ਗੜ੍ਹਸ਼ੰਕਰ, 25 ਨਵੰਬਰ (ਹਰੀ ਕ੍ਰਿਸ਼ਨ ਗੰਗੜ):- ਸਿੱਖਿਆ ਵਿਭਾਗ ਵੱਲੋਂ 4161 ਭਰਤੀ ਵਿੱਚੋਂ 253 ਅਧਿਆਪਕਾਂ ਨੂੰ ਟਰਮੀਨੇਟ ਕਰਨ ਦੇ ਖਿਲਾਫ ਗੜ੍ਹਸ਼ੰਕਰ ਦੇ ਐੱਸ.ਡੀ.ਐੱਮ. ਦਫ਼ਤਰ ਦੇ ਬਾਹਰ ਗੜ੍ਹਸ਼ੰਕਰ ਦੀਆਂ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ, 253 ਪੀੜਤ ਅਧਿਆਪਕ ਯੂਨੀਅਨ, ਗੌਰਮੈਂਟ ਟੀਚਰ ਯੂਨੀਅਨ, ਡੈਮੋਕਰੇਟਿਕ ਪੈਨਸ਼ਨਰ ਫਰੰਟ, 4161 ਮਾਸਟਰ ਕਾਡਰ ਯੂਨੀਅਨ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਅਤੇ ਭਰਾਤਰੀ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ, ਕਿਰਤੀ ਕਿਸਾਨ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ।
ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਡੀ.ਟੀ.ਐੱਫ. ਦੇ ਆਗੂਆਂ ਮੁਕੇਸ਼ ਕੁਮਾਰ ਅਤੇ ਸੁਖਦੇਵ ਡਾਨਸੀਵਾਲ, ਪੀੜਤ 253 ਅਧਿਆਪਕ ਯੂਨੀਅਨ ਦੇ ਬਲਕਾਰ ਸਿੰਘ ਮਘਾਣੀਆ, ਹਰਵਿੰਦਰ ਕੌਰ ਅਤੇ ਚੰਦਾ ਰਾਣੀ, ਗੌਰਮੈਂਟ ਟੀਚਰ ਯੂਨੀਅਨ ਦੇ ਨਰੇਸ਼ ਕੁਮਾਰ, ਪੈਨਸ਼ਨਰ ਆਗੂਆਂ ਬਲਵੀਰ ਖਾਨਪੁਰੀ ਅਤੇ ਸੱਤਪਾਲ ਕਲੇਰ, 4161 ਮਾਸਟਰ ਕਾਡਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਗਿੱਲ ਅਤੇ ਬੱਗਾ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਗੁਰਨੇਕ ਸਿੰਘ ਭੱਜਲ, ਜਮਹੂਰੀ ਕਿਸਾਨ ਸਭਾ ਦੇ ਵਿਕਾਸ ਮੰਚ ਗੜ੍ਹਸ਼ੰਕਰ ਦੇ ਕੁਲਵਿੰਦਰ ਸਿੰਘ ਸੰਘਾ ਅਤੇ ਅਵਤਾਰ ਸਿੰਘ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਇਕਬਾਲ ਸਿੰਘ ਸਪਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਤਿੰਨ-ਸਾਢੇ ਤਿੰਨ ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੂਨੀਵਰਸਿਟੀਆਂ ਦੇ ਮਾਹਰ ਪ੍ਰੋਫੈਸਰਾਂ ਵੱਲੋਂ ਤਿਆਰ ਕੀਤੀ ਉੱਤਰ ਕੁੰਜੀ ਨੂੰ ਰੱਦ ਕਰਕੇ ਟਰਮੀਨੇਟ ਕੀਤਾ ਗਿਆ ਹੈ। ਆਗੂਆਂ ਨੇ ਟਰਮੀਨੇਸ਼ਨ ਦੇ ਹੁਕਮ ਰੱਦ ਕਰਕੇ 253 ਅਧਿਆਪਕਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਮੰਗ ਕੀਤੀ। ਸਮੂਹ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਫੌਰੀ ਤੌਰ ’ਤੇ ਹੱਲ ਨਾ ਕੀਤਾ ਗਿਆ ਤਾਂ ਸਮੂਹ ਅਧਿਆਪਕਾਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।
ਇਸ ਸਮੇਂ ਰੋਸ ਪ੍ਰਦਰਸ਼ਨ ਵਿੱਚ ਅਧਿਆਪਕ ਆਗੂ ਵਿਨੇ ਕੁਮਾਰ, ਜਰਨੈਲ ਸਿੰਘ, ਮਨਜੀਤ ਬੰਗਾ, ਮੈਡਮ ਸਿਮਰਜੀਤ, ਅਧਿਆਪਕ ਆਗੂ ਮਨਜੀਤ ਸਿੰਘ, ਰਾਜੂ ਸਿੰਘ, ਜਸਵਿੰਦਰ ਸਿੰਘ, ਰਮੇਸ਼ ਕੁਮਾਰ ਮਲਕੋਵਾਲ, ਸੰਦੀਪ ਕੁਮਾਰ, ਮੈਡਮ ਮਨੀਸ਼ਾ, ਹਰਪ੍ਰੀਤ ਕੌਰ, ਸਿਮਰਜੀਤ ਕੌਰ, ਪੂਨਮ ਰਾਣੀ, ਮੈਡਮ ਮੀਨਾਕਸ਼ੀ, ਸਮੁੰਦਰ, ਪ੍ਰਿੰਸ, ਸਾਰਾ ਸਿੱਧੂ ਆਦਿ ਹਾਜ਼ਰ ਸਨ।
