ਫੇਜ਼ 2 ਵਿਖੇ ਬਾਂਦਰਾਂ ਨੇ ਮਚਾਈ ਦਹਿਸ਼ਤ, ਜਿਲਾ ਪ੍ਰਸਾਸ਼ਨ ਕੋਲੋਂ ਮੱਦਦ ਦੀ ਗੁਹਾਰ

ਐਸ ਏ ਐਸ ਨਗਰ, 2 ਜਨਵਰੀ– ਫੇਜ਼-2 ਵਿੱਚ ਬਾਂਦਰਾਂ ਵਲੋਂ ਦਹਿਸ਼ਤ ਮਚਾ ਦਿੱਤੀ ਗਈ ਹੈ ਅਤੇ ਇਹਨਾਂ ਬਾਂਦਰਾਂ ਕਾਰਨ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ। ਇਹਨਾਂ ਬਾਂਦਰਾਂ ਕਾਰਨ ਨਾ ਤਾਂ ਘਰ ਦੀ ਛੱਤ ਤੇ ਕੋਈ ਖਾਣ ਵਾਲੀ ਚੀਜ਼ ਰੱਖੀ ਜਾ ਸਕਦੀ ਹੈ ਅਤੇ ਨਾ ਹੀ ਬੱਚਿਆਂ ਨੂੰ ਘਰ ਦੇ ਵਿਹੜੇ ਜਾਂ ਪਾਰਕ ਵਿੱਚ ਖੇਡਣ ਲਈ ਭੇਜਿਆ ਜਾ ਸਕਦਾ ਹੈ।

ਐਸ ਏ ਐਸ ਨਗਰ, 2 ਜਨਵਰੀ– ਫੇਜ਼-2 ਵਿੱਚ ਬਾਂਦਰਾਂ ਵਲੋਂ ਦਹਿਸ਼ਤ ਮਚਾ ਦਿੱਤੀ ਗਈ ਹੈ ਅਤੇ ਇਹਨਾਂ ਬਾਂਦਰਾਂ ਕਾਰਨ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ। ਇਹਨਾਂ ਬਾਂਦਰਾਂ ਕਾਰਨ ਨਾ ਤਾਂ ਘਰ ਦੀ ਛੱਤ ਤੇ ਕੋਈ ਖਾਣ ਵਾਲੀ ਚੀਜ਼ ਰੱਖੀ ਜਾ ਸਕਦੀ ਹੈ ਅਤੇ ਨਾ ਹੀ ਬੱਚਿਆਂ ਨੂੰ ਘਰ ਦੇ ਵਿਹੜੇ ਜਾਂ ਪਾਰਕ ਵਿੱਚ ਖੇਡਣ ਲਈ ਭੇਜਿਆ ਜਾ ਸਕਦਾ ਹੈ।
ਫੇਜ਼ 2 ਮਾਰਕੀਟ ਵਿੱਚ ਖੜਦੇ ਕੁਝ ਰੇਹੜੀ ਵਾਲਿਆਂ ਨੇ ਦੱਸਿਆ ਕਿ ਇਕ ਬਾਂਦਰ ਨੂੰ ਕੁਝ ਦਿਨ ਪਹਿਲਾਂ ਇਕ ਔਰਤ ਛੱਡ ਕੇ ਗਈ ਸੀ। ਉਸ ਦਿਨ ਤੋਂ ਬਾਂਦਰ ਗੱਡੀਆਂ ਦੀਆਂ ਛੱਤਾਂ ਤੇ ਚੜ੍ਹ ਕੇ ਉਕਤ ਔਰਤ (ਜਿਸ ਨੇ ਉਸ ਦਾ ਇਲਾਜ ਕਰਵਾਇਆ ਦੱਸਿਆ ਜਾ ਰਿਹਾ ਹੈ) ਦੀ ਉਡੀਕ ਕਰਦਾ ਰਹਿੰਦਾ ਹੈ। ਉਕਤ ਦੋਵਾਂ ਬਾਂਦਰਾਂ ਦੀ ਦਹਿਸ਼ਤ ਤੋਂ ਫੇਜ਼ 2 ਦੀ ਮਾਰਕੀਟ ਵਾਲੇ ਵੀ ਪਰੇਸ਼ਾਨ ਹਨ।
ਫੇਜ਼-2 ਦੀ ਵਸਨੀਕ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਘਰਾਂ ਵਿੱਚ ਬਾਂਦਰਾਂ ਵਲੋਂ ਮਚਾਏ ਉਤਪਾਤ ਦੀ ਜਾਣਕਾਰੀ ਪ੍ਰਸਾਸ਼ਨ ਨੂੰ ਫੋਨ ਰਾਹੀਂ ਦਿੱਤੀ ਗਈ ਸੀ, ਪ੍ਰੰਤੂ ਲੱਗਦਾ ਹੈ ਕਿ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਇਹਨਾਂ ਬਾਂਦਰਾਂ ਵਲੋਂ ਫੇਜ਼ 2 ਦੀ ਰਹਿਣ ਵਾਲੀ ਪੁਸ਼ਪਾ ਦੇਵੀ ਅਤੇ ਬਲਜਿੰਦਰ ਕੌਰ ਤੇ ਵੀ ਹਮਲਾ ਕਰਕੇ ਉਹਨਾਂ ਨੂੰ ਜਖਮੀ ਕੀਤਾ ਜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ ਸਵੇਰ ਸਮੇਂ ਹੀ ਉਨਾਂ ਦੇ ਘਰ ਦੇ ਅੰਦਰ ਬਾਂਦਰ ਆ ਜਾਂਦੇ ਹਨ ਅਤੇ ਪਰਿਵਾਰ ਵਲੋਂ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਦਿਨ ਘਰ ਦਾ ਦਰਵਾਜਾ ਸਫਾਈ ਕਰਨ ਸਮੇਂ ਖੋਲਿਆ ਗਿਆ ਤਾਂ ਅਚਾਨਕ ਘਰ ਦੇ ਅੰਦਰ ਬਾਂਦਰ ਆ ਵੜਿਆ ਅਤੇ ਜਦੋਂ ਤਕ ਬਾਂਦਰ ਘਰ ਤੋਂ ਬਾਹਰ ਨਹੀਂ ਗਿਆ, ਸਾਰਾ ਪਰਿਵਾਰ ਦਹਿਸ਼ਤ ਦੇ ਮਾਹੌਲ ਵਿੱਚ ਰਿਹਾ।
ਉਨ੍ਹਾਂ ਕਿਹਾ ਕਿ ਜਿਲਾ ਪ੍ਰਸਾਸ਼ਨ ਨੂੰ ਉਕਤ ਬਾਂਦਰਾਂ ਦੇ ਉਤਪਾਤ ਦੀ ਜਾਣਕਾਰੀ ਫੋਨ ਰਾਹੀਂ ਦਿੱਤੀ ਗਈ ਸੀ, ਪ੍ਰੰਤੂ ਹਾਲੇ ਤੱਕ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਹੋਇਆ। ਉਨ੍ਹਾਂ ਡਿਪਟੀ ਕਮਿਸ਼ਨਰ ਮੁਹਾਲੀ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਜਲਦ ਕਰਵਾਇਆ ਜਾਵੇ।
ਇਸ ਸੰਬੰਧੀ ਸੰਪਰਕ ਕਰਨ ਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਬਾਂਦਰਾਂ ਨੂੰ ਜੰਗਲੀ ਜੀਵ ਵਿਭਾਗ ਤਹਿਤ ਆਉਂਦੇ ਜਾਨਵਰਾਂ ਦੀ ਸੂਚੀ ਤੋਂ ਕੱਢਿਆ ਜਾ ਚੁੱਕਿਆ ਹੈ ਅਤੇ ਹੁਣ ਇਹਨਾਂ ਸੰਬੰਧੀ ਕਾਰਵਾਈ ਨਗਰ ਨਿਗਮ ਵਲੋਂ ਕੀਤੀ ਜਾਣੀ ਬਣਦੀ ਹੈ।
ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਉਹਨਾਂ ਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਉਹ ਇਸਦੀ ਜਾਂਚ ਕਰਵਾਉਣਗੇ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।