ਨਵਾਂਸ਼ਹਿਰ/ਕਾਠਗੜ੍ਹ, 25 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਕਾਠਗੜ੍ਹ ਮੋੜ ’ਤੇ ਮੰਗਲਵਾਰ ਸਵੇਰੇ ਕਰੀਬ 4 ਵਜੇ ਹੋਈ ਲੁੱਟ ਦੀ ਵਾਰਦਾਤ ਨੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਗੱਡੀ ਵਿੱਚ ਸਵਾਰ ਹੋ ਕੇ ਆਏ ਦੋ ਹਥਿਆਰਬੰਦ ਵਿਅਕਤੀਆਂ ਨੇ ਦਾਤ ਦੀ ਨੋਕ ’ਤੇ ਚਾਹਲਾਂ ਵਾਸੀ ਟੇਲਰ ਮਾਸਟਰ ਸੱਤਪਾਲ ਪਾਲ ਦੀਆਂ ਬਾਹਾਂ ਬੰਨ੍ਹ ਦਿੱਤੀਆਂ ਅਤੇ ਉਸ ਨੂੰ ਦੁਕਾਨ ਦੇ ਕੈਬਿਨ ਅੰਦਰ ਬਣੀ ਪੜਛੱਤੀ ਉੱਪਰ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਦੁਕਾਨ ਵਿੱਚੋਂ ਨਕਦੀ, ਕੱਪੜੇ ਅਤੇ ਇਨਵਰਟਰ ਲੁੱਟ ਕੇ ਫਰਾਰ ਹੋ ਗਏ।

ਪੀੜਤ ਸੱਤਪਾਲ, ਜੋ ਕਾਠਗੜ੍ਹ ਮੋੜ ’ਤੇ ਟੇਲਰ ਮਾਸਟਰ ਦੀ ਦੁਕਾਨ ਚਲਾਉਂਦਾ ਹੈ, ਨੇ ਦੱਸਿਆ ਕਿ ਉਹ ਸਵੇਰੇ ਕਰੀਬ 4 ਵਜੇ ਆਪਣੀ ਦੁਕਾਨ ’ਤੇ ਆਇਆ ਅਤੇ ਕੰਮ ਕਰਨ ਲੱਗ ਪਿਆ। ਇਸੇ ਦੌਰਾਨ ਗੱਡੀ ਵਿੱਚ ਸਵਾਰ ਦੋ ਵਿਅਕਤੀ ਉੱਥੇ ਪਹੁੰਚੇ, ਜਿਨ੍ਹਾਂ ਦੇ ਹੱਥਾਂ ਵਿੱਚ ਦਾਤ ਸਨ। ਉਨ੍ਹਾਂ ਨੇ ਉਸ ਨੂੰ ਪੁੱਠਾ ਕਰਕੇ ਦਾਤ ਨਾਲ ਵਾਰ ਕੀਤੇ ਅਤੇ ਰੌਲਾ ਪਾਉਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਲੁਟੇਰਿਆਂ ਨੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਅੰਦਰ ਕੈਬਿਨ ਵਿੱਚ ਬੰਦ ਕਰ ਦਿੱਤਾ ਅਤੇ ਪੜਛੱਤੀ ਉੱਪਰ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਦੁਕਾਨ ਵਿੱਚੋਂ ਨਕਦੀ ਅਤੇ ਕੱਪੜੇ ਲੈ ਗਏ। ਸੱਤਪਾਲ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਦਾ ਕਰੀਬ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਵਾਰਦਾਤ ਤੋਂ ਬਾਅਦ ਲੁਟੇਰੇ ਗੱਡੀ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਇਸ ਦੌਰਾਨ ਫੌਜੀ ਹਰਜਿੰਦਰ ਸਿੰਘ, ਜੋ ਇੱਕ ਬੈਂਕ ਵਿੱਚ ਗਾਰਡ ਵਜੋਂ ਕੰਮ ਕਰਦਾ ਹੈ ਅਤੇ ਸਵੇਰੇ ਸੈਰ ਕਰਨ ਜਾ ਰਿਹਾ ਸੀ, ਨੇ ਟੇਲਰ ਮਾਸਟਰ ਦੀ ਪੜਛੱਤੀ ਤੋਂ ਮਦਦ ਲਈ ਲਗਾਈਆਂ ਜਾ ਰਹੀਆਂ ਉੱਚੀਆਂ ਆਵਾਜ਼ਾਂ ਸੁਣੀਆਂ। ਉਸ ਨੇ ਪੀੜਤ ਦੇ ਹੱਥ ਖੋਲ੍ਹ ਕੇ ਉਸ ਨੂੰ ਪੜਛੱਤੀ ਤੋਂ ਹੇਠਾਂ ਉਤਾਰਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਾਠਗੜ੍ਹ ਦੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਸ ਮੌਕੇ ਕਾਠਗੜ੍ਹ ਮੋੜ ਦੇ ਸਰਪੰਚ ਜਸਵੀਰ ਸਿੰਘ ਘੁੰਮਣ, ਸਰਪੰਚ ਰਾਜ ਕੁਮਾਰ, ਮਨਜੀਤ ਸਿੰਘ, ਦਿਲਾਵਰ ਸਿੰਘ ਆਦਿ ਹਾਜ਼ਰ ਸਨ।