ਬਲਾਚੌਰ, 25 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਕੱਚੇ ਕਾਮੇ ਪੱਕੇ ਕਰਵਾਉਣ ਲਈ ਜੰਗਲਾਤ ਕਾਮਿਆਂ ਦਾ ਸਬਰ ਹੁਣ ਟੁੱਟ ਗਿਆ ਹੈ। ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ 27 ਨਵੰਬਰ ਨੂੰ ਵਿੱਤ ਮੰਤਰੀ ਦੇ ਵਿਧਾਨ ਸਭਾ ਹਲਕਾ ਦਿੜਬਾ ਵਿਖੇ ਰੋਸ ਪ੍ਰਦਰਸ਼ਨ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ, ਜੋ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ।

ਯੂਨੀਅਨ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਦੱਸਿਆ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ 27-28 ਸਾਲਾਂ ਤੋਂ ਕੰਮ ਕਰ ਰਹੇ ਸੀਨੀਅਰ ਕਾਮਿਆਂ ਨੂੰ ਸਰਕਾਰ ਨੇ ਪੱਕਾ ਕਰਨ ਦੀ ਥਾਂ ਪਲੇਸਮੈਂਟ ’ਤੇ ਲਗਾ ਦਿੱਤਾ ਹੈ। ਇਸ ਪਾਲਿਸੀ ਵਿੱਚ ਪੱਕੇ ਹੋਣ ਵਾਲੀ ਕੋਈ ਸਹੂਲਤ ਹੀ ਨਹੀਂ ਹੈ।

ਆਗੂਆਂ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਵਿੱਚ ਮੰਤਰੀਆਂ ਨਾਲ ਅਨੇਕਾਂ ਮੀਟਿੰਗਾਂ ਹੋਈਆਂ, ਹਰ ਵਾਰ ਹਾਂ-ਪੱਖੀ ਫੈਸਲੇ ਹੋਏ ਪਰ ਮਿਲੇ ਸਿਰਫ਼ ਲਾਰੇ। ਸਰਕਾਰ ਨੇ 16-05-2023 ਦੀ ਮਾੜੀ ਪਾਲਿਸੀ ਬਣਾ ਕੇ ਕੱਚੇ ਕਾਮਿਆਂ ਨਾਲ ਧੋਖਾ ਕੀਤਾ ਹੈ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਪਲੇਸਮੈਂਟ ਵਾਲੇ ਕਾਮਿਆਂ ਨੂੰ ਸਿਰਫ਼ 15000 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ, ਜਿਸ ਨਾਲ ਇਸ ਮਹਿੰਗਾਈ ਵਿੱਚ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ।

ਜਥੇਬੰਦੀ ਦੀਆਂ ਮੁੱਖ ਮੰਗਾਂ ਵਿੱਚ ਸਾਲ 2006 ਤੱਕ 10 ਸਾਲ ਪੂਰੇ ਕਰ ਚੁੱਕੇ 14 ਵਰਕਰਾਂ ਅਤੇ ਸਾਲ 2026 ਤੱਕ 10 ਸਾਲ ਪੂਰੇ ਕਰਦੇ ਸਾਰੇ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਾ ਕਰਨਾ, 30 ਜੁਲਾਈ 2025 ਅਤੇ 13 ਜੁਲਾਈ 2026 ਨੂੰ ਨਿਯੁਕਤੀ ਪੱਤਰ ਪਾਉਣ ਵਾਲੇ ਵਰਕਰਾਂ ਨੂੰ ਪੂਰੇ ਸਕੇਲ ਰਾਹੀਂ ਤਨਖਾਹਾਂ, ਡੀ.ਏ., ਮੈਡੀਕਲ ਸਹੂਲਤ ਅਤੇ ਪੈਨਸ਼ਨਰੀ ਲਾਭ ਦੇਣਾ, ਸੀਨੀਅਰਤਾ ਸੂਚੀ 31-03-2026 ਤੱਕ ਅਪਡੇਟ ਕਰਨਾ, ਵਿਭਾਗ ਵਿੱਚ ਨਵੇਂ ਕਾਮੇ ਰੱਖਣਾ, ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਅਤੇ ਪਿਛਲੇ ਸਾਲ ਦੇ ਨਿਗੂਣੇ ਵਾਧੇ ਦਾ ਏਰੀਅਰ ਜਾਰੀ ਕਰਨਾ ਸ਼ਾਮਲ ਹੈ।

ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਮੁਲਾਜ਼ਮ ਮੰਚ ਵੱਲੋਂ 1 ਦਸੰਬਰ ਤੋਂ 5 ਦਸੰਬਰ ਤੱਕ ਸਰਕਾਰ ਦੇ ਐਮ.ਐਲ.ਏ. ਦੀ ਅਰਥੀ ਫੂਕਣ ਅਤੇ 6 ਦਸੰਬਰ ਨੂੰ ਲੁਧਿਆਣਾ ਦੇ ਗੰਦੇ ਨਾਲੇ ਵਿੱਚ ਉਨ੍ਹਾਂ ਦੀਆਂ ਅਸਥੀਆਂ ਪਾਉਣ ਦੇ ਪ੍ਰੋਗਰਾਮ ਵਿੱਚ ਜੰਗਲਾਤ ਕਾਮੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।

ਮੀਟਿੰਗ ਵਿੱਚ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿੱਤ ਸਕੱਤਰ ਅਮਨਦੀਪ ਸਿੰਘ ਛੱਤ, ਚੇਅਰਮੈਨ ਵਿਰਸਾ ਸਿੰਘ ਚਹਿਲ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ, ਸਤਨਾਮ ਸੰਗਤੀਵਾਲਾ ਸੰਗਰੂਰ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।