਣ ਦਾ ਖੰਡਨ ਕੀਤਾ। ਜੱਥੇਦਾਰ ਅਕਾਲ ਤਖਤ ਸਾਹਿਬ ਨੇ ਉਸ ਦੁਆਰਾ ਭੇਜੇ ਗਏ ਦੂਤ ਦੇ ਸੁਨੇਹੇ ਨੂੰ ਸਵੀਕਾਰ ਨਹੀਂ ਕੀਤਾ ਅਤੇ ਅੰਤ ਵਿੱਚ ਸੰਤੋਖ ਸਿੰਘ ਦਿੱਲੀ ਨੂੰ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸਨਮੁੱਖ ਪੇਸ਼ ਹੋ ਕੇ ਤਨਖਾਹ ਲੁਆਣੀ ਹੀ ਪਈ ਸੀ। ਇਸ ਘਟਨਾ ਦੇ ਕਝ ਦਿਨਾਂ ਦੇ ਬਾਅਦ ਅਣਪਛਾਤੇ ਬੰਦਿਆਂ ਵਲੋਂ ਸੰਤੋਖ ਸਿੰਘ ਦਿੱਲੀ ਦੀ ਹੱਤਿਆ ਕਰ ਦਿੱਤੀ ਗਈ ਸੀ ਜੋ ਕਿ ਸਰਕਾਰ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਹੋਰ ਕੋਝੀ ਚਾਲ ਸੀ।
ਜਦੋਂ ਅੱਸੀਵਿਆਂ ਦੇ ਸ਼ੁਰੂ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸਤਨਾਮ ਸਿੰਘ ਬਾਜਵਾ ਨੂੰ ਕਾਹਨੂੰਵਾਨ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਜਾਗਰ ਸਿੰਘ ਸੇਖਵਾਂ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਹਾਰ ਦੀ ਨਮੋਸ਼ੀ ਨਾ ਸਹਾਰਦੇ ਹੋਏ ਉਸ ਨੇ ਪੰਜਾਬ ਹਾਈ ਕੋਰਟ ਦਾ ਦਰਵਾਜਾ ਜਾ ਖੜਕਾਇਆ ਅਤੇ ਮੰਗ ਕੀਤੀ ਕਿ ਉਸ ਦੀ ਹਾਰ ਦੀ ਅਦਾਲਤੀ ਜਾਂਚ ਕਰਵਾਈ ਜਾਵੇ ਕਿਉਂਕਿ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖਤ ਸਾਹਿਬ ਦੁਆਰਾ ਇਲਾਕੇ ਦੇ ਲੋਕਾਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਕੇਵਲ ਅਕਾਲੀ ਦਲ ਦੇ ਪ੍ਰਤੀਨਿਧੀਆਂ ਨੂੰ ਹੀ ਵੋਟ ਪਾਉਣ। ਸਤਨਾਮ ਸਿੰਘ ਬਾਜਵਾ ਦੀ ਇਸ ਪਟੀਸ਼ਨ ਸਦਕਾ ਪੰਜਾਬ ਦੀ ਹਾਈ ਕੋਰਟ ਨੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਅਦਾਲਤ 'ਦ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ।
ਜੱਥੇਦਾਰ ਅਜਨੋਹਾ ਨੇ ਬਹੁਤ ਹਿੰਮਤ ਨਾਲ ਫੈਸਲਾ ਲੈਂਦੇ ਹੋਏ ਹਾਈ ਕੋਰਟ ਦੇ ਸੰਮਨ ਲੈਣ ਵਲੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਲਿਖਿਆ ਕਿ ਜੱਥੇਦਾਰ ਅਕਾਲ ਤਖਤ ਦਾ ਅਹੁਦਾ ਸਾਰੀਆਂ ਸੰਸਾਰਕ ਅਦਾਲਤਾਂ ਤੋਂ ਉਪਰ ਹੈ। ਜੇਕਰ ਫਿਰ ਵੀ ਹਾਈ ਕੋਰਟ ਵਿੱਚ ਕਿਸੇ ਵੀ ਸਪਸ਼ਟੀਕਰਨ ਦੀ ਜ਼ਰੂਰਤ ਹੈ ਉਹ ਆਪਣੇ ਦੂਤ ਭੇਜਣ ਅਤੇ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਸਪਸ਼ਟੀਕਰਨ ਦੇ ਦਿੱਤਾ ਜਾਵੇਗਾ। ਜੱਥੇਦਾਰ ਦੇ ਇਸ ਫੈਸਲੇ ਦੇ ਮੱਦੇ ਨਜ਼ਰ ਸਤਨਾਮ ਸਿੰਘ ਬਾਜਵਾ ਨੇ ਹਾਈ ਕੋਰਟ ਨੂੰ ਲਿਖਤੀ ਰੂਪ 'ਚ ਕਿਹਾ ਕਿ ਉਹ ਜੱਥੇਦਾਰ ਅਕਾਲ ਤਖਤ ਨੂੰ ਕਦੀ ਵੀ ਹਾਈ ਕੋਰਟ 'ਚ ਤਲਬ ਨਹੀਂ ਕਰਨਾ ਚਾਹੁੰਦਾ ਸੀ ਅਤੇ ਉਹ ਆਪ ਵੀ ਅਕਾਲ ਤਖਤ ਦੀ ਸਰਬ-ਉੱਚਤਾ ਨੂੰ ਮੰਨਦਾ ਹੈ।
ਇਸ ਪ੍ਰਕਾਰ ਇੱਕ ਸੰਸਾਰਕ ਅਦਾਲਤ ਅਤੇ ਰੱਬ ਦੀ ਅਦਾਲਤ ਅਕਾਲ ਤਖਤ ਵਿਚਕਾਰ ਤਕਰਾਰ ਹੋਣੋ ਟੱਲ ਗਿਆ। ਨਿਰੰਕਾਰੀਆਂ ਦੇ ਬਾਬੇ ਹਰਦੇਵ ਸਿੰਘ ਉਰਫ ਭੋਲਾ ਵਲੋਂ ਜੱਥੇਦਾਰ ਅਕਾਲ ਤਖਤ ਨੂੰ ਲਿਖਿਆ ਪੱਤਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਉਸ ਨੇ ਸੁਝਾਅ ਦਿੱਤਾ ਸੀ ਕਿ ਜੇਕਰ ਜੱਥੇਦਾਰ ਸਾਹਿਬ ਨਿਰੰਕਾਰੀਆਂ ਦੇ ਖਿਲਾਫ ਅਕਾਲ ਤਖਤ ਤੋਂ ਜਾਰੀ ਕੀਤਾ ਹੁਕਮਨਾਮਾ ਵਾਪਿਸ ਲੈ ਲੈਂਦੇ ਹਨ ਤਾਂ ਉਹ ਆਪਣੀਆਂ ਕਿਤਾਬਾਂ ਵਿੱਚੋਂ ਸਿੱਖ ਧਰਮ ਦੇ ਖਿਲਾਫ ਅਪਮਾਨਜਨਕ ਸ਼ਬਦ ਜਾਂ ਟਿਪਣੀਆਂ ਹਟਾਉਣ ਲਈ ਤਿਆਰ ਹਨ।
ਜਦੋਂ ਸਿੱਖ ਬੁੱਧੀਜੀਵੀਆਂ ਨੇ ਇਸ ਪੱਤਰ ਨੂੰ ਅਖ਼ਬਾਰਾਂ ਵਿੱਚ ਪੜ੍ਹਿਆ ਤਾਂ ਉਹ ਚਿੰਤਾਜਨਕ ਹੋ ਗਏ ਅਤੇ ਉਨ੍ਹਾਂ ਵਿਚੋਂ ਕਈਆਂ ਨੇ ਜੱਥੇਦਾਰ ਸਾਹਿਬ ਨੇ ਲਿਖਿਆ ਕਿ ਇਸ ਪੱਤਰ ਨੂੰ ਅਪ੍ਰਵਾਨ ਕਰ ਦਿੱਤਾ ਜਾਣਾ ਚਾਹੀਦਾ ਹੈ। ਜੱਥੇਦਾਰ ਅਜਨੋਹਾ ਤਾਂ ਪਹਿਲਾਂ ਹੀ ਮੰਨ ਪੱਤਰ ਨੂੰ ਨਾ-ਮੰਨਜੂਰ ਕਰਨ ਦਾ ਮਨ ਬਣਾਈ ਬੈਠੇ ਸਨ ਅਤੇ ਉਨ੍ਹਾਂ ਨੇ ਇਸ ਪੱਤਰ ਨੂੰ 12 ਮਾਰਚ 1982 ਈ. ਨੂੰ ਇਹ ਕਹਿ ਕੇ ਅਪ੍ਰਵਾਨ ਕਰ ਦਿੱਤਾ ਕਿ ਇਹ ਪੱਤਰ ਹਜਾਰਾਂ ਹੋਰ ਪੱਤਰਾਂ ਵਾਂਗ ਹੀ ਹੈ। ਨਿਰੰਕਾਰੀ ਕੋਈ ਧਿਰ ਨਹੀਂ ਹਨ ਅਤੇ ਅਕਾਲ ਤਖਤ ਦੁਆਰਾ ਜਾਰੀ ਕੀਤਾ ਗਿਆ ਹੁਕਮਨਾਮਾ ਵਾਪਿਸ ਨਹੀਂ ਲਿਆ ਜਾ ਸਕਦਾ।
ਜੇਕਰ ਕੋਈ ਭੁੱਲ ਬਖ਼ਸ਼ਾਉਣਾ ਚਾਹੁੰਦਾ ਹੈ ਤਾਂ ਉਹ ਅਕਾਲ ਤਖਤ ਨੂੰ ਆਪਣਾ ਬੇਨਤੀ ਪੱਤਰ ਭੇਜੇ ਅਤੇ ਅਕਾਲ ਤਖਤ ਦੀ ਮਰਿਆਦਾ ਅਨੁਸਾਰ ਯੋਗ ਸਜ਼ਾ ਲੁਆ, ਅੰਮ੍ਰਿਤ ਛੱਕ ਗੁਰੂ ਵਾਲਾ ਬਣੇ ਤੱਦ ਹੀ ਉਸ ਦੀ ਭੁੱਲ ਬਖ਼ਸ਼ਾਈ ਜਾ ਸਕਦੀ ਹੈ। ਅਕਾਲੀ ਫੂਲਾ ਸਿੰਘ ਤੋਂ ਬਾਅਦ ਜੱਥੇਦਾਰ ਅਜਨੋਹਾ ਹੀ ਇੱਕ ਅਜਿਹੇ ਜੱਥੇਦਾਰ ਹੋਏ ਹਨ ਜਿਨ੍ਹਾਂ ਨੇ ਨਿੱਡਰਤਾ ਅਤੇ ਆਪਣੀ ਪੰਥਕ ਸੋਚ ਦਾ ਸਬੂਤ ਦਿੰਦਿਆਂ ਇੱਕ ਹੀ ਸਾਲ ਦੇ ਸਮੇਂ ਵਿੱਚ ਚਾਰ ਪ੍ਰਮੁੱਖ ਫ਼ੈਸਲੇ ਲਏ ਇਹੋ ਜਿਹੇ ਫ਼ੈਸਲੇ ਲੈਣੇ ਇੱਕ ਕਮਜੋਰ ਜੱਥੇਦਾਰ ਵਲੋਂ ਸੰਭਵ ਨਹੀਂ ਸਨ। ਜੋ ਚਾਰ ਅਹਿਮ ਫ਼ੈਸਲੇ ਜੱਥੇਦਾਰ ਅਜਨੋਹਾ ਨੇ ਬਤੌਰ ਜੱਥੇਦਾਰ ਅਕਾਲ ਤਖਤ ਲਏ, ਉਹ ਇਸ ਪ੍ਰਕਾਰ ਹਨ:
(1) ਸਿੱਖ ਇੱਕ ਰਾਸ਼ਟਰ ਹਨ
(2) ਅਕਾਲ ਤਖਤ ਸਰਬ-ਉਚ ਹੈ ਅਤੇ ਸੰਸਾਰਕ ਅਦਾਲਤਾਂ ਤੋਂ ਉਪਰ ਹੈ
(3) ਨਿਰੰਕਾਰੀਆਂ ਨੂੰ ਪੰਥ ਚੋਂ ਖਾਰਿਜ ਕੀਤਾ ਗਿਆ ਹੈ
(4) ਅਕਾਲ ਤਖਤ ਸਾਹਿਬ ਵਲੋਂ ਜਾਰੀ ਕੀਤਾ ਗਿਆ ਹੁਕਮਨਾਮਾ ਵਾਪਿਸ ਨਹੀਂ ਲਿਆ ਜਾ ਸਕਦਾ ਹੈ
ਜਥੇਦਾਰ ਗਿਆਨੀ ਗੁਰਦਿਆਲ ਸਿੰਘ ਜੀ ਦੀ ਸ਼ਖਸ਼ੀਅਤ ਬਾਰੇ ਲਿਖਦਿਆਂ ਮੈਂ ਉਨ੍ਹਾਂ ਦੇ ਕਰੀਬੀ, ਵੀਹਵੀਂ ਸਦੀ ਦੇ ਮਹਾਨ ਸਿੱਖ ਸੂਰਬੀਰ ਯੋਧੇ ਸੰਤ ਸਿਪਾਹੀ ਅਤਿ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਵੀ ਜ਼ਿਕਰ ਕਰਨ ਜਾ ਰਿਹਾ ਹਾਂ ਜੋ ਆਪ ਵੀ ਜਥੇਦਾਰ ਅਜਨੋਹਾ ਵਾਂਗ ਦੂਰ ਦ੍ਰਿਸਟੀ ਦੇ ਮਾਲਕ, ਨਿੱਡਰ, ਨਿਧੱੜਕ ਅਤੇ ਕਹਿਣੀ ਕਰਨੀ ਦੇ ਪੂਰੇ ਯੋਧੇ ਸਨ। ਜਥੇਦਾਰ ਅਜਨੋਹਾ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਦਿਲੋਂ ਪਿਆਰ ਕਰਦੇ ਸਨ ਅਤੇ ਉਨ੍ਹਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਲਈ ਉਨ੍ਹਾਂ ਦੀ ਸ਼ਖ਼ਸ਼ੀਅਤ ਤੋਂ ਕਾਇਲ ਸਨ। ਇੱਕ ਵਾਰ ਭੋਗ ਦੀ ਰਸਮ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੱਥੇਦਾਰ ਅਜਨੋਹਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸ਼ਹੀਦੀਆਂ ਦੇਣ ਦਾ ਸਮਾਂ ਆ ਗਿਆ ਹੈ। ਜਥੇਦਾਰ ਅਜਨੋਹਾ ਨੇ ਉਸ ਵਕਤ ਤਾਂ ਸੰਤ ਭਿੰਡਰਾਂਵਾਲਿਆਂ ਦੀ ਗੱਲ ਦਾ ਜਵਾਬ ਸਿਰਫ਼ "ਹਾਂ" ਕਹਿੰਦਿਆਂ ਸੰਖੇਪ ਰੂਪ 'ਚ ਹੀ ਦਿੱਤਾ ਪਰ ਜਦੋਂ ਭੋਗ ਉਪਰੰਤ ਅਰਦਾਸ ਕੀਤੀ ਤੇ ਵਾਹਿਗੁਰੂ ਨੂੰ ਸਨਮੁੱਖ ਹੋ ਕਿਹਾ ਕਿ, “ਹੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ ਮੇਰੀ ਰਹਿੰਦੀ ਉਮਰ ਵੀ ਸੰਤ ਭਿੰਡਰਾਂਵਾਲਿਆਂ ਨੂੰ ਲੱਗ ਜਾਵੇ ਕਿਉਂਕਿ ਇੰਨ੍ਹਾਂ ਨੇ ਪੰਥ ਹਿੱਤ ਹਾਲੇ ਕਈ ਮਹਾਨ ਕਾਰਜ ਕਰਨੇ ਹਨ”।
ਅਰਦਾਸ ਸੰਪਨ ਹੋਣ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੱਥੇਦਾਰ ਸਾਹਿਬ ਨੇ ਕਿਹਾ ਕਿ ਇਹ ਤੁਸੀਂ ਕੀ ਕੀਤਾ ਹੈ? ਤੁਸੀਂ ਇਹੋ ਜਿਹੀ ਮੰਗ ਗੁਰੂ ਸਾਹਿਬ ਜੀ ਤੋਂ ਕਿਉਂ ਕੀਤੀ ਹੈ ਤਾਂ ਉਨ੍ਹਾਂ ਅੱਗੋ ਮੁਸਕਰਾ ਕਿ ਕਿਹਾ ਕਿ ਮੈਨੂੰ ਮੇਰੀ ਜਿੰਦਗੀ ਨਾਲੋਂ ਪੰਥ ਦਾ ਜਿਆਦਾ ਫਿਕਰ ਹੈ। ਤੁਸੀਂ ਪੰਥ ਦੀ ਚੜ੍ਹਦੀ ਕਲਾ ਲਈ ਜੋ ਕੰਮ ਕਰ ਰਹੇ ਹੋ ਉਸ ਲਈ ਮੈਂ ਤੁਹਾਡੀ ਲੰਬੇਰੀ ਉਮਰ ਲਈ ਗੁਰੂ ਸਾਹਿਬ ਅੱਗੇ ਅਰਜ਼ੋਈ ਕੀਤੀ ਹੈ ਕਿ ਮੇਰੀ ਉਮਰ ਵੀ ਤੁਹਾਨੂੰ ਹੀ ਲੱਗ ਜਾਵੇ। ਸੱਚ ਜਾਣਿਓ ਜਿਦਾਂ ਕਹਾਵਤ ਹੈ ਕਿ ਧਨੁਸ਼ 'ਚੋ ਨਿਕਲਿਆ ਤੀਰ ਕਦੀ ਵਾਪਿਸ ਨਹੀਂ ਮੁੜਦਾ ਠੀਕ ਉਸੇ ਤਰ੍ਹਾਂ ਇੱਕ ਮਹੀਨੇ ਬਾਅਦ 18 ਮਾਰਚ 1982 ਨੂੰ ਬਿਨਾਂ ਕਿਸੇ ਬੀਮਾਰੀ ਦੇ ਜੱਥੇਦਾਰ ਅਜਨੋਹਾ ਆਪਣੇ ਨਾਸ਼ਵਾਨ ਸਰੀਰ ਨੂੰ ਤਿਆਗ ਗੁਰਪੁਰੀ ਸਿਧਾਰ ਗਏ। ਉਸ ਵਕਤ ਉਨ੍ਹਾਂ ਦੀ ਉਮਰ ਕੇਵਲ 58 ਸਾਲ ਹੀ ਸੀ।
ਉਨ੍ਹਾਂ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਅਜਨੋਹਾ ਵਿਖੇ ਕੀਤਾ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਜੱਥੇ ਸਮੇਤ ਜੱਥੇਦਾਰ ਸਾਹਿਬ ਦੇ ਸੰਸਕਾਰ ਵਿੱਚ ਸ਼ਾਮਿਲ ਹੋਏ ਅਤੇ ਹਜ਼ਾਰਾਂ ਦੀ ਗਿਣਤੀ 'ਦ ਪਹੁੰਚੀਆਂ ਸੰਗਤਾਂ ਨੇ ਪੰਥ ਦੇ ਨਿੱਡਰ ਅਤੇ ਨਿਧੱੜਕ ਜੱਥੇਦਾਰ ਨੂੰ ਸੇਜਲ ਅੱਖਾਂ ਨਾਲ ਵਿਦਾਈ ਦਿੱਤੀ। ਜਥੇਦਾਰ ਸਾਹਿਬ ਇੱਕ ਨੇਕ ਦਿਲ, ਇਨਸਾਫ ਪਸੰਦ ਅਤੇ ਸੱਚ ਤੇ ਪਹਿਰਾ ਦੇਣ ਵਾਲੇ ਵਿਅਕਤੀ ਸਨ ਜਿਨ੍ਹਾਂ ਦਾ ਸਮੁੱਚਾ ਜੀਵਨ ਹੀ ਧਰਮ ਅਰਥ ਕਮਾਈ ਹਿੱਤ ਪੰਥ ਨੂੰ ਸਮਰਪਿਤ ਰਿਹਾ ਅਤੇ ਉਨ੍ਹਾਂ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਪੰਥ ਦੀ ਸੇਵਾ ਕੀਤੀ।
ਪੰਜਾਬ ਦੀਆਂ ਸਮੂਹ ਯੂਨੀਵਰਸਿਟੀਆਂ ਦੇ ਪੰਜਾਬੀ ਵਿਭਾਗਾਂ, ਧਰਮ ਵਿਭਾਗਾਂ ਅਤੇ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਪੰਥ ਦੇ ਇਸ ਮਹਾਨ ਜੱਥੇਦਾਰ ਬਾਰੇ ਖੋਜ ਕਰਵਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੀ ਸ਼ਖਸ਼ੀਅਤ ਬਾਰੇ ਜਾਣਕਾਰੀ ਮਹੁਇਆ ਕਰਵਾਈ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ।
