ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਰਾਸ਼ਟਰੀ ਕਾਨਫਰੰਸ ਵਿੱਚ ਪ੍ਰਾਪਤ ਕੀਤੇ ਵਿਭਿੰਨ ਸਨਮਾਨ
ਲੁਧਿਆਣਾ 04 ਅਕਤੂਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ 12ਵੀਂ ਭਾਰਤੀ ਮੀਟ ਵਿਗਿਆਨ ਐਸੋਸੀਏਸ਼ਨ ਦੀ ਕਾਨਫਰੰਸ ਵਿੱਚ ਹਿੱਸਾ ਲਿਆ ਅਤੇ ਕਈ ਇਨਾਮ ਜਿੱਤੇ। ਇਹ ਰਾਸ਼ਟਰੀ ਗੋਸ਼ਠੀ ਪੰ. ਦੀਨ ਦਯਾਲ ਉਪਾਧਿਆਇ ਵੈਟਨਰੀ ਯੂਨੀਵਰਸਿਟੀ, ਮਥੁਰਾ, ਉਤਰ ਪ੍ਰਦੇਸ਼ ਵਿਖੇ ਹੋਈ ਜਿਸ ਦਾ ਵਿਸ਼ਾ ਸੀ ‘ਹਰਿਆਵਲ ਤੇ ਟਿਕਾਊ ਮੀਟ ਖੇਤਰ: ਆਲਮੀ ਦ੍ਰਿਸ਼ ਪਰਿਵਰਤਨ’।

ਆਪਣੇ ਖੋਜ ਯੋਗਦਾਨ ਨਾਲ ਵਿਭਾਗ ਨੇ ਕਾਨਫਰੰਸ ਵਿੱਚ ਪੰਜ ਮਹੱਤਵਪੂਰਨ ਸਨਮਾਨ ਹਾਸਿਲ ਕੀਤੇ। ਡਾ. ਨਿਤਿਨ ਮਹਿਤਾ ਅਤੇ ਡਾ. ਪਵਨ ਕੁਮਾਰ ਨੂੰ ਉਤਮ ਖੋਜ ਪੱਤਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਡਾ. ਜੇਯਾਪ੍ਰਿਯਾ ਅਤੇ ਡਾ. ਸ਼ਿਲਵਿਯਾ ਭੱਟ, ਪੀਐਚ.ਡੀ ਖੋਜਾਰਥੀਆਂ ਨੇ ਕ੍ਰਮਵਾਰ ਉਤਮ ਪੇਪਰ ਅਤੇ ਉਤਮ ਪੋਸਟਰ ਦਾ ਸਨਮਾਨ ਪ੍ਰਾਪਤ ਹੋਇਆ। ਡਾ. ਅਭਿਨੰਦ, ਐਮ ਵੀ ਐਸ ਸੀ ਖੋਜਾਰਥੀ ਨੂੰ ਉਸ ਦੀ ਨਿਵੇਕਲੀ ਖੋਜ ਪ੍ਰਤੀ ਸਨਮਾਨ ਮਿਲਿਆ। ਇਨ੍ਹਾਂ ਖੋਜ ਪੇਸ਼ਕਾਰੀਆਂ ਵਿੱਚ ਡਾ. ਰਾਜੇਸ਼ ਵਾਘ ਨੇ ਵੀ ਯੋਗਦਾਨ ਪਾਇਆ।
ਡਾ. ਨਿਤਿਨ ਮਹਿਤਾ ਨੇ ਇਕ ਮੁੱਖ ਪਰਚਾ ਵੀ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਮੀਟ ਵਿਗਿਆਨ ਦੇ ਖੋਜ ਰਸਾਲੇ ਲਈ ਮੁੜ ਸਹਿਯੋਗੀ ਸੰਪਾਦਕ ਚੁਣਿਆ ਗਿਆ। ਡਾ. ਪਵਨ ਕੁਮਾਰ ਨੂੰ ਭਾਰਤੀ ਮੀਟ ਵਿਗਿਆਨ ਐਸੋਸੀਏਸ਼ਨ ਦਾ ਸੰਯੁਕਤ ਸਕੱਤਰ ਚੁਣਿਆ ਗਿਆ। ਡਾ. ਯਸ਼ਪਾਲ ਸਿੰਘ, ਵਿਭਾਗ ਮੁਖੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸਰਾਹਨਾ ਕੀਤੀ।
ਡਾ. ਸਰਵਪ੍ਰੀਤ ਸਿੰਘ, ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਦੇ ਨਾਲ ਸੰਸਥਾ ਦਾ ਸਿਰ ਉੱਚਾ ਹੁੰਦਾ ਹੈ। ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਪ੍ਰਸੰਸਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਵਿਗਿਆਨਕ ਭਾਈਚਾਰਾ ਨਵੇਂ ਉਤਪਾਦ ਤਿਆਰ ਕਰਨ ਲਈ ਲਗਾਤਾਰ ਯਤਨਸ਼ੀਲ ਰਹਿੰਦਾ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਮੁਬਾਰਕਬਾਦ ਦਿੰਦਿਆਂ ਪਸ਼ੂਧਨ ਉਤਪਾਦਾਂ ਵਿੱਚ ਗੁਣਵੱਤਾ ਵਧਾਉਣ ਦੀ ਪਹੁੰਚ ਨੂੰ ਹੋਰ ਵਿਸਥਾਰ ਦੇਣਾ ਲੋੜੀਂਦਾ ਦੱਸਿਆ। ਉਨ੍ਹਾਂ ਕਿਹਾ ਕਿ ਇਸੇ ਢੰਗ ਨਾਲ ਹੀ ਅਸੀਂ ਕਿਸਾਨਾਂ ਦੀ ਆਮਦਨ ਵਧਾ ਕੇ ਉਦਮੀਪਨ ਵਿਕਸਤ ਕਰ ਸਕਦੇ ਹਾਂ।