ਵੈਟਨਰੀ ਯੂਨੀਵਰਸਿਟੀ ਨੇ ਪਸ਼ੂਆਂ ਲਈ ਸੂਖਮ ਖਣਿਜਾਂ ਦੀ ਮਹੱਤਤਾ ਦੱਸਣ ਸੰਬੰਧੀ ਕੀਤਾ ਕੈਂਪ ਦਾ ਆਯੋਜਨ

ਲੁਧਿਆਣਾ 19 ਦਸੰਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਪ੍ਰਾਯੋਜਿਤ ਫਾਰਮਰ ਫਸਟ ਪ੍ਰਾਜੈਕਟ ਤਹਿਤ ਪਿੰਡ ਹਮੀਦੀ ਵਿਖੇ ਡੇਅਰੀ ਪਸ਼ੂਆਂ ਲਈ ਸੂਖਮ ਖਣਿਜਾਂ ਦੀ ਵਰਤੋਂ ਕਰਨ ਸੰਬੰਧੀ ਕੈਂਪ ਲਗਾਇਆ ਗਿਆ। ਸੂਖਮ ਖਣਿਜਾਂ ਵਿੱਚ ਆਇਰਨ, ਮੈਂਗਨੀਜ਼, ਤਾਂਬਾ, ਆਇਓਡੀਨ, ਜ਼ਿੰਕ, ਕੋਬਾਲਟ, ਫਲੋਰਾਈਡ ਅਤੇ ਸੇਲੇਨੀਅਮ ਸ਼ਾਮਲ ਹਨ।

ਇਹ ਪ੍ਰਾਜੈਕਟ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਫਾਰਮਰ ਫਸਟ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਅਗਵਾਈ ਹੇਠ ਕੰਮ ਕਰ ਰਿਹਾ ਹੈ। ਪ੍ਰਾਜੈਕਟ ਦੇ ਪ੍ਰਮੁੱਖ ਨਿਰੀਖਕ ਡਾ. ਪਰਮਿੰਦਰ ਸਿੰਘ ਨੇ ਡੇਅਰੀ ਜਾਨਵਰਾਂ ਲਈ ਸੂਖਮ ਖਣਿਜਾਂ ਦੀ ਮਹੱਤਤਾ ਬਾਰੇ ਦੱਸਿਆ। ਡਾ. ਪਰਮਿੰਦਰ ਸਿੰਘ ਨੇ ਪ੍ਰਜਣਨ ਸਿਹਤ ਨੂੰ ਮਜ਼ਬੂਤ ਕਰਨ ਅਤੇ ਲੇਵੇ ਦੀ ਸੋਜ ਦੀ ਸੰਭਾਵਨਾ ਨੂੰ ਘਟਾਉਣ ਲਈ ਡੇਅਰੀ ਜਾਨਵਰਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਸੂਖਮ ਖਣਿਜਾਂ ਦੀ ਭੂਮਿਕਾ ਬਾਰੇ ਭਾਸ਼ਣ ਦਿੱਤਾ।
ਉਨ੍ਹਾਂ ਨੇ ਦਵਾਈਆਂ ਦੀ ਬੇਲੋੜੀ ਵਰਤੋਂ ਅਤੇ ਜਾਨਵਰ ਦੇ ਇਲਾਜ ਵਿੱਚ ਖਰਚ ਘਟਾਉਣ ਦੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਦੁੱਧ ਦੇ ਸ਼ੁੱਧ ਉਤਪਾਦਨ ਅਤੇ ਡੇਅਰੀ ਜਾਨਵਰਾਂ ਦੀ ਵਧੇਰੇ ਉਤਪਾਦਕਤਾ ਨੂੰ ਯਕੀਨੀ ਬਣਾਉਣ ਲਈ ਲੇਵੇ ਦੀ ਸਿਹਤ ਦੀ ਮਹੱਤਤਾ `ਤੇ ਵੀ ਚਾਨਣਾ ਪਾਇਆ। ਡਾ. ਪ੍ਰਤੀਕ ਸਿੰਘ ਧਾਲੀਵਾਲ ਸਹਿ-ਪ੍ਰਮੁੱਖ ਨਿਰੀਖਕ ਨੇ ਕਿਸਾਨਾਂ ਨੂੰ ਸਰਦੀਆਂ ਵਿੱਚ ਪਸ਼ੂਆਂ ਦੇ ਪ੍ਰਬੰਧਨ ਸੰਬੰਧੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਸ਼ੂਆਂ ਦਾ ਟੀਕਾਕਰਨ ਅਤੇ ਮਲੱਪ ਰਹਿਤ ਕਰਨ ਦੀ ਦਵਾਈ ਵੀ ਨਿਸ਼ਚਿਤ ਅੰਤਰਾਲ ’ਤੇ ਕਰਵਾਉਣੀ ਚਾਹੀਦੀ ਹੈ।
ਲਾਭਪਾਤਰੀ ਕਿਸਾਨਾਂ ਨੂੰ ਸੂਖਮ ਖਣਿਜ ਵਰਤਣ ਦਾ ਢੰਗ ਵੀ ਦੱਸਿਆ ਗਿਆ ਜਿਸ ਵਿੱਚ 25 ਕਿਸਾਨਾਂ ਨੇ ਹਿੱਸਾ ਲਿਆ ਅਤੇ ਪੂਰਨ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪਿੰਡ ਹਮੀਦੀ, ਮੂਮ, ਧਨੇਰ ਅਤੇ ਮਹਿਲ ਕਲਾਂ ਦੀਆਂ ਪੰਚਾਇਤਾਂ ਨੂੰ ਪਲਾਸਟਿਕ ਦੀਆਂ ਕੁਰਸੀਆਂ ਵੀ ਵੰਡੀਆਂ ਗਈਆਂ ਤਾਂ ਜੋ ਭਵਿੱਖ ਵਿੱਚ ਪਸਾਰ ਗਤੀਵਿਧੀਆਂ ਲਈ ਕੈਂਪ ਲਾਉਣ ਲਈ ਸਹੂਲਤ ਮਿਲ ਸਕੇ।