ਚੰਡੀਗੜ੍ਹ, 26 ਨਵੰਬਰ (ਪੈਗਾਮ-ਏ-ਜਗਤ):- ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਵ ਨੇ ਕਿਹਾ ਕਿ ਸਾਲ 2014 ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਸਿਹਤ ਦਾ ਬਜਟ ਮਹਿਜ਼ 2,000 ਕਰੋੜ ਰੁਪਏ ਸੀ, ਜੋ ਹੁਣ ਵਧ ਕੇ ਲਗਭਗ ਸੱਤ ਗੁਣਾ, 14 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਅਗਲੇ ਆਮ ਬਜਟ ਦੌਰਾਨ ਮੌਜੂਦਾ ਸਰਕਾਰ ਇਸ ਬਜਟ ਵਿੱਚ ਹੋਰ ਵਾਧਾ ਕਰੇਗੀ।
ਆਰਤੀ ਸਿੰਘ ਰਾਵ ਅੱਜ ਸੰਵਿਧਾਨ ਦਿਵਸ ਅਤੇ ਹਰਿਆਣਾ ਦੇ ਗਠਨ ਦੇ 60 ਸਾਲ ਪੂਰੇ ਹੋਣ ’ਤੇ ਮਨਾਈ ਜਾ ਰਹੀ ਹੀਰਕ ਜਯੰਤੀ ਮੌਕੇ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਬੋਲ ਰਹੇ ਸਨ। ਉਨ੍ਹਾਂ ਨੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਭੁਪਿੰਦਰ ਸਿੰਘ ਹੁੱਡਾ ਅਤੇ ਵਿਧਾਇਕ ਸ੍ਰੀ ਬੀ.ਬੀ. ਬੱਤਰਾ ਵੱਲੋਂ ਸਿਹਤ ਦੇ ਖੇਤਰ ਵਿੱਚ ਬਜਟ ਘੱਟ ਹੋਣ ਦੇ ਮੁੱਦੇ ’ਤੇ ਅੰਕੜਿਆਂ ਸਮੇਤ ਕਰਾਰਾ ਜਵਾਬ ਦਿੱਤਾ।
ਸਿਹਤ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਸੂਬੇ ਦੀ ਜਨਤਾ ਅਤੇ ਸਦਨ ਦੇ ਮੈਂਬਰਾਂ ਨੂੰ ਸੰਵਿਧਾਨ ਦਿਵਸ ਅਤੇ ਹਰਿਆਣਾ ਦੇ ਗਠਨ ਦੀ ਹੀਰਕ ਜਯੰਤੀ ਦੀ ਵਧਾਈ ਦਿੱਤੀ।
ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜਿੰਦਰ ਪ੍ਰਸਾਦ ਅਤੇ ਖਰੜਾ ਕਮੇਟੀ ਦੇ ਚੇਅਰਮੈਨ ਡਾ. ਭੀਮ ਰਾਓ ਅੰਬੇਡਕਰ ਤੋਂ ਇਲਾਵਾ ਸੰਵਿਧਾਨ ਨਿਰਮਾਣ ਨਾਲ ਜੁੜੇ ਸਾਰੇ ਮੈਂਬਰਾਂ ਨੂੰ ਨਮਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਲੋਕਤੰਤਰ ਦੀ ਆਤਮਾ ਹੈ। ਜਿਵੇਂ ਆਤਮਾ ਤੋਂ ਬਿਨਾਂ ਸਰੀਰ ਨਿਰਜਿੰਦ ਹੁੰਦਾ ਹੈ, ਉਸੇ ਤਰ੍ਹਾਂ ਸੰਵਿਧਾਨ ਦੇ ਸਿਧਾਂਤਾਂ ਅਤੇ ਭਾਵਨਾ ਤੋਂ ਬਿਨਾਂ ਲੋਕਤੰਤਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
ਆਰਤੀ ਸਿੰਘ ਰਾਵ ਨੇ ਅੱਗੇ ਕਿਹਾ ਕਿ ਸੰਵਿਧਾਨ ਸਰਕਾਰ ਨੂੰ ਸ਼ਕਤੀ ਦਿੰਦਾ ਹੈ, ਪਰ ਉਸ ਸ਼ਕਤੀ ’ਤੇ ਸੀਮਾਵਾਂ ਵੀ ਲਗਾਉਂਦਾ ਹੈ ਤਾਂ ਜੋ ਕੋਈ ਵੀ ਸੱਤਾ ਤਾਨਾਸ਼ਾਹ ਨਾ ਹੋ ਸਕੇ। ਇਹ ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਵਿਚਕਾਰ ਸੰਤੁਲਨ ਬਣਾਈ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਕੇਵਲ ਸ਼ਾਸਨ ਦਾ ਵਿਧਾਨ ਨਹੀਂ, ਸਗੋਂ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੇ ਆਦਰਸ਼ਾਂ ’ਤੇ ਆਧਾਰਿਤ ਇੱਕ ਅਜਿਹੇ ਸਮਾਜ ਦਾ ਸੰਕਲਪ ਹੈ, ਜਿੱਥੇ ਹਰੇਕ ਨਾਗਰਿਕ ਨੂੰ ਮਾਣ-ਸਨਮਾਨ, ਸਿਹਤ ਅਤੇ ਨਿਆਂ ਪ੍ਰਾਪਤ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਭਾਰਤ ਦੇ ਸਾਰੇ ਨਾਗਰਿਕਾਂ ਦੀ ਸਿਹਤ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਪਰ ਸੰਵਿਧਾਨਕ ਕਦਰਾਂ-ਕੀਮਤਾਂ ਦੀ ਸਾਰਥਕਤਾ ਉਦੋਂ ਹੀ ਹੈ ਜਦੋਂ ਅਸੀਂ ਸਾਰੇ ਨਾਗਰਿਕ ਸਿਹਤਮੰਦ ਜੀਵਨਸ਼ੈਲੀ, ਨਿਯਮਤ ਸਿਹਤ ਜਾਂਚ, ਟੀਕਾਕਰਨ, ਸਵੱਛਤਾ ਅਤੇ ਜਨ ਸਿਹਤ ਮੁਹਿੰਮਾਂ ਵਿੱਚ ਸਰਗਰਮ ਭਾਗੀਦਾਰੀ ਨਿਭਾਵਾਂਗੇ, ਜਿਸ ਨਾਲ ਇੱਕ ਸਿਹਤਮੰਦ ਅਤੇ ਸਮਰੱਥ ਸਮਾਜ ਦਾ ਨਿਰਮਾਣ ਹੋ ਸਕੇਗਾ।
ਹਰਿਆਣਾ ਦੀ ਹੀਰਕ ਜਯੰਤੀ ਮਨਾਉਣ ਦੇ ਉਦੇਸ਼ ’ਤੇ ਚਾਨਣਾ ਪਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਸੱਠ ਸਾਲਾਂ ਦੇ ਸਫ਼ਰ ਵਿੱਚ ਸੂਬੇ ਨੇ ਕਾਫ਼ੀ ਤਰੱਕੀ ਕੀਤੀ ਹੈ। ਪਿਛਲੇ 12 ਸਾਲਾਂ ਵਿੱਚ ਹਰਿਆਣਾ ਨੇ ਵੈਸੇ ਤਾਂ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ, ਪਰ ਸਿਹਤ ਦੇ ਖੇਤਰ ਵਿੱਚ ਬੁਨਿਆਦੀ ਵਿਕਾਸ ਤੋਂ ਲੈ ਕੇ ਵਿੱਦਿਅਕ ਵਿਕਾਸ ਤੱਕ ਬਹੁਤ ਜ਼ਿਆਦਾ ਕੰਮ ਹੋਇਆ ਹੈ। ਇਸ ਕਾਰਜਕਾਲ ਵਿੱਚ ਸੂਬੇ ਵਿੱਚ 1 ਮੈਡੀਕਲ ਯੂਨੀਵਰਸਿਟੀ ਅਤੇ 12 ਮੈਡੀਕਲ ਕਾਲਜ ਸਥਾਪਿਤ ਕੀਤੇ ਗਏ ਹਨ। ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ. ਦੀਆਂ 2,260 ਅਤੇ ਪੀ.ਜੀ. ਦੀਆਂ 788 ਸੀਟਾਂ ਵਧਾਈਆਂ ਗਈਆਂ ਹਨ। ਪੰਡਿਤ ਨੇਕੀ ਰਾਮ ਸ਼ਰਮਾ ਸਰਕਾਰੀ ਮੈਡੀਕਲ ਕਾਲਜ (ਭਿਵਾਨੀ) ਅਤੇ ਮਹਾਰਿਸ਼ੀ ਚਯਵਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਕੋਰਿਆਵਾਸ (ਨਾਰਨੌਲ) ਦਾ ਨਿਰਮਾਣ ਪੂਰਾ ਹੋ ਚੁੱਕਾ ਹੈ। ਇੱਥੇ ਓ.ਪੀ.ਡੀ. ਸੇਵਾਵਾਂ ਸ਼ੁਰੂ ਹੋਣ ਦੇ ਨਾਲ 2025–26 ਸੈਸ਼ਨ ਲਈ ਦੋਵਾਂ ਕਾਲਜਾਂ ਵਿੱਚ 100-100 ਐਮ.ਬੀ.ਬੀ.ਐਸ. ਸੀਟਾਂ ’ਤੇ ਦਾਖ਼ਲੇ ਕੀਤੇ ਗਏ ਹਨ।
ਮੌਜੂਦਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਅੱਗੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 4 ਫਰਵਰੀ, 2024 ਨੂੰ ਪੀ.ਜੀ.ਆਈ.ਐਮ.ਐਸ., ਰੋਹਤਕ ਵਿੱਚ ਹਰਿਆਣਾ ਦੇ ਸਰਕਾਰੀ ਖੇਤਰ ਵਿੱਚ ਪਹਿਲੀ ਰੀਨਲ ਟ੍ਰਾਂਸਪਲਾਂਟ ਸਰਜਰੀ ਸਫ਼ਲਤਾਪੂਰਵਕ ਕੀਤੀ ਗਈ। ਸੈਂਟਰ ਆਫ਼ ਐਕਸੀਲੈਂਸ ਪੀ.ਜੀ.ਆਈ.ਡੀ.ਐਸ., ਰੋਹਤਕ ਵਿੱਚ 24x7 ਐਮਰਜੈਂਸੀ ਸੇਵਾਵਾਂ ਅਤੇ ਈ-ਸੰਜੀਵਨੀ ਰਾਹੀਂ ਪੀ.ਜੀ.ਆਈ.ਐਮ.ਐਸ., ਰੋਹਤਕ ਵਿੱਚ ਟੈਲੀਕੰਸਲਟੇਸ਼ਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਸਿਹਤ ਮੰਤਰੀ ਆਰਤੀ ਸਿੰਘ ਰਾਵ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਹਰਿਆਣਾ ਵਿੱਚ ਮੈਡੀਕਲ, ਨਰਸਿੰਗ, ਫਿਜ਼ੀਓਥੈਰੇਪੀ ਅਤੇ ਪੈਰਾਮੈਡੀਕਲ ਸਿੱਖਿਆ ਦੀ ਸਮਰੱਥਾ ਵਧਾਉਣ ਦੇ ਨਾਲ-ਨਾਲ ਸਿਹਤ ਅਤੇ ਮਰੀਜ਼ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਵਿਆਪਕ ਜ਼ੋਰ ਦਿੱਤਾ ਗਿਆ ਹੈ। ਭਵਿੱਖ ਵਿੱਚ ਇਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ।
