ਸਫਾਈ ਕਰਮਚਾਰੀਆਂ ਦੀ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਮੁਲਾਜ਼ਮਾਂ ਵੱਲੋਂ ਕੀਤੀ ਭੁੱਖ ਹੜਤਾਲ ਦੂਜੇ ਦਿਨ ਵਿੱਚ ਦਾਖਲ

ਲਾਲੜੂ , 28 ਸਤੰਬਰ - ਨਗਰ ਕੌਂਸਲ ਲਾਲੜੂ ਦੇ ਦਫ਼ਤਰ ਅੱਗੇ ਕਾਰਜਸਾਧਕ ਦੇ ਖਿਲਾਫ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਰੋਸ਼ ਵਜੋਂ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਲਾਲੜੂ ਦੇ ਮੈਂਬਰਾਂ ਜਗਜੀਤ ਸਿੰਘ, ਅਮਰਨਾਥ, ਸੁਖਵਿੰਦਰ ਸਿੰਘ, ਅਮਿਤ, ਰਿੰਕੂ ਵਲੋਂ ਭੁੱਖ ਹੜਤਾਲ ਕੀਤੀ ਗਈ।

ਲਾਲੜੂ  , 28 ਸਤੰਬਰ - ਨਗਰ ਕੌਂਸਲ ਲਾਲੜੂ ਦੇ ਦਫ਼ਤਰ ਅੱਗੇ ਕਾਰਜਸਾਧਕ  ਦੇ ਖਿਲਾਫ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਦੇ ਰੋਸ਼ ਵਜੋਂ  ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ  ਬ੍ਰਾਂਚ ਲਾਲੜੂ ਦੇ ਮੈਂਬਰਾਂ ਜਗਜੀਤ ਸਿੰਘ, ਅਮਰਨਾਥ, ਸੁਖਵਿੰਦਰ ਸਿੰਘ, ਅਮਿਤ, ਰਿੰਕੂ ਵਲੋਂ ਭੁੱਖ ਹੜਤਾਲ ਕੀਤੀ ਗਈ। 
          ਇਸ ਦੌਰਾਨ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਨੇ  ਕਿਹਾ  ਕਿ ਨਗਰ ਕੌਸਲ ਲਾਲੜੂ ਅਧੀਨ ਪਿਛਲੇ 10-12 ਸਾਲਾਂ ਤੋਂ ਬਤੌਰ ਸਫਾਈ ਮੁਲਾਜ਼ਮ ਕੰਮ ਕਰਦੇ ਕਿਰਤੀਆਂ ਦਾ ਠੇਕੇਦਾਰ ਵੱਲੋਂ ਪੀ.ਐਫ., ਈ.ਐਸ.ਆਈ. ਜਮਾ ਨਹੀਂ ਕਰਵਾਇਆ  ਗਿਆ, ਜਦਕਿ ਈ.ਓ.  ਵੱਲੋਂ ਪੀ.ਐਫ ਅਤੇ ਈ.ਐਸ.ਆਈ. ਦੇ ਪੈਸੇ ਜਮ੍ਹਾਂ ਕਰਵਾ ਕੇ ਚਲਾਨ ਫਾਰਮ ਠੇਕੇਦਾਰ ਕੋਲੋਂ ਲੈਣਾ ਹੁੰਦਾ ਹੈ , ਪਰ  ਨਗਰ ਕੌਂਸਲ ਦਫ਼ਤਰ ਦੀ ਠੇਕੇਦਾਰ ਨਾਲ ਕਥਿਤ ਮਿਲੀਭੁਗਤ ਹੋਣ ਕਾਰਨ ਚਲਾਨ ਫਾਰਮ ਨਾ ਲੈ ਕੇ ਠੇਕੇਦਾਰ ਨੂੰ ਹੁਣ ਤੱਕ ਹਰ ਮਹੀਨੇ  ਪੇਮੈਂਟ ਕੀਤੀ ਜਾਂਦੀ ਰਹੀ ਹੈ, ਜਿਸ ਕਾਰਨ ਕਰਮਚਾਰੀਆਂ ਦਾ ਭਾਰੀ ਨੁਕਸਾਨ ਹੋਇਆ। 
ਇਸ ਤੋਂ ਇਲਾਵਾ ਕਰਮਚਾਰੀਆਂ ਦੀ ਤਨਖਾਹ ਵਿੱਚੋਂ 18 ਦਿਨਾਂ ਦੇ ਕੱਟੇ ਗਏ ਪੈਸੇ ਰਿਲੀਜ਼ ਕਰਵਾਏ ਜਾਣ ਅਤੇ ਸਰਕਾਰ ਦੇ ਹੁਕਮਾਂ ਅਨੁਸਾਰ ਕਰਮਚਾਰੀਆਂ ਨੂੰ ਬੋਨਸ, ਗੈਚੂਇਟੀ ਦਿੱਤਾ ਜਾਵੇ ਤੇ ਬਲਜਿੰਦਰ ਸਿੰਘ ਸਫਾਈ ਸੇਵਕ ਦੀ ਡਿਊਟੀ ਦੌਰਾਨ ਹੋਈ ਮੌਤ ਦਾ ਕਲੇਮ ਵੀ ਨਹੀਂ ਦਿੱਤਾ ਗਿਆ । ਇਸ ਤੋਂ ਇਲਾਵਾ  ਠੇਕੇਦਾਰ ਕੋਲ ਕੰਮ ਕਰਦੇ ਕਰਮਚਾਰੀਆਂ ਨੂੰ ਤਜਰਬਾ ਸਰਟੀਫਿਕੇਟ ਅਤੇ ਨਿਯੁਕਤੀ ਪੱਤਰ ਪੰਜਾਬ ਸਰਕਾਰ ਦੀ ਪਾਲਿਸੀ ਅਨੁਸਾਰ ਦਿੱਤੇ ਜਾਣ। ਕਿਰਤ ਵਿਭਾਗ ਵੱਲੋਂ ਵੱਧੇ ਰੇਟ ਅਨੁਸਾਰ ਤਨਖਾਹ ਅਤੇ ਪਿਛਲਾ ਏਰੀਅਰ ਨਾ ਦੇਣ ਕਾਰਨ, ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਨਗਰ ਕੌਂਸਲ ਦਫਤਰ ਅੱਗੇ ਪਹਿਲਾਂ ਵੀ ਲਗਾਤਾਰ ਧਰਨਾ ਦਿੱਤਾ ਗਿਆ ਸੀ ਅਤੇ ਹੁਣ ਅੱਜ 28 ਸਤੰਬਰ  ਨੂੰ ਦੂਜੇ ਦਿਨ ਵੀ ਕਰਮਚਾਰੀਆਂ ਵੱਲੋਂ  ਭੁੱਖ ਹੜਤਾਲ ਕੀਤੀ ਗਈ।
ਜਿਸ ਦੌਰਾਨ ਕਾਰਜਸਾਧਕ ਅਫਸਰ ਅਤੇ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਦੀ ਕੋਈ ਸਾਰ ਨਹੀਂ ਲਈ ਗਈ, ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀ ਨੇ ਫੈਸਲਾ ਕੀਤਾ  ਕਿ ਜਦ ਤੱਕ ਕੌਂਸਲ  ਦੇ  ਅਧਿਕਾਰੀਆਂ  ਵੱਲੋਂ ਮੁਲਾਜ਼ਮ ਵਿਰੋਧੀ ਨੀਤੀਆਂ ਬੰਦ ਨਹੀਂ ਕੀਤੀਆਂ ਜਾਂਦੀਆਂ ਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ  ਉਦੋਂ ਤੱਕ  ਹਰ ਰੋਜ਼ ਵਰਕਰਾਂ ਵੱਲੋਂ ਭੁੱਖ ਹੜਤਾਲ ਕੀਤੀ ਜਾਵੇਗੀ। ਇਸ ਦੌਰਾਨ ਜੇਕਰ ਕਿਸੇ ਦਾ ਜਾਨੀ- ਮਾਲੀ ਨੁਕਸਾਨ ਹੋਇਆ ਉਸ ਦੇ ਜ਼ਿੰਮੇਵਾਰ ਨਗਰ ਕੌਂਸਲ  ਦੇ ਅਧਿਕਾਰੀ ਤੇ ਪ੍ਰਸ਼ਾਸਨ ਹੋਵੇਗਾ।