ਕੋਟਕਪੂਰਾ (ਪੈਗਾਮ-ਏ-ਜਗਤ):- ਨਾਮਵਰ ਗਾਇਕ ਜਿੰਦ ਗੁਰਤੇਜ ਦਾ ਨਵਾਂ ਗੀਤ 'ਟੱਲੀ ਜੱਟ' ਵਿਸ਼ਵ ਭਰ ਵਿੱਚ 4 ਦਸੰਬਰ ਨੂੰ ਰਿਲੀਜ਼ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਇਹ ਪੰਜਾਬ ਦੇ ਪ੍ਰਸਿੱਧ ਲੋਕ-ਗਾਇਕ, ਗੀਤਕਾਰ ਅਤੇ ਪ੍ਰੋਜੈਕਟ ਡਾਇਰੈਕਟਰ ਇੰਦਰ ਮਾਨ (ਕੋਟ ਵਾਲਾ ਮਾਨ) ਦਾ ਇੱਕ ਵੱਡਾ ਪ੍ਰੋਜੈਕਟ ਹੋਵੇਗਾ।
ਇਹ ਗੀਤ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਵਿਆਹ ਵਿੱਚ ਨਿਭਾਈਆਂ ਜਾਂਦੀਆਂ ਵੱਖ-ਵੱਖ ਰਸਮਾਂ ਨੂੰ ਖੂਬਸੂਰਤੀ ਨਾਲ ਪੇਸ਼ ਕਰੇਗਾ। ਇਹ ਇੱਕ ਸੁੰਦਰ ਅਤੇ ਪਰਿਵਾਰਿਕ ਗੀਤ ਹੋਵੇਗਾ। ਸਹਿ-ਅਦਾਕਾਰਾ ਕਾਸ਼ਵੀ ਕੰਚਨ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਵੀ ਇਸ ਗੀਤ ਦੀ ਵੀਡੀਓ ਵਿੱਚ ਸ਼ਾਨਦਾਰ ਅਦਾਕਾਰੀ ਨਿਭਾਈ ਹੈ।
'ਸੰਗੀਤ ਫਾਇਰ ਬੀਟਸ' ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਨੂੰ ਗੀਤਕਾਰ ਗੁਰਤੇਜ ਉੱਗੋਕੇ ਨੇ ਲਿਖਿਆ ਹੈ, ਜਦਕਿ ਇਸ ਦੀ ਵੀਡੀਓ ਜੱਸ ਢਿੱਲੋਂ ਨੇ ਤਿਆਰ ਕੀਤੀ ਹੈ।
ਆਪਣੀ ਵੱਖਰੀ ਗਾਇਕੀ ਲਈ ਜਾਣੇ ਜਾਂਦੇ ਗਾਇਕ ਜਿੰਦ ਗੁਰਤੇਜ ਦੇ ਇਸ ਗੀਤ ਦੀ ਵੀਡੀਓ ਵੱਖ-ਵੱਖ ਖੂਬਸੂਰਤ ਥਾਵਾਂ 'ਤੇ ਫਿਲਮਾਈ ਗਈ ਹੈ। ਲੋਕ ਗਾਇਕ ਇੰਦਰ ਮਾਨ ਨੇ ਕਿਹਾ ਕਿ ਇਸ ਗੀਤ ਲਈ ਸਮੁੱਚੀ ਟੀਮ ਨੇ ਬਹੁਤ ਮਿਹਨਤ ਅਤੇ ਜਜ਼ਬੇ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਪੂਰ ਹੁੰਗਾਰਾ ਮਿਲੇਗਾ।
