50 ਬੰਬਾਂ ਬਾਰੇ ਬਿਆਨ: ਪ੍ਰਤਾਪ ਬਾਜਵਾ ਕੋਲੋਂ 6 ਘੰਟੇ ਤੋਂ ਵੱਧ ਸਮੇਂ ਲਈ ਪੁੱਛ-ਪੜਤਾਲ

ਚੰਡੀਗੜ੍ਹ, 25 ਅਪਰੈਲ- ਮੁਹਾਲੀ ਪੁਲੀਸ ਨੇ ਸੀਨੀਅਰ ਕਾਂਗਰਸ ਆਗੂ ਤੇ ਪੰਜਾਬ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕੋਲੋਂ ‘ਪੰਜਾਬ ਵਿਚ 50 ਬੰਬ ਪੁੱਜਣ’ ਨਾਲ ਸਬੰਧਤ ਬਿਆਨ ਨੂੰ ਲੈ ਕੇ ਦਰਜ ਕੇਸ ਵਿਚ ਅੱਜ ਛੇ ਘੰਟੇ ਤੋਂ ਵੱਧ ਸਮੇਂ ਲਈ ਪੁੱਛ ਪੜਤਾਲ ਕੀਤੀ। ਬਾਜਵਾ ਮੁਹਾਲੀ ਦੇ ਸਾਈਬਰ ਅਪਰਾਧ ਪੁਲੀਸ ਥਾਣੇ ਵਿਚ ਦੂਜੀ ਵਾਰ ਪੁੱਛ ਪੜਤਾਲ ਲਈ ਪੁੱਜੇ ਸਨ। ਇਸ ਤੋਂ ਪਹਿਲਾਂ 15 ਅਪਰੈਲ ਨੂੰ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ। ਸ਼ਾਮ ਸਮੇਂ ਪੁਲੀਸ ਥਾਣੇ ਤੋਂ ਬਾਹਰ ਆਏ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ।

ਬਾਜਵਾ ਖਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਧਾਰਾਵਾਂ 197(1)(ਡੀ) ਤੇ 353(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਜਵਾ ਨੇ ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 22 ਅਪਰੈਲ ਨੂੰ ਬਾਜਵਾ ਨੂੰ ਗ੍ਰਿਫ਼ਤਾਰੀ ਤੋਂ ਮਿਲੀ ਅੰਤਰਿਮ ਸੁਰੱਖਿਆ ਵਧਾ ਦਿੱਤੀ ਸੀ, ਹਾਲਾਂਕਿ ਕੇਸ ਦੀ ਜਾਂਚ ’ਤੇ ਕੋਈ ਰੋਕ ਨਹੀਂ ਲਾਈ। 
ਹਾਈ ਕੋਰਟ ਨੇ 16 ਅਪਰੈਲ ਨੂੰ ਪਿਛਲੀ ਸੁਣਵਾਈ ਮੌਕੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਕੇਸ ਦੇ ਸਬੰਧ ਵਿੱਚ 22 ਅਪਰੈਲ ਤੱਕ ਬਾਜਵਾ ਖਿਲਾਫ਼ ਸਖ਼ਤ ਕਾਰਵਾਈ ਨਾ ਕਰੇ। ਅਦਾਲਤ ਨੇ ਬਾਜਵਾ ਨੂੰ ਮੀਡੀਆ ਵਿਚ ਇਸ ਸਬੰਧੀ ਕੋਈ ਪ੍ਰੈਸ ਬਿਆਨ ਦੇਣ ਤੋਂ ਵੀ ਵਰਜਿਆ ਸੀ। 
ਕਾਬਿਲੇਗੌਰ ਹੈ ਕਿ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ, ਬਾਜਵਾ ਨੇ ਦਾਅਵਾ ਕੀਤਾ ਸੀ ‘‘ਮੈਨੂੰ ਪਤਾ ਲੱਗਾ ਹੈ ਕਿ 50 ਬੰਬ ਪੰਜਾਬ ਪਹੁੰਚ ਚੁੱਕੇ ਹਨ। ਇਸ ਵਿੱਚੋਂ 18 ਫਟ ਚੁੱਕੇ ਹਨ, 32 ਅਜੇ ਫਟਣੇ ਬਾਕੀ ਹਨ।’’