ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੇ ਮਾਮਲੇ 'ਚ ਪੁਲਿਸ ਨੇ ਕੀਤਾ ਇੱਕ ਨੂੰ ਕਾਬੂ

ਪਟਿਆਲਾ, 25 ਮਈ - ਘੱਗਾ ਥਾਣਾ ਖੇਤਰ ਦੇ ਰਹਿਣ ਵਾਲੇ ਗੁਰਦਾਸ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਲਵਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।

ਪਟਿਆਲਾ, 25 ਮਈ -  ਘੱਗਾ ਥਾਣਾ ਖੇਤਰ ਦੇ ਰਹਿਣ ਵਾਲੇ ਗੁਰਦਾਸ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਲਵਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਲਵਪ੍ਰੀਤ ਸਿੰਘ ਦੇ ਜ਼ਰੀਏ ਹੀ ਮ੍ਰਿਤਕ ਗੁਰਦਾਸ ਨੇ ਦੋਸ਼ੀ ਔਰਤ ਮੇਲੋ ਕੌਰ ਨੂੰ ਆਪਣੀ ਸਮਾਰਟ ਘੜੀ ਵੇਚ ਦਿੱਤੀ ਸੀ। ਔਰਤ ਨੇ ਸਮਾਰਟ ਘੜੀ ਦੇ ਬਦਲੇ ਦੋਵਾਂ ਨੂੰ ਚਿੱਟਾ ਵੇਚਿਆ ਸੀ, ਜਿਸ ਦਾ ਟੀਕਾ ਲੱਗਣ ਨਾਲ ਗੁਰਦਾਸ ਦੀ ਮੌਤ ਹੋ ਗਈ। ਮ੍ਰਿਤਕ ਗੁਰਦਾਸ ਵਰਮਾ ਦੇ ਪਿਤਾ ਦਲਜੀਤ ਅਨੁਸਾਰ ਗੁਰਦਾਸ ਕੁਝ ਮਹੀਨੇ ਪਹਿਲਾਂ ਨਸ਼ੇ ਦਾ ਆਦੀ ਹੋ ਗਿਆ ਸੀ ਪਰ ਹੁਣ ਨਸ਼ਾ ਛੱਡਣ ਤੋਂ ਬਾਅਦ ਉਹ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦਾ ਹੈ। 23 ਤਰੀਕ ਨੂੰ ਵੀ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ। ਜਦੋਂ ਪਰਿਵਾਰਕ ਮੈਂਬਰ ਤਲਾਸ਼ ਕਰਨ ਲਈ ਨਿਕਲੇ ਤਾਂ ਗੁਰਦਾਸ ਅਨਾਜ ਮੰਡੀ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਉਸ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ 
ਗੁਰਦਾਸ ਦੀ ਮੌਤ ਹੋ ਗਈ। ਘੱਗਾ  ਥਾਣੇ ਦੇ ਐਸਐਚਓ ਦਰਸ਼ਨ ਸਿੰਘ ਨੇ ਦੱਸਿਆ ਕਿ 22 ਸਾਲਾ ਗੁਰਦਾਸ  ਦੀ ਮੌਤ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।