ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਸਾਕੇਤ ਹਸਪਤਾਲ ਤੇ ਓਟ ਕਲੀਨਿਕ ਦਾ ਅਚਨਚੇਤ ਦੌਰਾ

ਪਟਿਆਲਾ, 27 ਫਰਵਰੀ- ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਅੱਜ ਰੈੱਡ ਕਰਾਸ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਸਾਕੇਤ ਹਸਪਤਾਲ ਤੇ ਮਾਡਲ ਟਾਊਨ ਓਟ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਾਕੇਤ ਹਸਪਤਾਲ 'ਚ ਡੇਅਰੀ ਫਾਰਮਿੰਗ ਦੀ ਟਰੇਨਿੰਗ ਲੈ ਰਹੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਕਿੱਤਾ ਮੁਖੀ ਕੋਰਸ ਸਬੰਧੀ ਫੀਡਬੈਕ ਪ੍ਰਾਪਤ ਕੀਤੀ।

 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੜ ਵਸੇਬਾ ਕੇਂਦਰਾਂ 'ਚ ਇਲਾਜ ਕਰਵਾ ਰਹੇ ਵਿਅਕਤੀਆਂ ਦੇ ਪੁਨਰ ਵਸੇਬੇ ਲਈ ਉਨ੍ਹਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਡੇਅਰੀ ਫਾਰਮਿੰਗ ਦੇ ਨਾਲ ਨਾਲ ਮੱਛੀ ਪਾਲਣ, ਇਲੈਕਟ੍ਰੀਸ਼ੀਅਨ, ਮਧੂ ਮੱਖੀ ਪਾਲਣ, ਪਲੰਬਰ ਵਰਗੇ ਹੋਰ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾਣਗੇ। 
ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰਜਿਸਟਰ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾ ਸਕਣ ਤੇ ਉਹ ਆਤਮ ਨਿਰਭਰ ਹੋਕੇ ਸਮਾਜ ਦੀ ਮੁਖਧਾਰਾ ਨਾਲ ਚੱਲ ਸਕਣ। 
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਾਕੇਤ ਹਸਪਤਾਲ ਵਿਖੇ ਸਹਿਯੋਗੀ ਹੈਲਪਲਾਈਨ ਨੰਬਰ 0175-2213385 ਕਾਰਜਸ਼ੀਲ ਹੈ, ਜੋ ਨਸ਼ਾ ਛੱਡਣ ਵਾਲਿਆਂ ਸਮੇਤ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਕਰਨ ਦੇ ਚਾਹਵਾਨਾਂ ਲਈ ਇੱਕ ਚੰਗਾ ਪਲੇਟਫਾਰਮ ਹੈ, ਕਿਉਂਕਿ ਅਜਿਹੇ ਵਿਅਕਤੀਆਂ ਦੀ ਪਛਾਣ ਗੁਪਤ ਰੱਖੀ ਜਾਂਦੀ ਅਤੇ ਉਨ੍ਹਾਂ ਨੂੰ ਬਿਹਤਰ ਸਲਾਹ ਦੇ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। 
ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਸਾਕੇਤ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਤੇ ਮਰੀਜ਼ਾਂ ਲਈ ਪੇਂਟਿੰਗ ਰੂਮ, ਜਿੰਮ, ਪੂਜਾ ਰੂਮ ਵਰਗੀਆਂ ਸਹੂਲਤਾਂ ਵੀ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਛੱਡ ਚੁੱਕੇ ਵਿਅਕਤੀਆਂ ਦੀ ਹਸਪਤਾਲ ਵੱਲੋਂ ਲਗਾਤਾਰ ਟੈਲੀ ਕਾਊਂਸਲਿੰਗ (ਫ਼ੋਨ ਜਰੀਏ) ਕੀਤੀ ਜਾਂਦੀ ਹੈ ਤਾਂ ਜੋ ਉਹ ਦੁਬਾਰਾ ਗਲਤ ਰਸਤੇ 'ਤੇ ਨਾ ਪੈਣ। 
ਇਸ ਉਪਰੰਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਮਾਡਲ ਟਾਊਨ ਓਟ ਕਲੀਨਿਕ ਦਾ ਦੌਰਾ ਕੀਤਾ ਅਤੇ ਸਟਾਫ਼ ਪਾਸੋਂ ਦਵਾਈ ਲੈ ਰਹੇ ਮਰੀਜ਼ਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।