ਨਵਾਂਸ਼ਹਿਰ, 30 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ):- ਨਵਾਂਸ਼ਹਿਰ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ’ਤੇ ਬਣਨ ਵਾਲੇ ਮੈਡੀਕਲ ਕਾਲਜ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੌਜਵਾਨ ਆਗੂ ਸਰਪੰਚ ਨਿਸ਼ਾਨਵੀਰ ਸਿੰਘ ਭੀਣ ਨੇ ਸਰਕਾਰ ਤੋਂ ਸਿੱਧਾ ਸਵਾਲ ਕੀਤਾ ਹੈ ਕਿ ਆਖ਼ਰ ਇਹ ਮੈਡੀਕਲ ਕਾਲਜ ਕਦੋਂ ਬਣੇਗਾ?
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 23 ਮਾਰਚ ਨੂੰ ਨਵਾਂਸ਼ਹਿਰ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ’ਤੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਸ ਸਮੇਂ ਲੋਕਾਂ ਵਿੱਚ ਵੱਡੀ ਉਮੀਦ ਜਾਗੀ ਸੀ ਕਿ ਹੁਣ ਜ਼ਿਲ੍ਹੇ ਨੂੰ ਆਪਣਾ ਮੈਡੀਕਲ ਕਾਲਜ ਮਿਲੇਗਾ, ਸਿਹਤ ਸਹੂਲਤਾਂ ਵਿੱਚ ਵੱਡਾ ਸੁਧਾਰ ਹੋਵੇਗਾ ਅਤੇ ਨੌਜਵਾਨਾਂ ਨੂੰ ਡਾਕਟਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ। ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਸਾਰੀ ਸ਼ੁਰੂ ਹੋਣ ਦੀ ਉਡੀਕ ਹੀ ਕੀਤੀ ਜਾ ਰਹੀ ਹੈ।
ਸਰਪੰਚ ਨਿਸ਼ਾਨਵੀਰ ਸਿੰਘ ਭੀਣ ਨੇ ਕਿਹਾ ਕਿ ਸਵਾਲ ਇਹ ਹੈ ਕਿ ਨੀਂਹ ਪੱਥਰ ਰੱਖਣ ਤੋਂ ਬਾਅਦ ਮੈਡੀਕਲ ਕਾਲਜ ਦੀ ਉਸਾਰੀ ਕਿਉਂ ਸ਼ੁਰੂ ਨਹੀਂ ਹੋਈ। ਨਵਾਂਸ਼ਹਿਰ ਦੇ ਲੋਕਾਂ ਨੂੰ ਇਸ ਮੈਡੀਕਲ ਕਾਲਜ ਦੀਆਂ ਸਹੂਲਤਾਂ ਕਦੋਂ ਮਿਲਣਗੀਆਂ? ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪ੍ਰਾਜੈਕਟ ਦੀ ਮੌਜੂਦਾ ਸਥਿਤੀ ਬਾਰੇ ਲੋਕਾਂ ਨੂੰ ਸਪੱਸ਼ਟ ਜਵਾਬ ਦੇਵੇ ਅਤੇ ਉਸਾਰੀ ਦਾ ਕੰਮ ਜਲਦ ਸ਼ੁਰੂ ਕਰਵਾਏ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਨਾਮ ’ਤੇ ਐਲਾਨ ਕਰਨੇ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੇ ਨਾਮ ’ਤੇ ਸ਼ੁਰੂ ਕੀਤੇ ਪ੍ਰਾਜੈਕਟਾਂ ਨੂੰ ਪੂਰਾ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਸ਼ਹੀਦ ਭਗਤ ਸਿੰਘ ਜੀ ਦਾ ਨਾਮ ਸਾਡੇ ਲਈ ਸਿਰਫ਼ ਇੱਕ ਨਾਮ ਨਹੀਂ, ਸਗੋਂ ਪ੍ਰੇਰਣਾ ਹੈ। ਉਨ੍ਹਾਂ ਦੇ ਨਾਮ ’ਤੇ ਬਣਨ ਵਾਲਾ ਕਾਲਜ ਸਿਰਫ਼ ਇਮਾਰਤ ਨਹੀਂ, ਸਗੋਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਪ੍ਰਤੀਕ ਹੈ।
ਇਸ ਮੁੱਦੇ ’ਤੇ ਲੋਕਾਂ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ। ਲੋਕ ਪੁੱਛ ਰਹੇ ਹਨ ਕਿ ਜੇਕਰ ਨੀਂਹ ਪੱਥਰ ਰੱਖ ਦਿੱਤਾ ਗਿਆ ਸੀ ਤਾਂ ਕੰਮ ਕਿਉਂ ਰੁਕਿਆ ਹੋਇਆ ਹੈ। ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਮਾਮਲੇ ਵਿੱਚ ਦੇਰੀ ਦੇ ਕਾਰਨ ਦੱਸੇ ਅਤੇ ਮੈਡੀਕਲ ਕਾਲਜ ਦੀ ਉਸਾਰੀ ਲਈ ਠੋਸ ਸਮਾਂ-ਸੀਮਾ ਦਾ ਐਲਾਨ ਕਰੇ।
