ਪਟਿਆਲਾ (ਕਾਕਾ ਰਾਮ ਵਰਮਾ):- ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਦੇਸ਼ ਵਿੱਚ ਵਾਪਰ ਰਹੀਆਂ ਦੁਰਘਟਨਾਵਾਂ, ਹਾਦਸਿਆਂ, ਦਿਲ ਦੇ ਦੌਰਿਆਂ, ਕਾਰਡੀਅਕ ਅਰੈਸਟ ਅਤੇ ਬੇਹੋਸ਼ੀ ਸਮੇਂ ਪੀੜਤਾਂ ਨੂੰ ਬਚਾਉਣ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ ਅਤੇ ਮੌਕ ਡਰਿੱਲਾਂ ਕਰਵਾਈਆਂ ਜਾ ਰਹੀਆਂ ਹਨ। ਪੀ.ਐਮ. ਸ਼੍ਰੀ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਐਨ.ਐਸ.ਐਸ. ਅਤੇ ਐਨ.ਸੀ.ਸੀ. ਯੂਨਿਟਾਂ ਦੇ ਬੈਨਰ ਹੇਠ ਸਟੇਟ ਐਵਾਰਡੀ ਪ੍ਰਿੰਸੀਪਲ ਸ਼੍ਰੀਮਤੀ ਵਿਜੇ ਕਪੂਰ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਨ ਲਈ ਭਾਰਤ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਅਤੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਉਪਕਾਰ ਸਿੰਘ ਰਾਹੀਂ ਜਾਣਕਾਰੀ ਪ੍ਰੋਗਰਾਮ ਕਰਵਾਏ ਗਏ।
ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਘਰਾਂ, ਮੁਹੱਲਿਆਂ, ਸੰਸਥਾਵਾਂ, ਫੈਕਟਰੀਆਂ, ਹਸਪਤਾਲਾਂ, ਹੋਟਲਾਂ ਅਤੇ ਵੱਡੀਆਂ ਇਮਾਰਤਾਂ ਵਿਖੇ ਬਿਜਲੀ, ਰਸਾਇਣਕ ਪਦਾਰਥਾਂ, ਪ੍ਰਮਾਣੂ ਅਤੇ ਐਟਮੀ ਸਮੱਗਰੀ, ਪੈਟਰੋਲੀਅਮ ਪਦਾਰਥਾਂ, ਗੈਸਾਂ ਅਤੇ ਅੱਗ ਦੀ ਵਰਤੋਂ ਬਿਨਾਂ ਟ੍ਰੇਨਿੰਗ, ਅਭਿਆਸ ਅਤੇ ਸਮਝਦਾਰੀ ਤੋਂ ਕਰਨ ਕਰਕੇ ਹਰ ਰੋਜ਼ ਦੁਰਘਟਨਾਵਾਂ ਵਾਪਰ ਰਹੀਆਂ ਹਨ ਅਤੇ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਨੇ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਅਤੇ ਸਦਮੇ ਸਮੇਂ ਮਦਦ ਕਰਨ ਅਤੇ ਅੱਗਾਂ, ਗੈਸਾਂ, ਧੂੰਏਂ, ਮਲਬੇ ਅਤੇ ਬਿਜਲੀ ਦੇ ਕਰੰਟ ਤੋਂ ਬਚਣ ਬਾਰੇ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਪੀੜਤਾਂ ਨੂੰ ਰੈਸਕਿਊ ਕਰਕੇ ਫਸਟ ਏਡ, ਸੀ.ਪੀ.ਆਰ. ਅਤੇ ਰਿਕਵਰੀ ਪੁਜ਼ੀਸ਼ਨ ਰਾਹੀਂ ਮੌਤ ਤੋਂ ਬਚਾਉਣ ਦੀ ਜਾਣਕਾਰੀ ਵੀ ਦਿੱਤੀ।
ਇੰਸਪੈਕਟਰ ਸਰਬਜੀਤ ਕੌਰ ਅਤੇ ਏ.ਐਸ.ਆਈ. ਰਾਮ ਸਰਨ ਵੱਲੋਂ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਅਤੇ ਪੋਕਸੋ ਐਕਟ ਬਾਰੇ ਜਾਣਕਾਰੀ ਦਿੱਤੀ ਗਈ।
ਪ੍ਰਿੰਸੀਪਲ ਸ਼੍ਰੀਮਤੀ ਵਿਜੇ ਕਪੂਰ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਜਿਹੜੇ ਵਿਦਿਆਰਥੀਆਂ ਵੱਲੋਂ ਹਾਦਸਿਆਂ, ਦੁਰਘਟਨਾਵਾਂ ਅਤੇ ਐਮਰਜੈਂਸੀ ਦੌਰਾਨ ਪੀੜਤਾਂ ਦੀ ਸਹਾਇਤਾ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।
ਉਪਕਾਰ ਸਿੰਘ ਨੇ ਕਿਹਾ ਕਿ ਲੋਕ ਬਿਮਾਰੀਆਂ ਨਾਲ ਘੱਟ, ਪਰ ਆਪਦਾਵਾਂ, ਹਾਦਸਿਆਂ, ਜੰਗਾਂ, ਦੁਰਘਟਨਾਵਾਂ, ਦਿਲ ਦੇ ਦੌਰਿਆਂ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇ ਅਤੇ ਵੱਧ ਖੂਨ ਨਿਕਲਣ ਕਾਰਨ ਵੱਧ ਗਿਣਤੀ ਵਿੱਚ ਮਰ ਰਹੇ ਹਨ। ਇਸ ਲਈ ਸਾਨੂੰ ਹਾਦਸੇ ਘਟਾਉਣ, ਆਪਣਾ ਬਚਾਅ ਕਰਨ ਅਤੇ ਪੀੜਤਾਂ ਦੀ ਸਹਾਇਤਾ ਕਰਕੇ ਮਦਦਗਾਰ ਫ਼ਰਿਸ਼ਤੇ ਬਣਨ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ.ਪੀ.ਆਰ., ਫਾਇਰ ਸੇਫਟੀ ਅਤੇ ਸਿਲੰਡਰਾਂ ਦੀ ਵਰਤੋਂ ਦੀਆਂ ਟ੍ਰੇਨਿੰਗਾਂ ਲੈਣੀਆਂ ਚਾਹੀਦੀਆਂ ਹਨ। ਇਸੇ ਮਕਸਦ ਲਈ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਇਹ ਟ੍ਰੇਨਿੰਗਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
