ਇੰਸਪੈਕਟਰ ਰਾਮ ਦਿਆਲ ਨੇ ਸਰਕਾਰੀ ਮਿਡਲ ਸਕੂਲ ਚੱਕ ਗੁੱਜਰਾਂ ਦੇ ਬੱਚਿਆਂ ਨੂੰ ਵੰਡੀਆਂ ਕਿੱਟਾਂ ਅਤੇ ਬੂਟ
ਹੁਸ਼ਿਆਰਪੁਰ- ਅਵੇਅਰਨੈੱਸ ਮਿਸ਼ਨ ਹੁਕੜਾਂ ਬ੍ਰਦਰਜ਼ ਵਜੋਂ ਮਸ਼ਹੂਰ ਅਤੇ ਚੰਡੀਗੜ੍ਹ ਪੁਲਿਸ ਵਿਚ ਬਤੌਰ ਇੰਸਪੈਕਟਰ ਤੈਨਾਤ ਰਾਮ ਦਿਆਲ ਨੇ ਅੱਜ ਸਰਕਾਰੀ ਮਿਡਲ ਸਕੂਲ ਚੱਕ ਗੁੱਜਰਾਂ ਦੇ ਸਾਰੇ ਵਿਦਿਆਰਥੀਆਂ ਨੂੰ ਕਿੱਟਾਂ ਅਤੇ ਬੂਟ ਵੰਡੇ। ਸਿੱਖਿਆ ਅਤੇ ਸਮਾਜ ਸੇਵਾ ਨੂੰ ਸਮਰਪਿਤ ਇੰਸਪੈਕਟਰ ਰਾਮ ਦਿਆਲ ਨੇ ਭਾਵੇਂ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਯੂ.ਐੱਨ.ਓ. ਵਿੱਚ ਨੌਕਰੀ ਕਰਦਿਆਂ ਆਪਣੀਆਂ ਦੋਵੇਂ ਲੱਤਾਂ ਗੁਆ ਲਈਆਂ ਪਰ ਆਪਣੀ ਜ਼ਿੰਦਗੀ ਵਿੱਚ ਸਿੱਖਿਆ ਅਤੇ ਸਮਾਜ ਸੇਵਾ ਕਰਨ ਦੇ ਜਜ਼ਬੇ ਨੂੰ ਰੱਤੀ ਭਰ ਵੀ ਆਂਚ ਨਹੀਂ ਆਉਣ ਦਿੱਤੀ।

ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਕਿੱਟਾਂ ਅਤੇ ਬੂਟ ਦੇਣ ਪਹੁੰਚੇ ਰਾਮ ਦਿਆਲ ਦਾ ਧੰਨਵਾਦ ਕਰਦਿਆਂ ਸਕੂਲ ਇੰਚਾਰਜ ਮੈਡਮ ਬਬੀਤਾ ਰਾਣੀ ਨੇ ਦੱਸਿਆ ਕਿ ਇੰਸਪੈਕਟਰ ਸਾਹਿਬ ਪਿਛਲੇ ਦੋ ਦਹਾਕਿਆਂ ਤੋਂ ਹਰ ਸਾਲ ਸਰਕਾਰੀ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਦੋ ਦਿਨਾਂ ਵਿਦਿਅਕ ਟੂਰ, ਮੁਫ਼ਤ ਨਵੋਦਿਆ ਕੋਚਿੰਗ, ਵਾਤਾਵਰਨ ਦੀ ਸ਼ੁੱਧਤਾ ਲਈ ਮੈਡੀਸਨਲ ਰੁਖ ਲਗਾ ਕੇ, ਮਿਸ਼ਨ ਪੈਟਰੀਏਟ ਤਹਿਤ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਵਿਦਿਅਕ ਤੇ ਸਭਿਆਚਾਰਕ ਮੁਕਾਬਲੇ ਕਰਵਾ ਕੇ ਲੋੜਵੰਦ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸੁਘੜ ਉਪਰਾਲੇ ਕਰ ਰਹੇ ਹਨ।
ਰਾਮ ਦਿਆਲ ਹੁਰੀਂ ਤਿੰਨੋਂ ਭਰਾ ਬਚਪਨ ਵਿਚ ਅੱਤ ਦੀ ਗਰੀਬੀ 'ਚੋਂ ਆਪਣੀ ਮਿਹਨਤ ਅਤੇ ਲਗਨ ਨਾਲ ਉੱਚੇ ਮੁਕਾਮਾਂ ਤੱਕ ਪਹੁੰਚੇ ਹਨ। ਉਨ੍ਹਾਂ ਦਾ ਸੰਘਰਸ਼ਮਈ ਜੀਵਨ ਬੱਚਿਆਂ ਲਈ ਬਹੁਤ ਪ੍ਰੇਰਣਾ ਸਰੋਤ ਹੈ।ਮੈਡਮ ਬਬੀਤਾ ਰਾਣੀ ਨੇ ਆਪਣੇ ਸਕੂਲ ਦੇ ਵਿਦਿਆਰਥੀਆਂ ਵਾਸਤੇ ਕੀਤੇ ਇਸ ਉਪਰਾਲੇ ਬਦਲੇ ਇੰਸਪੈਕਟਰ ਰਾਮ ਦਿਆਲ ਹੁਰਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਇੰਸਪੈਕਟਰ ਸਾਹਿਬ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦੇ ਹੋਏ ਪੜ੍ਹਾਈ ਵਿੱਚ ਸਖ਼ਤ ਮਿਹਨਤ, ਸਿਰੜ , ਸਿਦਕ ਅਤੇ ਲਗਨ ਨੂੰ ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਦੱਸਿਆ। ਸਕੂਲ ਸਟਾਫ ਵੱਲੋਂ ਇੰਸਪੈਕਟਰ ਰਾਮ ਦਿਆਲ ਦਾ ਸਨਮਾਨ ਵੀ ਕੀਤਾ ਗਿਆ ।ਇਸ ਸਮੇਂ ਮੈਡਮ ਵੀਰਾਂਵਾਲੀ, ਵਨੀਤਾ ਠਾਕੁਰ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।