ਫੇਜ 11 ਨੇੜੇ ਬਣੇ ਕੂੜੇ ਦੇ ਪਲਾਂਟ ਦੀ ਬਦਬੂ ਤੋਂ ਪਰੇਸ਼ਾਨ ਪਿੰਡ ਧਰਮਗੜ੍ਹ ਦੇ ਵਸਨੀਕਾਂ ਵੱਲੋਂ ਧਰਨਾ

ਐਸ ਏ ਐਸ ਨਗਰ, 18 ਅਗਸਤ- ਮੁਹਾਲੀ ਦੇ ਫੇਜ 11 ਤੋਂ ਧਰਮਗੜ੍ਹ ਨੂੰ ਜਾਂਦੀ ਸੜਕ ਉੱਤਰ ਬਣੇ ਕੂੜੇ ਦੇ ਡੰਪ ਦੀ ਬਦਬੂ ਤੋਂ ਪਰੇਸ਼ਾਨ ਪਿੰਡ ਧਰਮਗੜ੍ਹ ਦੇ ਨਿਵਾਸੀਆਂ ਨੇ ਬੀਤੀ ਸ਼ਾਮ ਸਰਪੰਚ ਕੁਲਵਿੰਦਰ ਸਿੰਘ ਦੀ ਅਗਵਾਈ ਵਿੱਚ ਚੰਡੀਗੜ੍ਹ ਤੋਂ ਏਅਰਪੋਰਟ ਨੂੰ ਜਾਂਦੀ ਸੜਕ ਉੱਤਰ ਫੇਜ 11 ਦੀਆਂ ਲਾਈਟਾਂ ਤੇ ਸੜਕੀ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਪਿੰਡ ਧਰਮਗੜ੍ਹ ਦੇ ਵਸਨੀਕਾਂ ਦੇ ਪਿੰਡ ਕੰਬਾਲੀ ਅਤੇ ਫੇਜ 11 ਦੇ ਵਸਨੀਕ ਵੀ ਰੋਸ ਮੁਜਾਹਰੇ ਵਿੱਚ ਸ਼ਾਮਿਲ ਹੋ ਗਏ।

ਇਸ ਮੌਕੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਕਿਹਾ ਕਿ ਧਰਮਗੜ੍ਹ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਮਾੜੀ ਹੈ ਅਤੇ ਇਸ ਸੜਕ ਤੇ ਨਗਰ ਨਿਗਮ ਵੱਲੋਂ ਬਣਾਏ ਗਏ ਕੂੜੇ ਦੇ ਡੰਪ ਕਾਰਨ ਧਰਮਗੜ੍ਹ ਨਿਵਾਸੀਆਂ ਦਾ ਜੀਣਾ ਹਰਾਮ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਥੋਂ ਕੂੜੇ ਦਾ ਡੰਪ ਚੁੱਕਿਆ ਜਾਵੇ ਅਤੇ ਫੇਜ 11 ਤੋਂ ਧਰਮਗੜ੍ਹ ਨੂੰ ਜਾਂਦੀ ਸੜਕ ਦੀ ਮੁਰੰਮਤ ਕੀਤੀ ਜਾਵੇ ਤਾਂ ਕਿ ਧਰਮਗੜ੍ਹ ਦੇ ਨਿਵਾਸੀ ਸੁਖ ਦਾ ਸਾਹ ਲੈ ਸਕਣ।
ਇਸ ਰੋਸ ਮੁਜਾਹਰੇ ਵਿੱਚ ਪੰਚ ਗਿਆਨ ਸਿੰਘ, ਗੁਰਪਾਲ ਸਿੰਘ, ਮੋਹਣ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਹਿੱਸਾ ਲਿਆ। ਪਿੰਡ ਕੰਬਾਲੀ ਤੋਂ ਅਮਰਜੀਤ ਸਿੰਘ ਅਤੇ ਅਮਰੀਕ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਸਨੀਕ ਰੋਸ ਧਰਨੇ ਵਿੱਚ ਸ਼ਾਮਿਲ ਹੋ ਗਏ।
ਪ੍ਰਦਰਸ਼ਨਕਾਰੀਆਂ ਵੱਲੋਂ ਸੜਕੀ ਆਵਾਜਾਈ ਰੁਕਣ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਮੌਕਾ ਸੰਭਾਲਦਿਆਂ ਫੇਜ 11 ਦੇ ਐਸ.ਐਚ.ਓ. ਵੱਲੋਂ ਧਰਨਾਕਾਰੀਆਂ ਦੀ ਮੁਹਾਲੀ ਦੇ ਐਸ.ਡੀ.ਐਮ. ਨਾਲ ਗੱਲਬਾਤ ਕਰਵਾਈ ਗਈ, ਜਿਸ ਦੌਰਾਨ ਐਸ.ਡੀ.ਐਮ. ਵੱਲੋਂ ਪਿੰਡ ਨਿਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਯੋਗ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਐਸ.ਡੀ.ਐਮ. ਮੁਹਾਲੀ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਅੱਜ (18 ਅਗਸਤ) ਨੂੰ ਬਾਅਦ ਦੁਪਹਿਰ ਤਿੰਨ ਵਜੇ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਪ੍ਰਵਾਨ ਕਰਕੇ ਪਿੰਡ ਵਾਸੀਆਂ ਨੇ ਇਹ ਧਰਨਾ ਸਮਾਪਤ ਕਰ ਦਿੱਤਾ।
ਪਰੰਤੂ ਅੱਜ ਜਦੋਂ ਪਿੰਡ ਵਾਸੀਆਂ ਦਾ ਵਫਦ ਐਸ.ਡੀ.ਐਮ. ਮੁਹਾਲੀ ਨਾਲ ਮੁਲਾਕਾਤ ਕਰਨ ਲਈ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਪਹੁੰਚਿਆ ਤਾਂ ਐਸ.ਡੀ.ਐਮ. ਮੁਹਾਲੀ ਦੇ ਕਿਸੇ ਜਰੂਰੀ ਕੰਮ ਲਈ ਗਏ ਹੋਣ ਕਾਰਨ ਇਹ ਮੀਟਿੰਗ ਨਹੀਂ ਹੋ ਪਾਈ। ਇਸ ਮੌਕੇ ਪਿੰਡ ਦੇ ਪੰਚ ਗਿਆਨ ਸਿੰਘ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਦੀ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਇਸ ਦੌਰਾਨ ਫੇਜ ਨਗਰ ਨਿਗਮ ਦੇ ਕੌਂਸਲਰ ਸ੍ਰੀ ਕੁਲਵੰਤ ਸਿੰਘ ਕਲੇਰ ਨੇ ਕਿਹਾ ਕਿ ਉਹ ਇਸ ਥਾਂ ਤੇ ਬਣਾਏ ਗਏ ਇਸ ਕੂੜੇ ਦੇ ਪਲਾਂਟ ਨੂੰ ਤਬਦੀਲ ਕਰਨ ਲਈ ਪਿੰਡ ਧਰਮਗੜ੍ਹ ਅਤੇ ਕੰਬਾਲੀ ਦੇ ਵਸਨੀਕਾਂ ਵੱਲੋਂ ਕੀਤੇ ਗਏ ਰੋਸ ਮੁਜਾਹਰੇ ਦਾ ਸਮਰਥਨ ਕਰਦੇ ਹਨ ਅਤੇ ਇਸ ਸਮੱਸਿਆ ਦੇ ਹੱਲ ਲਈ ਜਰੂਰੀ ਹੈ ਕਿ ਸਾਰੇ ਪੀੜਤ ਇਕੱਠੇ ਹੋ ਕੇ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਖਿਲਾਫ ਸੰਘਰਸ਼ ਕਰਨ ਤਾਂ ਜੋ ਇਸ ਸਮੱਸਿਆ ਨੂੰ ਹੱਲ ਕਰਵਾਇਆ ਜਾ ਸਕੇ।