ਮੁਹਾਲੀ ਪੁਲੀਸ ਵੱਲੋਂ 20 ਗ੍ਰਾਮ ਹੈਰੋਈਨ ਸਮੇਤ ਸਮਗਲਰ ਕਾਬੂ

ਐਸ ਏ ਐਸ ਨਗਰ, 12 ਮਈ- ਮੁਹਾਲੀ ਪੁਲੀਸ ਵੱਲੋਂ 20 ਗ੍ਰਾਮ ਹੈਰੋਈਨ ਸਮੇਤ 1 ਸਮਗਲਰ ਨੂੰ ਕਾਬੂ ਕੀਤਾ ਗਿਆ ਹੈ। ਇਹ ਵਿਅਕਤੀ ਮੁਹਾਲੀ ਖੇਤਰ ਵਿੱਚ ਆਪਣੇ ਗ੍ਰਾਹਕਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀ।

ਐਸ ਏ ਐਸ ਨਗਰ, 12 ਮਈ- ਮੁਹਾਲੀ ਪੁਲੀਸ ਵੱਲੋਂ 20 ਗ੍ਰਾਮ ਹੈਰੋਈਨ ਸਮੇਤ 1 ਸਮਗਲਰ ਨੂੰ ਕਾਬੂ ਕੀਤਾ ਗਿਆ ਹੈ। ਇਹ ਵਿਅਕਤੀ ਮੁਹਾਲੀ ਖੇਤਰ ਵਿੱਚ ਆਪਣੇ ਗ੍ਰਾਹਕਾਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀ।
ਡੀ. ਐਸ. ਪੀ. ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਸ. ਐਸ. ਪੀ. ਸ੍ਰੀ ਦੀਪਕ ਪਾਰਿਕ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਥਾਣਾ ਏਅਰੋ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਜਸਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਨਾਕਾਬੰਦੀ ਦੌਰਾਨ ਸੁਖਜੀਤ ਸਿੰਘ ਉਰਫ ਸੁਰਜੀਤ ਸਿੰਘ ਵਾਸੀ ਪਿੰਡ ਸੰਧਵਾ, ਥਾਣਾ ਸਦਰ ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ (ਜੋ ਅੱਜ-ਕੱਲ੍ਹ ਸੈਕਟਰ 91 ਵਿਖੇ ਇੱਕ ਪੀ. ਜੀ. ਰਹਿ ਰਿਹਾ ਸੀ) ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੇ ਬੈਗ ਦੀ ਤਲਾਸ਼ੀ ਦੌਰਾਨ ਉਸ ਤੋਂ 20 ਗ੍ਰਾਮ ਹੈਰੋਈਨ ਬਰਾਮਦ ਹੋਈ ਸੀ ਅਤੇ ਉਸ ਦੇ ਖਿਲਾਫ ਥਾਣਾ ਆਈ. ਟੀ. ਸਿਟੀ ਵਿਖੇ ਐਨ. ਡੀ. ਪੀ. ਐਸ. ਐਕਟ ਦੀ ਧਾਰਾ 21 ਤਹਿਤ ਮਾਮਲਾ ਦਰਜ ਕੀਤਾ ਗਿਆ। 
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 1 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਹੈ ਕਿ ਉਹ ਇਹ ਨਸ਼ਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਪਣੇ ਜਾਣਕਾਰਾਂ ਪਾਸੋਂ ਖਰੀਦ ਕੇ ਲਿਆਉਂਦਾ ਹੈ ਅਤੇ ਅੱਗੇ ਮੁਹਾਲੀ ਵਿਖੇ ਆਪਣੇ ਪੱਕੇ ਗ੍ਰਾਹਕਾਂ ਨੂੰ ਵੇਚਦਾ ਹੈ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।