
ਲੰਬੇ ਬਿਜਲੀ ਕੱਟਾਂ ਕਾਰਨ ਮੁਹਾਲੀ ਦੇ ਲੋਕ ਹਨੇਰੇ ਵਿੱਚ ਰਹਿਣ ਲਈ ਮਜਬੂਰ - ਕੁਲਜੀਤ ਸਿੰਘ ਬੇਦੀ
ਐਸ.ਏ.ਐਸ. ਨਗਰ, 22 ਮਈ- ਮੁਹਾਲੀ ਵਿੱਚ ਬਿਜਲੀ ਸਪਲਾਈ ਦੀ ਲਗਾਤਾਰ ਕਮੀ ਕਾਰਨ ਲੋਕਾਂ ਦਾ ਜੀਉਣਾ ਮੁਸ਼ਕਿਲ ਹੋ ਗਿਆ ਹੈ। ਪਿਛਲੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੈ, ਜਿੱਥੇ ਲੋਕ 12 ਤੋਂ 14 ਘੰਟੇ ਤੱਕ ਪੂਰੀ ਤਰ੍ਹਾਂ ਹਨੇਰੇ ਵਿੱਚ ਜੀ ਰਹੇ ਹਨ ਕਿਉਂਕਿ ਉਨ੍ਹਾਂ ਦੇ ਇਨਵਰਟਰ ਵੀ ਫੇਲ ਹੋ ਚੁੱਕੇ ਹਨ। ਇਸ ਗੰਭੀਰ ਮਾਮਲੇ ’ਤੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਐਸ.ਏ.ਐਸ. ਨਗਰ, 22 ਮਈ- ਮੁਹਾਲੀ ਵਿੱਚ ਬਿਜਲੀ ਸਪਲਾਈ ਦੀ ਲਗਾਤਾਰ ਕਮੀ ਕਾਰਨ ਲੋਕਾਂ ਦਾ ਜੀਉਣਾ ਮੁਸ਼ਕਿਲ ਹੋ ਗਿਆ ਹੈ। ਪਿਛਲੇ 24 ਘੰਟਿਆਂ ਤੋਂ ਵੱਧ ਸਮੇਂ ਤੋਂ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੈ, ਜਿੱਥੇ ਲੋਕ 12 ਤੋਂ 14 ਘੰਟੇ ਤੱਕ ਪੂਰੀ ਤਰ੍ਹਾਂ ਹਨੇਰੇ ਵਿੱਚ ਜੀ ਰਹੇ ਹਨ ਕਿਉਂਕਿ ਉਨ੍ਹਾਂ ਦੇ ਇਨਵਰਟਰ ਵੀ ਫੇਲ ਹੋ ਚੁੱਕੇ ਹਨ। ਇਸ ਗੰਭੀਰ ਮਾਮਲੇ ’ਤੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਸਰਕਾਰ ਵੱਲੋਂ 300 ਯੂਨਿਟ ਫ੍ਰੀ ਬਿਜਲੀ ਤੱਕ ਦਿੱਤੀ ਜਾਂਦੀ ਹੈ ਪਰੰਤੂ ਜਦੋਂ ਬਿਜਲੀ ਆਏਗੀ ਹੀ ਨਹੀਂ ਤਾਂ ਲੋਕਾਂ ਨੂੰ ਇਸ ਦਾ ਕੀ ਫਾਇਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਜਲੀ ਕੱਟਾਂ ਦੇ ਪਿੱਛੇ ਵੱਡੇ ਪੱਧਰ ’ਤੇ ਕਰਮਚਾਰੀਆਂ ਦੀ ਘਾਟ, ਢੁਕਵਾਂ ਇਨਫਰਾਸਟਰਕਚਰ ਨਾ ਹੋਣਾ ਅਤੇ ਮਸ਼ੀਨਰੀ ਦੀ ਕਮੀ ਜਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਦੇ ਨਵੇਂ ਵਿਕਸਿਤ ਸੈਕਟਰਾਂ ਜਿਵੇਂ 76 ਤੋਂ 80, 3ਬੀ1, ਟੀ.ਡੀ.ਆਈ., ਫੇਜ ਸੱਤ, ਸੈਕਟਰ 76 ਤੋਂ 80 ਸਮੇਤ ਮੁਹਾਲੀ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਪਈ ਹੈ। ਉਨ੍ਹਾਂ ਕਿਹਾ, ਅੱਜ ਮੁਹਾਲੀ ਦੇ ਲੋਕ 40 ਡਿਗਰੀ ਦੀ ਗਰਮੀ ਵਿੱਚ ਬਿਜਲੀ ਤੋਂ ਬਿਨ੍ਹਾਂ ਜੀ ਰਹੇ ਹਨ ਅਤੇ ਇਸ ਕਾਰਨ ਵੱਡੀ ਗਿਣਤੀ ਵਿੱਚ ਸੀਨੀਅਰ ਸਿਟੀਜਨਾਂ, ਬਿਮਾਰ ਲੋਕ, ਕਨਸਟਰੇਟਰ, ਨੇਬੂਲਾਈਜਰ ਆਦਿ ’ਤੇ ਨਿਰਭਰ ਮਰੀਜਾਂ ਦੀ ਜਾਨ ਖਤਰੇ ਵਿੱਚ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 3000 ਬੀ.ਬੀ.ਐਮ.ਬੀ. ਕਰਮਚਾਰੀ ਭਰਤੀ ਕਰਨ ਦੀ ਗੱਲ ਕਰਦੀ ਹੈ, ਪਰ ਮੁਹਾਲੀ ਲਈ ਬਿਜਲੀ ਦੇ ਲਾਈਨਮੈਨ ਤੱਕ ਭਰਤੀ ਨਹੀਂ ਕੀਤੇ ਜਾ ਰਹੇ। ਕੱਚੇ ਕਰਮਚਾਰੀ 10-12 ਹਜਾਰ ਦੀ ਤਨਖਾਹ ਵਿੱਚ ਬਿਜਲੀ ਦੇ ਖੰਭਿਆਂ ਉੱਤੇ ਜਿੰਦਗੀ ਨੂੰ ਦਾਅ ’ਤੇ ਲਾ ਕੇ ਚੜ੍ਹ ਰਹੇ ਹਨ ਅਤੇ ਉਨ੍ਹਾਂ ਕੋਲ ਲੋੜੀਂਦੇ ਸੁਰੱਖਿਆ ਉਪਕਰਨ ਤੱਕ ਨਹੀਂ ਹਨ।
ਉਨ੍ਹਾਂ ਕਿਹਾ ਕਿ ਬਿਜਲੀ ਵਿੱਚ ਭਾਰੀ ਕਟੌਤੀ ਹੋਣ ਕਾਰਨ ਪਾਣੀ ਦੀ ਸਪਲਾਈ ਵਿੱਚ ਵੀ ਵੱਡੀ ਸਮੱਸਿਆ ਆ ਰਹੀ ਹੈ। ਸੈਕਟਰ 117, 118 ਅਤੇ 74 ਏ, ਫੇਜ 3ਬੀ2 ਸਮੇਤ ਮੁਹਾਲੀ ਦੇ ਵੱਡੇ ਇਲਾਕੇ ਵਿੱਚ ਪਾਣੀ ਦੀ ਭਿਆਨਕ ਸਮੱਸਿਆ ਹੈ ਕਿਉਂਕਿ ਪਾਣੀ ਦੇ ਬੂਸਟਰ ਬਿਜਲੀ ਬੰਦ ਹੋਣ ਕਾਰਨ ਕੰਮ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਏਰੀਆ ਨਗਰ ਨਿਗਮ ਦੇ ਅਧੀਨ ਆਉਂਦਾ ਹੈ ਅਤੇ ਪ੍ਰਾਈਵੇਟ ਕਲੋਨੀਆਂ ਤੋਂ ਬਾਹਰ ਵੀ ਹਨ, ਇੱਥੇ ਪਾਣੀ ਦੀ ਭਾਰੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗੇ ਬਰਸਾਤਾਂ ਆ ਰਹੀਆਂ ਹਨ ਅਤੇ ਜੇਕਰ ਸਮੱਸਿਆ ਦਾ ਤੁਰੰਤ ਹੱਲ ਨਾ ਕੱਢਿਆ ਗਿਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਮੁਹਾਲੀ, ਜਿਹੜਾ ਕਿ ਮਿਨੀ ਰਾਜਧਾਨੀ ਹੈ, ਉੱਥੇ ਹਸਪਤਾਲਾਂ, ਦੰਦਾਂ ਦੇ ਅਤੇ ਹੋਰ ਅਹਿਮ ਵਿਭਾਗਾਂ ਦੀ ਮੌਜੂਦਗੀ ਦੇ ਚੱਲਦਿਆਂ ਇਹ ਖੇਤਰ ਸਪੈਸ਼ਲ ਟਰੀਟਮੈਂਟ ਦਾ ਹਕਦਾਰ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੁਹਾਲੀ ਲਈ ਬਿਜਲੀ ਦਾ ਇਨਫਰਾਸਟਰਕਚਰ ਤੇ ਸਟਾਫ ਵਧਾਇਆ ਜਾਵੇ। ਮੁਹਾਲੀ ਲਈ ਵਾਧੂ ਲਾਈਨਮੈਨ ਭਰਤੀ ਕੀਤੇ ਜਾਣ, ਸੁਰੱਖਿਆ ਸਾਜੋ-ਸਾਮਾਨ ਤੇ ਪੌੜੀਆਂ ਦੀ ਉਪਲਬਧਤਾ ਕਰਵਾਈ ਜਾਵੇ, ਨਵੇਂ ਇਲਾਕਿਆਂ ਲਈ ਇਨਫਰਾਸਟਰਕਚਰ ਵਿਕਸਿਤ ਕੀਤਾ ਜਾਵੇ ਅਤੇ ਹਰ ਇਲਾਕੇ ਵਿੱਚ ਕਰਮਚਾਰੀਆਂ ਦੀ ਢੁਕਵੀਂ ਗਿਣਤੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਲਾਪਰਵਾਹੀ ਦੇ ਚੱਲਦੇ ਮੁਹਾਲੀ ਦੇ ਲੋਕ ਹੁਣ ਸੜਕਾਂ ’ਤੇ ਆਉਣ ਲਈ ਮਜਬੂਰ ਹੋ ਰਹੇ ਹਨ।
