
ਤਿਰੰਗਾ ਯਾਤਰਾ ਦੌਰਾਨ ਲਾਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ, ਕੇਸ ਦਰਜ
ਆਗਰਾ, 19 ਮਈ- ਇੱਥੋਂ ਦੇ ਸ਼ਾਹਗੰਜ ਖੇਤਰ ਵਿਚ ਇਕ ਇਕੱਠ ਦੌਰਾਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲੇ ਦੋ ਵਿਅਕਤੀਆਂ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਣਪਛਾਤਿਆਂ ਸਮੇਤ ਦੋ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਆਗਰਾ, 19 ਮਈ- ਇੱਥੋਂ ਦੇ ਸ਼ਾਹਗੰਜ ਖੇਤਰ ਵਿਚ ਇਕ ਇਕੱਠ ਦੌਰਾਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲੇ ਦੋ ਵਿਅਕਤੀਆਂ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਣਪਛਾਤਿਆਂ ਸਮੇਤ ਦੋ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਦੀ ਪਛਾਣ ਗੋਪਾਲ ਚਾਹਰ ਅਤੇ ਅਰਜੁਨ ਗਿਰਜ ਵਜੋਂ ਹੋਈ ਹੈ। ਸਥਾਨਕ ਕਾਂਗਰਸ ਨੇਤਾ ਅਪੂਰਵ ਸ਼ਰਮਾ ਅਤੇ ਸ਼ਿਕਾਇਤਕਰਤਾ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ, ‘‘ਹਾਲ ਹੀ ਵਿਚ ਸ਼ਾਹਗੰਜ ਖੇਤਰ ਵਿਚ ਇਕ ਤਿਰੰਗਾ ਯਾਤਰਾ ਕੱਢੀ ਗਈ ਸੀ।
ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਾਇਰਲ ਹੋਈ ਯਾਤਰਾ ਦੀ ਵੀਡੀਓ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਸੁਣੇ ਗਏ।’’ ਉਨ੍ਹਾਂ ਕਿਹਾ ਕਿ ਇਹ ਕਾਰਵਾਈ, ਜੋ ਭਾਰਤ ਦੀ ਅਖੰਡਤਾ ਅਤੇ ਏਕਤਾ ਨੂੰ ਖਤਰੇ ਵਿਚ ਪਾਉਂਦੀ ਹੈ, ਨੇ ਮੇਰੀਆਂ ਭਾਵਨਾਵਾਂ ਦੇ ਨਾਲ-ਨਾਲ ਸਾਰੇ ਦੇਸ਼ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਸਹਾਇਕ ਪੁਲੀਸ ਕਮਿਸ਼ਨਰ ਮਯੰਕ ਤਿਵਾੜੀ ਨੇ ਕਿਹਾ, “ਐਤਵਾਰ ਰਾਤ ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 152 ਦੇ ਤਹਿਤ ਸ਼ਾਹਗੰਜ ਪੁਲੀਸ ਸਟੇਸ਼ਨ ਵਿਚ ਦੋ ਨਾਮਜ਼ਦ ਵਿਅਕਤੀਆਂ ਅਤੇ ਕੁਝ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇ ਸਬੰਧੀ ਵਾਇਰਲ ਵੀਡੀਓ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜਿਆ ਜਾਵੇਗਾ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।’’
