
ਜ਼ਿਲ੍ਹਾ ਨਸ਼ਾ ਛੁਡਾਊ ਤੇ ਮੁੜ-ਵਸੇਬਾ ਸੈਂਟਰ ਵੱਲੋਂ ਘੋੜ ਸਵਾਰੀ ਉਤਸਵ ਦੌਰਾਨ ਦਿੱਤਾ ਗਿਆ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਮਾਰਚ, 2025: ਜ਼ਿਲ੍ਹੇ ਦੇ ਪਿੰਡ ਕਰੋਰਾਂ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੀ ਪਹਿਲਕਦਮੀ ’ਤੇ ਲਾਏ ਗਏ ਦੋ ਦਿਨਾਂ ਘੋੜ ਸਵਾਰੀ ਉਤਸਵ ਦੌਰਾਨ ਜ਼ਿਲ੍ਹਾ ਨਸ਼ਾ ਛੁਡਾਊ ਤੇ ਮੁੜ-ਵਸੇਬਾ ਸੈਂਟਰ ਵੱਲੋਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਮਾਰਚ, 2025: ਜ਼ਿਲ੍ਹੇ ਦੇ ਪਿੰਡ ਕਰੋਰਾਂ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੀ ਪਹਿਲਕਦਮੀ ’ਤੇ ਲਾਏ ਗਏ ਦੋ ਦਿਨਾਂ ਘੋੜ ਸਵਾਰੀ ਉਤਸਵ ਦੌਰਾਨ ਜ਼ਿਲ੍ਹਾ ਨਸ਼ਾ ਛੁਡਾਊ ਤੇ ਮੁੜ-ਵਸੇਬਾ ਸੈਂਟਰ ਵੱਲੋਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੋਨਮ ਚੌਧਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੀ ਪਹਿਲਕਦਮੀ ’ਤੇ ਲਾਏ ਗਏ ਇਸ ਜਾਗਰੂਕਤਾ ਦਾ ਮੰਤਵ ਪੰਜਾਬ ਸਰਕਾਰ ਦੀ ਹਾਲੀਆ ਮੁਹਿੰਮ ‘ਯੁੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਸਖ਼ਤ ਮੁਹਿੰਮ ਦੇ ਨਾਲ-ਨਾਲ ਪੀੜਿਤਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਕੀਤੇ ਗਏ ਤਹੱਈਏ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵੀ ਸੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਨਸ਼ਾ ਛੁਡਾਊ ਤੇ ਮੁੜ-ਵਸੇਬਾ ਸੈਂਟਰ, ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣੀ ਜ਼ਿਲ੍ਹਾ ਨਸ਼ਾ-ਮੁਕਤੀ ਤੇ ਮੁੜ-ਵਸੇਬਾ ਸੁਸਾਇਟੀ ਦੀ ਸਰਪ੍ਰਸਤੀ ਹੇਠ ਸੈਕਟਰ 66, ਮੋਹਾਲੀ ਵਿਖੇ ਚਲਾਇਆ ਜਾ ਰਿਹਾ ਹੈ, ਜਿੱਥੇ ਓਟ ਕੇਂਦਰ ਨਾਲ ਸਬੰਧਤ ਓ ਪੀ ਡੀ ਸੇਵਾਵਾਂ ਦੇਣ ਤੋਂ ਇਲਾਵਾ ਇੰਨਡੋਰ (ਮਰੀਜ਼ ਨੂੰ ਦਾਖਲ ਕਰਕੇ) ਇਲਾਜ ਦੇਣ ਦੀ ਸੁਵਿਧਾ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਖੇ ਨਸ਼ਾ ਛੱਡਣ ਦੀ ਮੁਫ਼ਤ ਦਵਾਈ ਦੇਣ ਤੋਂ ਇਲਾਵਾ ਦਾਖਲ ਹੋਣ ਵਾਲੇ ਮਰੀਜ਼ਾਂ ਲਈ ਖਾਣੇ ਦਾ ਵੀ ਮੁਫ਼ਤ ਪ੍ਰਬੰਧ ਹੈ। ਮਰੀਜ਼ਾਂ ਨੂੰ ਕੌਂਸਲਿੰਗ ਸੇਵਾਵਾਂ ਦੇਣ ਦੇ ਨਾਲ-ਨਾਲ ਯੋਗ- ਸਾਧਨਾ ਵੀ ਕਰਵਾਈ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਸਮਾਜਿਕ ਬੁਰਾਈ ਤੋਂ ਦੂਰ ਕਰਨ ਲਈ ਉਨ੍ਹਾਂ ਦੀ ਇੱਛਾ ਸ਼ਕਤੀ ਨੂੰ ਮਜ਼ਬੂਤ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਇਸ ਕੇਂਦਰ ’ਚ ਇਲਾਜ ਲੈਣ ਵਾਲੇ ਪੀੜਤਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਸਕਿੱਲ ਕੋਰਸ ਵੀ ਸਿਖਾਉਣ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਉਹ ਹੱਥੀਂ ਹੁਨਰ ਪ੍ਰਾਪਤ ਕਰਕੇ, ਇਲਾਜ ਮੁਕੰਮਲ ਹੋਣ ਉਪਰੰਤ ਵਿੱਤੀ ਤੌਰ ’ਤੇ ਮਜ਼ਬੂਤ ਹੋ ਸਕਣ।
ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਪਰਿਵਾਰ ਨੂੰ ਆਪਣੇ ਕਿਸੇ ਮੈਂਬਰ ਦੀਆਂ ਗਤੀਵਿਧੀਆਂ ਨਸ਼ਾ ਕਰਨ ਵਾਲੇ ਲੱਛਣਾਂ ਨਾਲ ਮਿਲਦੀਆਂ ਜਾਪਦੀਆਂ ਹਨ ਤਾਂ ਉਹ ਇਸ ਕੇਂਦਰ ਨਾਲ ਸੰਪਰਕ ਕਰਕੇ, ਮਨੋ ਰੋਗ ਮਾਹਿਰਾਂ ਦੀਆਂ ਸੇਵਾਵਾਂ ਹਾਸਲ ਕਰ, ਉਸ ਨੂੰ ਮੁੜ ਤੋਂ ਖੁਸ਼ਹਾਲ ਜ਼ਿੰਦਗੀ ਨਾਲ ਜੋੜਨ ਤਾਂ ਜੋ ਨਸ਼ਿਆਂ ਨੂੰ ਤਿਲਾਂਜਲੀ ਦੇ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
