
ਯੂ.ਪੀ. ਤੋਂ ਅਸਲਾ ਲਿਆ ਕੇ ਮੁਹਾਲੀ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਬਦਮਾਸ਼ੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ
ਐਸ ਏ ਐਸ ਨਗਰ, 28 ਮਈ- ਮੁਹਾਲੀ ਪੁਲੀਸ ਨੇ ਅਸਲੇ ਦੀ ਨੋਕ ’ਤੇ ਮੁਹਾਲੀ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਤੋਂ ਇਕ ਦੇਸੀ ਕੱਟਾ 315 ਸਮੇਤ ਇਕ ਜਿੰਦਾ ਕਾਰਤੂਸ 315 ਬੋਰ, ਅਤੇ ਇਕ ਦੇਸੀ 32 ਬੋਰ ਪਿਸਤੌਲ ਬਰਾਮਦ ਕੀਤੇ ਗਏ ਹਨ।
ਐਸ ਏ ਐਸ ਨਗਰ, 28 ਮਈ- ਮੁਹਾਲੀ ਪੁਲੀਸ ਨੇ ਅਸਲੇ ਦੀ ਨੋਕ ’ਤੇ ਮੁਹਾਲੀ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਤੋਂ ਇਕ ਦੇਸੀ ਕੱਟਾ 315 ਸਮੇਤ ਇਕ ਜਿੰਦਾ ਕਾਰਤੂਸ 315 ਬੋਰ, ਅਤੇ ਇਕ ਦੇਸੀ 32 ਬੋਰ ਪਿਸਤੌਲ ਬਰਾਮਦ ਕੀਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. ਸਿਟੀ ਸ਼੍ਰੀ ਸ੍ਰੀਵੀਨੀਲਾ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ.ਐਸ.ਪੀ. ਸ਼੍ਰੀ ਹਰਮਨਦੀਪ ਸਿੰਘ ਹੰਸ ਦੀਆਂ ਹਿਦਾਇਤਾਂ ’ਤੇ ਨਜਾਇਜ ਅਸਲੇ ਨਾਲ ਹੋ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਅਤੇ ਗੈਂਗਸਟਰਾਂ ’ਤੇ ਕਾਬੂ ਕਰਨ ਲਈ ਜਿਲ੍ਹਾ ਪੁਲੀਸ ਵੱਲੋਂ ਚਲਾਈ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਨਾਮ ਸੋਮ, ਆਰਿਸ਼ ਚੌਧਰੀ, ਅਕਾਸ਼ ਚੌਧਰੀ ਅਤੇ ਹਰਮਿੰਦਰ ਸਿੰਘ ਹਨ। ਇਹ ਸਾਰੇ ਵਿਅਕਤੀ ਯੂ.ਪੀ. ਦੇ ਰਹਿਣ ਵਾਲੇ ਹਨ ਅਤੇ ਇਹ ਮੁਹਾਲੀ ਵਿਚ ਵੱਖ-ਵੱਖ ਜਗ੍ਹਾ ’ਤੇ ਕਿਰਾਏ ’ਤੇ ਰਹਿੰਦੇ ਹਨ ਅਤੇ ਇਕੱਠੇ ਹੋ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਯੂ.ਪੀ. ਸਾਈਡ ਤੋਂ ਹੀ ਅਸਲਾ ਲਿਆਉਂਦੇ ਹਨ ਅਤੇ ਪੰਜਾਬ ਵਿਚ ਆ ਕੇ ਵਾਰਦਾਤਾਂ ਕਰਦੇ ਹਨ। ਇਹਨਾਂ ਵਿਅਕਤੀਆਂ ਵੱਲੋਂ 25 ਮਈ ਨੂੰ ਪਿੰਡ ਲਖਨੌਰ (ਥਾਣਾ ਸੋਹਾਣਾ) ਵਿਖੇ ਵੀ ਫਾਇਰਿੰਗ ਕੀਤੀ ਗਈ ਸੀ ਅਤੇ ਪਿਛਲੇ ਦਿਨੀਂ ਹੀਰੋ ਹੋਮਜ ਸੈਕਟਰ 88 ਮੁਹਾਲੀ ਪਾਸ ਵੀ ਅਸਲਾ ਲੈ ਕੇ ਬਦਮਾਸ਼ੀ ਕੀਤੀ ਸੀ। ਇਹਨਾਂ ਵੱਲੋਂ ਕੁਝ ਸਮਾਂ ਪਹਿਲਾਂ ਉਦਯੋਗਿਕ ਖੇਤਰ ਵਿਖੇ ਵੀ ਫਾਇਰਿੰਗ ਕਰਨ ਸੰਬੰਧੀ ਗੱਲ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਵੱਲੋਂ ਆਪਣਾ ਨਾਮ ਚਮਕਾਉਣ ਲਈ ਇਕ ਗੈਂਗ ਬਣਾਇਆ ਜਾ ਰਿਹਾ ਸੀ ਅਤੇ ਮੁਹਾਲੀ ਵਿਚ ਨਜਾਇਜ ਹਥਿਆਰਾਂ ਨਾਲ ਫਾਇਰਿੰਗ ਕਰਕੇ, ਲੜਾਈ-ਝਗੜੇ ਕਰਕੇ ਲੋਕਾਂ ਵਿਚ ਆਪਣੀ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਉਹਨਾਂ ਦੱਸਿਆ ਕਿ ਇਸ ਗਿਰੋਹ ਦਾ ਮੁਖੀ ਸੋਮ ਹੈ ਅਤੇ ਇਹਨਾਂ ਵੱਲੋਂ ਸਾਰੀਆਂ ਵਾਰਦਾਤਾਂ ਸੋਮ ਦੇ ਇਸ਼ਾਰੇ ’ਤੇ ਹੀ ਕੀਤੀਆਂ ਜਾਂਦੀਆਂ ਸਨ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਇਹ ਸਾਰੇ ਆਦਤਨ ਅਪਰਾਧੀ ਹਨ ਅਤੇ ਇਹਨਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਹ ਸਾਰੇ ਪਿੰਡ ਮਦਨਪੁਰ ਵਿਚ ਕਿਰਾਏ ’ਤੇ ਰਹਿੰਦੇ ਸਨ। ਆਰਿਸ਼ ਚੌਧਰੀ ਵਾਸੀ ਪਿੰਡ ਤਾਲਵੀ ਜਿਲ੍ਹਾ ਮੁਜਫਰਨਗਰ (ਯੂ.ਪੀ.) ਦੇ ਖਿਲਾਫ ਥਾਣਾ ਕੋਤਵਾਲੀ ਜਿਲ੍ਹਾ ਸ਼ਾਮਲੀ ਵਿਖੇ ਅਸਲਾ ਐਕਟ ਤਹਿਤ 2 ਮਾਮਲੇ ਦਰਜ ਹਨ। ਹਰਮਿੰਦਰ ਸਿੰਘ ਵਾਸੀ ਪਿੰਡ ਬਾਜੂ ਜਿਲ੍ਹਾ ਸਹਾਰਨਪੁਰ (ਯੂ.ਪੀ.) ਦੇ ਖਿਲਾਫ ਥਾਣਾ ਅਦਰਸ਼ ਮੰਡੀ ਜਿਲ੍ਹਾ ਸ਼ਾਮਲੀ ਵਿਖੇ ਅਸਲਾ ਐਕਟ ਤਹਿਤ 1 ਮੁਕੱਦਮਾ ਦਰਜ ਹੈ। ਅਕਾਸ਼ ਚੌਧਰੀ ਵਾਸੀ ਪਿੰਡ ਕਿਰਨਲ ਜਿਲ੍ਹਾ ਬਾਗਪਤ (ਯੂ.ਪੀ.) ਖਿਲਾਫ ਅਸਲਾ ਐਕਟ ਤਹਿਤ 4 ਮਾਮਲੇ ਦਰਜ ਹਨ।
