
ਦੋਸਤਾਂ ਨਾਲ ਨਿਰੰਤਰ ਰਾਬਤੇ ਵਿੱਚ ਰਹਿਣਾ ਵੀ ਕਰਦਾ ਹੈ ਥੈਰੇਪੀ ਵਾਂਗ ਕੰਮ : ਡਾ. ਪੁਨੀਤ ਫੁਲ
ਪਟਿਆਲਾ, 23 ਅਕਤੂਬਰ - ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਮਹੀਨੇ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਐੱਮ. ਡੀ. ਯੂਨੀਵਰਸਿਟੀ, ਰੋਹਤਕ ਦੇ ਮਨੋਵਿਗਿਆਨ ਵਿਭਾਗ ਤੋਂ ਸਾਬਕਾ ਮੁਖੀ ਪ੍ਰੋ. ਪ੍ਰੋਮਿਲਾ ਬੱਤਰਾ ਅਤੇ ਪਟਿਆਲਾ ਦੇ ਫੁਲ ਨਿਊਰੋ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਤੋਂ ਡਾ. ਪੁਨੀਤ ਫੁਲ ਨੇ ਮਾਹਿਰ ਵਜੋਂ ਆਪਣੇ ਵਿਚਾਰ ਪ੍ਰਗਟਾਏ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡੀਨ ਵਿਦਿਆਰਥੀ ਭਲਾਈ ਪ੍ਰੋ. ਮੋਨਿਕਾ ਚਾਵਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਜ਼ਿੰਦਗੀ ਗੁੰਝਲਦਾਰ ਹੋ ਗਈ ਹੈ ਤਾਂ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਵਾਧਾ ਹੋ ਰਿਹਾ ਹੈ।
ਪਟਿਆਲਾ, 23 ਅਕਤੂਬਰ - ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਮਹੀਨੇ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਐੱਮ. ਡੀ. ਯੂਨੀਵਰਸਿਟੀ, ਰੋਹਤਕ ਦੇ ਮਨੋਵਿਗਿਆਨ ਵਿਭਾਗ ਤੋਂ ਸਾਬਕਾ ਮੁਖੀ ਪ੍ਰੋ. ਪ੍ਰੋਮਿਲਾ ਬੱਤਰਾ ਅਤੇ ਪਟਿਆਲਾ ਦੇ ਫੁਲ ਨਿਊਰੋ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਤੋਂ ਡਾ. ਪੁਨੀਤ ਫੁਲ ਨੇ ਮਾਹਿਰ ਵਜੋਂ ਆਪਣੇ ਵਿਚਾਰ ਪ੍ਰਗਟਾਏ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡੀਨ ਵਿਦਿਆਰਥੀ ਭਲਾਈ ਪ੍ਰੋ. ਮੋਨਿਕਾ ਚਾਵਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਜ਼ਿੰਦਗੀ ਗੁੰਝਲਦਾਰ ਹੋ ਗਈ ਹੈ ਤਾਂ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਬਣ ਗਈ ਹੈ। ਪ੍ਰੋ. ਪ੍ਰੋਮਿਲਾ ਬੱਤਰਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਵਿਦਿਆਰਥੀ ਜ਼ਿੰਦਗੀ ਨਾਲ਼ ਜੁੜੇ ਵੱਖ-ਵੱਖ ਤਣਾਵਾਂ ਦੇ ਹਵਾਲੇ ਨਾਲ਼ ਕੀਤੀ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਦੱਸੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦਿਲੀ ਭਾਵਾਂ ਨੂੰ ਦਿਲ ਵਿੱਚ ਦਬਾ ਲੈਣਾ ਸਿਰਫ਼ ਮਾਨਸਿਕ ਸਿਹਤ ਲਈ ਹੀ ਖਤਰਨਾਕ ਨਹੀਂ ਹੁੰਦਾ ਬਲਕਿ ਇਹ ਸਾਡੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਜਿਸ ਕਾਰਨ ਬਹੁਤ ਸਾਰੀਆਂ ਸਰੀਰਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਨਾਲ਼ ਸੰਬੰਧਤ ਮਿੱਥਾਂ ਅਤੇ ਟੈਬੂਆਂ ਨੂੰ ਤੋੜਨ ਦੀ ਲੋੜ ਹੈ। ਜਦ ਵੀ ਕਿਸੇ ਨੂੰ ਕੋਈ ਸਮੱਸਿਆ ਹੋਵੇ ਤਾਂ ਇਸ ਬਾਰੇ ਆਪਣੇ ਨੇੜਲਿਆਂ ਅਤੇ ਲੋੜ ਪੈਣ 'ਤੇ ਮਾਨਸਿਕ ਸਿਹਤ ਮਾਹਿਰਾਂ ਨੂੰ ਦੱਸਣਾ ਚਾਹੀਦਾ ਹੈ। ਡਾ. ਪੁਨੀਤ ਫੁੱਲ ਨੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਅੰਕੜਿਆਂ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਮਾਨਸਿਕ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਵੀਹ ਸਾਲ ਬਾਅਦ ਸੰਸਾਰ ਵਿੱਚ ਸਭ ਤੋਂ ਵਧੇਰੇ ਮੌਤਾਂ ਹੋਣ ਦਾ ਕਾਰਨ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸੋਸ਼ਲ ਮੀਡੀਆ ਤੋਂ ਬਾਹਰ ਆ ਕੇ ਚੰਗੇ ਮਿੱਤਰ ਦੋਸਤ ਚੁਣਨੇ ਚਾਹੀਦੇ ਹਨ ਜਿਨ੍ਹਾਂ ਨਾਲ਼ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਜਾ ਸਕਣ। ਦੋਸਤਾਂ ਨਾਲ਼ ਨਿਰੰਤਰ ਰਾਬਤੇ ਵਿੱਚ ਰਹਿਣਾ ਵੀ ਇੱਕ ਥੈਰੇਪੀ ਵਾਂਗ ਕੰਮ ਕਰਦਾ ਹੈ। ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀ ਕੌਂਸਲਿੰਗ ਕੇਂਦਰ ਤੋਂ ਕੌਂਸਲਰ ਡਾ. ਰੂਬੀ ਗੁਪਤਾ ਨੇ ਵੀ ਮਾਨਸਿਕ ਸਿਹਤ ਦੇ ਹਵਾਲੇ ਨਾਲ ਅਹਿਮ ਟਿੱਪਣੀਆਂ ਕੀਤੀਆਂ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਪਿਛਲੇ ਦਿਨੀਂ ਕਰਵਾਏ ਗਏ ਚਿੱਤਰਕਾਰੀ ਅਤੇ ਫ਼ੋਟੋਗਰਾਫ਼ੀ ਮੁਕਾਬਿਲਆਂ ਵਿੱਚ ਜੇਤੂ ਰਹੇ ਹੋਸਟਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।
