
ਕਾਰਲ ਮਾਰਕਸ ਦੇ 207ਵੇਂ ਜਨਮ ਦਿਵਸ ਸਮਾਗਮ 'ਚ ਮਾਰਕਸਵਾਦ ਦੀ ਪ੍ਰਸੰਗਕਤਾ ਅਤੇ ਫਾਸ਼ੀਵਾਦ 'ਤੇ ਵਿਚਾਰ-ਚਰਚਾ
ਜਲੰਧਰ- ਕਾਰਲ ਮਾਰਕਸ ਦੇ 207ਵੇਂ ਜਨਮ ਦਿਹਾੜੇ ਮੌਕੇ ਭਾਈ ਸੰਤੋਖ ਸਿੰਘ 'ਕਿਰਤੀ' ਭਾਸ਼ਣ ਲੜੀ ਤਹਿਤ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 'ਮਾਰਕਸਵਾਦ ਦੀ ਪ੍ਰਸੰਗਕਤਾ' ਅਤੇ 'ਫਾਸ਼ੀਵਾਦ ਦਾ ਉਭਾਰ' ਵਿਸ਼ੇ 'ਤੇ ਗੰਭੀਰ ਵਿਚਾਰ-ਚਰਚਾ ਹੋਈ। ਵਿਚਾਰ-ਚਰਚਾ ਮੌਕੇ ਮੰਚ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਦੋਵੇਂ ਮੁੱਖ ਬੁਲਾਰੇ ਕਮੇਟੀ ਮੈਂਬਰ ਜਗਰੂਪ ਅਤੇ ਹਰਵਿੰਦਰ ਭੰਡਾਲ ਹਾਜ਼ਰ ਸਨ।
ਜਲੰਧਰ- ਕਾਰਲ ਮਾਰਕਸ ਦੇ 207ਵੇਂ ਜਨਮ ਦਿਹਾੜੇ ਮੌਕੇ ਭਾਈ ਸੰਤੋਖ ਸਿੰਘ 'ਕਿਰਤੀ' ਭਾਸ਼ਣ ਲੜੀ ਤਹਿਤ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 'ਮਾਰਕਸਵਾਦ ਦੀ ਪ੍ਰਸੰਗਕਤਾ' ਅਤੇ 'ਫਾਸ਼ੀਵਾਦ ਦਾ ਉਭਾਰ' ਵਿਸ਼ੇ 'ਤੇ ਗੰਭੀਰ ਵਿਚਾਰ-ਚਰਚਾ ਹੋਈ। ਵਿਚਾਰ-ਚਰਚਾ ਮੌਕੇ ਮੰਚ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਦੋਵੇਂ ਮੁੱਖ ਬੁਲਾਰੇ ਕਮੇਟੀ ਮੈਂਬਰ ਜਗਰੂਪ ਅਤੇ ਹਰਵਿੰਦਰ ਭੰਡਾਲ ਹਾਜ਼ਰ ਸਨ।
ਵਿਚਾਰ-ਚਰਚਾ ਦਾ ਆਗਾਜ਼ ਆਜ਼ਾਦੀ ਸੰਗਰਾਮ 'ਚ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਬਾਰੇ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਵੱਲੋਂ ਰੋਸ਼ਨੀ ਪਾਉਣ ਨਾਲ ਹੋਇਆ।
ਕਾਰਲ ਮਾਰਕਸ ਦੇ ਜਨਮ ਦਿਹਾੜੇ 'ਤੇ 'ਮਾਰਕਸਵਾਦ ਦੀ ਪ੍ਰਸੰਗਕਤਾ' ਵਿਸ਼ੇ 'ਤੇ ਬੋਲਦੇ ਹੋਏ ਕਮੇਟੀ ਮੈਂਬਰ ਜਗਰੂਪ ਨੇ ਕਿਹਾ ਕਿ ਮਾਰਕਸਵਾਦ ਦੀ ਪ੍ਰਸੰਗਕਤਾ ਕਿਸੇ ਤਰ੍ਹਾਂ ਦੀ ਸੰਦੇਹ ਦਾ ਮਾਮਲਾ ਨਹੀਂ। ਇਸਦੀ ਪ੍ਰਸੰਗਕਤਾ ਨੇ ਦੁਨੀਆਂ ਭਰ 'ਚ ਆਪਣੀ ਪ੍ਰਮਾਣਿਕਤਾ ਦਾ ਸਿੱਕਾ ਜਮਾਇਆ। ਰੁਹਾਨੀ ਗ਼ੁਲਾਮੀ ਤੋਂ ਮੁਕਤੀ ਦਾ ਮਾਰਗ ਦਰਸ਼ਕ ਹੋਣਾ ਮਾਰਕਸਵਾਦ ਦੀ ਪ੍ਰਸੰਗਿਕਤਾ ਹੈ। ਉਹਨਾਂ ਨੇ ਪਦਾਰਥ ਨੂੰ ਪ੍ਰਥਮ ਥਾਂ ਮੰਨਦਿਆਂ ਗਤੀ ਨੂੰ ਪ੍ਰਮੁੱਖਤਾ ਦੇਣ ਵਾਲਿਆਂ ਦੀ ਆਲੋਚਨਾ ਕੀਤੀ।
ਉਹਨਾਂ ਕਿਹਾ ਕਿ ਸਿਰਫ਼ ਵਿਆਖਿਆ ਤੱਕ ਸੀਮਤ ਰਹਿਣਾ ਮਾਰਕਸੀ ਦ੍ਰਿਸ਼ਟੀ ਨਹੀਂ, ਮਾਰਕਸ ਅਤੇ ਏਂਗਲਜ ਨੇ ਬਦਲਾਓ ਦਾ ਸਿਧਾਂਤ ਉਘਾੜਕੇ ਸਾਹਮਣੇ ਲਿਆਂਦਾ। ਸਮਾਜ ਦੀ ਸਿਰਫ਼ ਵਿਆਖਿਆ ਕਾਫ਼ੀ ਨਹੀਂ ਅਸਲ ਨੁਕਤਾ ਤਾਂ ਇਸ ਨਿਜ਼ਾਮ ਨੂੰ ਬਦਲਣ ਦਾ ਹੈ। ਗਿਆਨ, ਵਿਗਿਆਨ, ਖੋਜ਼ ਦਾ ਆਪਣਾ ਥਾਂ ਹੋ ਸਕਦੈ ਪਰ ਹਰੇਕ ਨੂੰ ਮਾਰਕਸੀ ਵਿਚਾਰਧਾਰਾ ਦੇ ਵਿਦਵਾਨਾਂ ਦਾ ਥਾਂ ਦੇ ਦੇਣਾ ਕਦਾਚਿਤ ਠੀਕ ਨਹੀਂ। ਚੇਤਨ ਮਜ਼ਦੂਰ ਜਮਾਤ ਅਜੇਹੀ ਤਾਕਤ ਹੈ ਜਿਹੜੀ ਜਿੱਤ ਦੇ ਮਾਰਗ ਖੋਹਲਦੀ ਹੈ।
ਜਗਰੂਪ ਨੇ ਕਿਹਾ ਕਿ ਇੱਕ ਵੰਨਗੀ ਉਹ ਵੀ ਹੈ, ਜਿਹੜੀ ਇਹ ਢੰਡੋਰਾ ਪਿੱਟਦੀ ਹੈ ਕਿ ਮਾਰਕਸਵਾਦ ਤਾਂ ਵੇਲਾ ਵਿਹਾ ਚੁੱਕਿਆ ਹੈ। ਉਹਨਾਂ ਕਿਹਾ ਕਿ ਕੀ ਕਦੀ 'ਸੱਚ' ਵੀ ਵੇਲਾ ਵਿਹਾ ਸਕਦਾ ਹੈ? ਕਦੀ ਨਹੀਂ। ਸਰਮਾਏਦਾਰੀ ਨੂੰ ਅੰਦਰੋਂ ਅਸਲ 'ਚ ਇਹ ਭੈਅ ਵੱਢ-ਵੱਢ ਕੇ ਖਾ ਰਿਹਾ ਹੈ ਕਿ ਜੇਕਰ ਮਜ਼ਦੂਰ ਜਮਾਤ ਅਤੇ ਸਮੂਹ ਮਿਹਨਤਕਸ਼ ਲੋਕਾਂ ਨੂੰ ਮਾਰਕਸੀ ਸੂਝ-ਬੂਝ ਆ ਗਈ ਤਾਂ ਉਹ ਲੁੱਟ ਅਤੇ ਜ਼ਬਰ 'ਤੇ ਅਧਾਰਤ ਰਾਜ ਭਾਗ ਨੂੰ ਮੂਲੋਂ ਪਲਟਾ ਦੇ ਦੇਣਗੇ। ਸੰਕਟਗ੍ਰਸਤ ਸਰਮਾਏਦਾਰੀ ਲੋਕਾਂ ਉਪਰ ਬੋਝ ਲੱਦਣ ਲੱਗੀ ਇਕ ਮੋੜ 'ਤੇ ਫਸ ਜਾਂਦੀ ਹੈ ਕਿ ਉਹ ਹੋਰ ਮੰਡੀਆਂ ਹੜੱਪਣ ਲਈ ਨਿਹੱਕੀਆ ਜੰਗਾਂ ਦਾ ਸਹਾਰਾ ਲੈਂਦੀ ਹੈ।
ਉਹਨਾਂ ਕਿਹਾ ਕਿ ਸਰਮਾਏਦਾਰੀ ਸੰਕਟ ਜਦੋਂ ਸਿਖਰਾਂ ਛੋਹ ਜਾਂਦਾ ਹੈ ਤਾਂ ਉਹ ਅਜੇਹੇ ਮੋੜ 'ਤੇ ਘਿਰ ਜਾਂਦਾ ਹੈ, ਜਿੱਥੋਂ ਨਿਕਲਣ ਦਾ ਉਸ ਕੋਲ ਰਾਹ ਨਹੀਂ ਰਹਿੰਦਾ। ਇਸ ਹਾਲਤ ਵਿੱਚ ਵਿਦਰੋਹ ਅਤੇ ਜਮਾਤੀ ਸੰਘਰਸ਼ ਪੈਦਾ ਹੁੰਦੇ ਨੇ।
ਹਰਵਿੰਦਰ ਭੰਡਾਲ ਨੇ ਜ਼ੋਰ ਦੇ ਕੇ ਕਿਹਾ ਕਿ ਫਾਸ਼ੀਵਾਦ ਦੇ ਵਰਤਾਰੇ ਦੇ ਫੈਲਦੇ ਪੰਜੇ ਬਾਰੇ ਸਾਨੂੰ ਚੌਕੰਨੇ ਹੋਣ ਦੀ ਲੋੜ ਹੈ ਨਹੀਂ ਤਾਂ ਬਹੁਤ ਹੀ ਭਿਆਨਕ ਹਾਲਾਤ ਸਾਡੇ ਸਾਹ ਨੱਪਣ ਲਈ ਅੱਗੇ ਵਧਣਗੇ। ਉਹਨਾਂ ਕਿਹਾ ਕਿ ਅੰਧਰਾਸ਼ਟਰਵਾਦ ਦੀ ਧੁੰਦ ਪੈਦਾ ਕਰਕੇ ਲੋਕਾਂ ਉਪਰ ਕਹਿਰ ਦੀ ਅੱਗ ਵਰਾਉਣ ਵਾਲੇ ਆਪ ਬਰੀ ਹੋ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰਕੇ ਆਪਣਾ ਉੱਲੂ ਸਿੱਧਾ ਕਰਦਾ ਹੈ ਫਾਸ਼ੀਵਾਦ। ਉਹਨਾਂ ਕਿਹਾ ਕਿ ਇਹ ਵੀ ਹਕੀਕਤ ਹੈ ਕਿ ਫਾਸ਼ੀਵਾਦ, ਲੋਕਾਂ ਨਾਲੋਂ ਤਾਕਤਵਰ ਨਹੀਂ ਹੁੰਦਾ ਪਰ ਲੋੜ ਹੁੰਦੀ ਹੈ ਲੋਕਾਂ ਨੂੰ ਚੇਤਨ ਹੋ ਕੇ ਸੰਘਰਸ਼ ਕਰਨ ਦੀ।
