ਵੈਟਨਰੀ ਯੂਨੀਵਰਸਿਟੀ ਨੇ ਪਸ਼ੂਧਨ ਖੇਤਰ ਵਿੱਚ ਨਿਵੇਕਲੇ ਉਪਰਾਲਿਆਂ ਲਈ ਸ਼ੁਰੂ ਕੀਤਾ ਇਨਕਿਉਬੇਸ਼ਨ ਸਥਾਨ

ਲੁਧਿਆਣਾ 25 ਮਾਰਚ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਇਕ ਅਹਿਮ ਕਾਰਗੁਜ਼ਾਰੀ ਦਰਜ ਕਰਦੇ ਹੋਏ ਪਸ਼ੂਧਨ ਖੇਤਰ ਵਿੱਚ ਨਿਵੇਕਲੇ ਉਪਰਾਲਿਆਂ ਲਈ ਇਨਕਿਉਬੇਸ਼ਨ ਸਥਾਨ ਦਾ ਉਦਘਾਟਨ ਕੀਤਾ। ਇਹ ਸਥਾਨ ਵੈਟਨਰੀ ਲਾਈਵਸਟਾਕ ਇਨੋਵੇਸ਼ਨ ਅਤੇ ਇਨਕਿਉਬੇਸ਼ਨ ਫਾਉਂਡੇਸ਼ਨ, ਸੈਕਸ਼ਨ 8 ਕੰਪਨੀ ਤਹਿਤ ਆਰੰਭਿਆ ਗਿਆ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਦਾ ਵਿਧੀਵਤ ਉਦਘਾਟਨ ਕੀਤਾ, ਜਿਸ ਵਿੱਚ ਡਾ. ਪਰਵੀਨ ਰਾਏ, ਸਾਇੰਸ ਅਤੇ ਤਕਨਾਲੋਜੀ ਵਿਭਾਗ ਵੀ ਆਨਲਾਈਨ ਮਾਧਿਅਮ ਰਾਹੀਂ ਸ਼ਾਮਿਲ ਹੋਏ।

          ਡਾ. ਗਿੱਲ ਨੇ ਇਸ ਕੇਂਦਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਹੂਲਤ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਨਿਧੀ ਪ੍ਰੋਗਰਾਮ ਰਾਹੀਂ ਪ੍ਰਾਪਤ ਹੋਈ ਹੈ। ਇਸ ਕੇਂਦਰ ਦੇ ਮਾਧਿਅਮ ਰਾਹੀਂ ਡੇਅਰੀ ਖੇਤਰ ਵਿੱਚ ਨਿਵੇਕਲੇ ਉਦਮਾਂ ਦੇ ਵਿਕਾਸ ਵਾਸਤੇ ਖੋਜ ਕੀਤੀ ਜਾਏਗੀ ਅਤੇ ਅਜਿਹਾ ਸਹਿਯੋਗੀ ਵਾਤਾਵਰਣ ਸਿਰਜਿਆ ਜਾਏਗਾ ਜਿਸ ਤਹਿਤ ਨਵੇਂ ਕਿੱਤੇ ਸਥਾਪਿਤ ਕੀਤੇ ਜਾ ਸਕਣ। ਇਸ ਮੰਤਵ ਹਿਤ ਨਵੇਂ ਉਦਮੀਆਂ ਨੂੰ ਹੁਲਾਰਾ ਦੇਣ ਲਈ 10 ਲੱਖ ਦੀ ਵਿਤੀ ਮਦਦ ਬੁਨਿਆਦੀ ਗ੍ਰਾਂਟ ਵਜੋਂ ਵੀ ਦਿੱਤੀ ਜਾਵੇਗੀ। ਚਾਹਵਾਨ ਸਟਾਰਟਅੱਪ ਇਸ ਕੇਂਦਰ ਦੀ ਵੈਬਸਾਈਟ ਦੇ ਮਾਧਿਅਮ ਰਾਹੀਂ ਆਪਣੇ ਨਾਮ ਦਰਜ ਕਰਵਾ ਸਕਦੇ ਹਨ।
          ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਅਤੇ ਇਸ ਪ੍ਰਾਜੈਕਟ ਦੇ ਮੁੱਖ ਨਿਰੀਖਕ ਨੇ ਵਿਭਾਗ ਦੇ ਇਸ ਉਪਰਾਲੇ ਲਈ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਇਸ ਕੇਂਦਰ ਵਿੱਚ 11 ਉਦਮੀ ਪਹਿਲਾਂ ਹੀ ਦਰਜ ਕਰ ਲਏ ਗਏ ਹਨ ਜਿਹੜੇ ਕਿ ਡੇਅਰੀ ਖੇਤਰ ਵਿੱਚ ਨਵੇਂ ਉਪਰਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਉਨ੍ਹਾਂ ਨੂੰ ਅਜਿਹਾ ਢੁੱਕਵਾਂ ਮਾਹੌਲ ਮਿਲੇਗਾ ਜਿਸ ਨਾਲ ਉਹ ਆਪਣੇ ਉਦਮਾਂ ਨੂੰ ਨਵੀਨ ਢੰਗ ਨਾਲ ਸਥਾਪਿਤ ਕਰ ਸਕਣਗੇ।
          ਇਸ ਉਦਘਾਟਨੀ ਸਮਾਗਮ ਵਿੱਚ ਡਾ. ਸੀ ਐਸ ਯਾਦਵਾ, ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਨਾਲ ਯੂਨੀਵਰਸਿਟੀ ਦੇ ਡੀਨ ਅਤੇ ਨਿਰਦੇਸ਼ਕਾਂ ਨੇ ਵੀ ਸ਼ਮੂਲੀਅਤ ਕੀਤੀ।