ਭਾਸ਼ਾ ਵਿਭਾਗ ਵੱਲੋਂ ਰਾਜ ਪੱਧਰੀ ਸਮਾਰੋਹ ਮੌਕੇ ਡਾ ਜੇ ਬੀ ਸੇਖੋਂ ਨੂੰ ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ ਪ੍ਰਦਾਨ
ਗੜ੍ਹਸ਼ੰਕਰ, 6 ਨਵੰਬਰ - ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਮਨਾਏ ਜਾਣ ਵਾਲੇ ਪੰਜਾਬੀ ਮਾਹ ਦਾ ਉਦਘਾਟਨੀ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਕਰਵਾਇਆ ਗਿਆ ਜਿਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੀ ਅਗਵਾਈ ਹੇਠ ਸਾਲ ਦੀਆਂ ਬਿਹਤਰੀਨ ਪੁਸਤਕਾਂ ਦੇ ਲੇਖਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਖ਼ਾਲਸਾ ਕਾਲਜ ਮਾਹਿਲਪੁਰ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ ਜੇ ਬੀ ਸੇਖੋਂ ਨੂੰ ਉਨਾਂ ਦੀ ਪੁਸਤਕ 'ਚੌਥਾ ਪਹਿਰ' ਲਈ ਪ੍ਰਿੰਸੀਪਲ ਤੇਜਾ ਸਿੰਘ ਪੁਰਸਕਾਰ ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕੀਤੀ ਅਤੇ ਪੁਰਸਕਾਰ ਜੇਤੂ ਲੇਖਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ, ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾ. ਆਤਮ ਰੰਧਾਵਾ, ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਅਤੇ ਡਾ. ਸਰਬਜੀਤ ਸਿੰਘ, ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।
ਮੁੱਖ ਮਹਿਮਾਨ ਡਾ. ਬਲਵੀਰ ਸਿੰਘ ਨੇ ਪੁਰਸਕਾਰ ਜੇਤੂ ਲੇਖਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੀ ਕਲਮ ਨਾਲ ਹੋਰ ਵਧੀਆ ਸਾਹਿਤ ਰਚਨ ਲਈ ਹੱਲਾਸ਼ੇਰੀ ਦਿੱਤੀ। ਇਸ ਮੌਕੇ ਡਾ ਜੇ ਬੀ ਸੇਖੋਂ ਨੇ ਕਿਹਾ ਕਿ ਪ੍ਰਿੰਸੀਪਲ ਤੇਜਾ ਸਿੰਘ ਵਰਗੇ ਵਿਦਵਾਨ ਲੇਖਕ ਦੇ ਨਾਮ 'ਤੇ ਪੁਰਸਕਾਰ ਦੀ ਪ੍ਰਾਪਤੀ ਹੋਣਾ ਉਨਾਂ ਲਈ ਜ਼ਿੰਦਗੀ ਦਾ ਸੁਨਹਿਰੀ ਮੌਕਾ ਹੈ। ਉਨਾਂ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਮੌਲਿਕ ਅਤੇ ਸੰਪਾਦਿਤ ਰੂਪ ਵਿੱਚ ਅੱਠ ਪੁਸਤਕਾਂ ਦੇ ਲੇਖਕ ਡਾ ਜੇ ਬੀ ਸੇਖੋਂ ਦਾ ਨਾਮ ਸਮਕਾਲ ਦੇ ਗਲਪ ਆਲੋਚਕਾਂ ਵਿੱਚ ਸ਼ੁਮਾਰ ਹੈ ਜਿਨਾਂ ਦੇ 60 ਤੋਂ ਵੱਧ ਖੋਜ ਪੱਤਰ ਵੱਖ ਵੱਖ ਸਾਹਿਤਕ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਇਲਾਕੇ ਦੇ ਸਾਹਿਤਕਾਰਾਂ ਅਤੇ ਵੱਖ ਵੱਖ ਸਿੱਖਿਅਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਡਾ ਸੇਖੋਂ ਨੂੰ ਇਸ ਪ੍ਰਾਪਤੀ 'ਤੇ ਸ਼ੁੱਭ ਕਾਮਨਾਵਾ ਦਿੱਤੀਆਂ।