ਤਿੰਨ ਤਖ਼ਤਾਂ ਦੇ ਪੰਜ ਪਿਆਰਿਆਂ ਵੱਲੋਂ ਤਖ਼ਤ ਪਟਨਾ ਸਾਹਿਬ ਦਾ ਫੈਸਲਾ ਰੱਦ

ਅੰਮ੍ਰਿਤਸਰ, 22 ਮਈ- ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵੱਲੋਂ ਬੀਤੇ ਦਿਨ ਕੀਤੇ ਗਏ ਫੈਸਲੇ ਨੂੰ ਸ੍ਰੀ ਅਕਾਲ ਤਖ਼ਤ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਗੈਰ-ਸਿਧਾਂਤਕ ਅਤੇ ਗੈਰਵਾਜਬ ਦੱਸ ਕੇ ਰੱਦ ਕਰ ਦਿੱਤਾ ਗਿਆ ਹੈ।

ਅੰਮ੍ਰਿਤਸਰ, 22 ਮਈ- ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵੱਲੋਂ ਬੀਤੇ ਦਿਨ ਕੀਤੇ ਗਏ ਫੈਸਲੇ ਨੂੰ ਸ੍ਰੀ ਅਕਾਲ ਤਖ਼ਤ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਗੈਰ-ਸਿਧਾਂਤਕ ਅਤੇ ਗੈਰਵਾਜਬ ਦੱਸ ਕੇ ਰੱਦ ਕਰ ਦਿੱਤਾ ਗਿਆ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਬਲਦੇਵ ਸਿੰਘ ਨੇ ਤਖ਼ਤ ਦੇ ਹੈੱਡ ਗ੍ਰੰਥੀ ਅਤੇ ਗ੍ਰੰਥੀਆਂ ਨੂੰ ਨਾਲ ਲੈ ਕੇ ਬੁੱਧਵਾਰ ਨੂੰ ਮੀਟਿੰਗ ਕੀਤੀ ਸੀ ਅਤੇ ਅਕਾਲ ਤਖ਼ਤ ਵੱਲੋਂ ਲਏ ਗਏ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਨੂੰ ਤਨਖਾਹੀਆ ਕਰਾਰ ਦਿੱਤਾ ਸੀ। ਇਸੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਾਜ਼ਿਸ਼ਕਰਤਾ ਵਜੋਂ ਸ਼ਮੂਲੀਅਤ ਦਾ ਦੋਸ਼ ਲਾਉਂਦਿਆਂ ਆਪਣਾ ਪੱਖ ਰੱਖਣ ਲਈ 10 ਦਿਨ ਦਾ ਸਮਾਂ ਦਿੱਤਾ ਗਿਆ ਸੀ। ਇਸ ਸਬੰਧ ਵਿੱਚ ਉਨ੍ਹਾਂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਆਦੇਸ਼ ਕੀਤਾ ਗਿਆ ਹੈ।
ਇਸ ਮਾਮਲੇ ਵਿੱਚ ਅੱਜ ਇੱਥੇ ਅਕਾਲ ਤਖ਼ਤ ਦੇ ਪੰਜ ਪਿਆਰੇ ਸਾਹਿਬਾਨ ਜਿਨ੍ਹਾਂ ਵਿੱਚ ਭਾਈ ਕੁਲਵੰਤ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਰਸਪਾਲ ਸਿੰਘ ਅਤੇ ਭਾਈ ਸੰਦੀਪ ਸਿੰਘ ਸ਼ਾਮਿਲ ਹਨ, ਨੇ ਮੀਟਿੰਗ ਕਰਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵੱਲੋਂ ਕੀਤੇ ਗਏ ਫੈਸਲੇ ਨੂੰ ਪੰਥਕ ਏਕਤਾ ਨੂੰ ਢਾਹ ਲਾਉਣ ਵਾਲਾ ਅਤੇ ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ ਕਰਾਰ ਦਿੱਤਾ ਹੈ। ਉਨ੍ਹਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਲੰਘੇ ਦਿਨ ਕੀਤੇ ਗਏ ਫੈਸਲੇ ਨੂੰ ਗੈਰਸਿਧਾਂਤਕ ਦੱਸਦਿਆਂ ਰੱਦ ਕਰ ਦਿੱਤਾ ਹੈ।
ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਪੰਜ ਪਿਆਰੇ ਸਾਹਿਬਾਨ ਨੇ ਵੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਕੀਤੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਥਾਨਕ ਸੰਗਤ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖ਼ਤ ਦੇ ਪਾਸ ਹੀ ਕੀਤੀ ਜਾ ਸਕਦੀ ਹੈ ਨਾ ਕਿ ਇਸ ਸਬੰਧੀ ਕੋਈ ਵੱਖਰਾ ਹੁਕਮਨਾਮਾ ਜਾਰੀ ਕੀਤਾ ਜਾ ਸਕਦਾ ਹੈ। ਜੇਕਰ ਸਥਾਨਕ ਸੰਗਤ ਨੂੰ ਕਿਸੇ ਵੀ ਫੈਸਲੇ ’ਤੇ ਕੋਈ ਇਤਰਾਜ਼ ਹੋਵੇ ਤਾਂ ਇਸ ਦੀ ਮੁੜ ਵਿਚਾਰ ਲਈ ਅਕਾਲ ਤਖ਼ਤ ਵਿਖੇ ਹੀ ਅਪੀਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵੱਲੋਂ ਕੀਤੇ ਗਏ ਫੈਸਲੇ ਨੂੰ ਉਹ ਜਲਦੀ ਤੋਂ ਜਲਦੀ ਤਖ਼ਤ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਮਾਫੀ ਮੰਗਦਿਆਂ ਹੋਇਆਂ ਵਾਪਸ ਲੈਣ। ਪੰਥ ਅਜਿਹੀ ਸਿੱਖ ਵਿਰੋਧੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਫੈਸਲੇ ਨੂੰ ਪੰਥ ਵਿਰੋਧੀ ਅਤੇ ਗੈਰ ਸਿਧਾਂਤਕ ਕਰਾਰ ਦਿੰਦਿਆਂ ਰੱਦ ਕੀਤਾ ਹੈ।
ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਦੇ ਸਕੱਤਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਬੀਤੇ ਦਿਨ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰਿਆ ਗਿਆ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਮਾਮਲਾ ਕੋਈ ਅੱਜ ਦਾ ਮਾਮਲਾ ਨਹੀਂ ਬਲਕਿ ਦੋ ਤੋਂ ਤਿੰਨ ਸਾਲ ਪਹਿਲਾਂ ਦਾ ਮਾਮਲਾ ਹੈ। ਇਸ ਮਾਮਲੇ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵੱਲੋਂ ਕੀਤੀ ਗਈ ਕਾਰਵਾਈ ਨੂੰ ਸਿਧਾਂਤਕ ਤੌਰ ਤੇ ਗਲਤ ਕਰਾਰ ਦਿੰਦਿਆਂ ਰੱਦ ਕੀਤਾ ਗਿਆ ਹੈ।
ਚੇਤੇ ਰਹੇ ਕਿ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ’ਤੇ ਲੱਗੇ ਦੋਸ਼ਾਂ ਸਬੰਧੀ ਮਾਮਲਾ ਵਿਚਾਰਿਆ ਗਿਆ ਸੀ। ਇਸ ਦੀ ਇੱਕ ਰਿਪੋਰਟ ਸ੍ਰੀ ਅਕਾਲ ਤਖਤ ਵਿਖੇ ਪੁੱਜੀ ਸੀ, ਜਿਸ ਨੂੰ ਵਿਚਾਰਨ ਉਪਰੰਤ ਇਸ ਜਾਂਚ ਰਿਪੋਰਟ ਦੀ ਰੋਸ਼ਨੀ ਵਿੱਚ ਸਾਬਕਾ ਜਥੇਦਾਰ ਗਿਆਨੀ ਗੌਹਰ ਨੂੰ ਦੋਸ਼ ਮੁਕਤ ਕੀਤਾ ਗਿਆ ਸੀ। ਇੱਕ ਹੋਰ ਵੱਖਰੇ ਮਾਮਲੇ ਵਿੱਚ ਜਥੇਦਾਰ ਗਿਆਨੀ ਬਲਦੇਵ ਸਿੰਘ ਅਤੇ ਗਿਆਨੀ ਗੁਰਦਿਆਲ ਸਿੰਘ ਦੀਆਂ ਸੇਵਾਵਾਂ ’ਤੇ ਰੋਕ ਲਾਈ ਗਈ ਸੀ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੂੰ ਆਪਣਾ ਪੱਖ ਰੱਖਣ ਲਈ ਅਕਾਲ ਤਖਤ ਵਿਖੇ ਸੱਦਿਆ ਗਿਆ ਸੀ।