ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਹੁਸ਼ਿਆਰਪੁਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਮੀਮਾਂਸਾ ਭਾਰਤੀ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਦੱਸਿਆ ਕਿ ਅੱਜ ਸਾਰਾ ਸੰਸਾਰ ਧਨ ਦੇ ਪਿੱਛੇ ਭੱਜ ਰਿਹਾ ਹੈ। 
ਇਸ ਧਨ ਨੂੰ ਇਕੱਠਾ ਕਰਨ ਲਈ ਦਿਨ-ਰਾਤ ਸੰਸਾਰ ਦੇ ਕਰਮ-ਕਾਂਡਾਂ ਵਿੱਚ ਫਸਿਆ ਰਹਿੰਦਾ ਹੈ। ਪਰ ਜਦ ਤੱਕ ਉਹ ਆਪਣਾ ਅਸਲ ਕਰਮ ਨਹੀਂ ਜਾਣੇਗਾ, ਤਦ ਤੱਕ ਉਹ ਲੱਖ-ਚਉਰਾਸੀ ਜੋਨੀਆਂ ਵਿੱਚ ਭਟਕਦਾ ਰਹੇਗਾ। 
ਜਿਵੇਂ ਇੱਕ ਵਾਰ ਸ਼੍ਰੀਰਾਮ ਅਤੇ ਲਕਸ਼ਮਣ ਜੀ ਇੱਕ ਰੁੱਖ ਦੀ ਛਾਂ ਹੇਠਾਂ ਵਿਸ਼ਰਾਮ ਕਰ ਰਹੇ ਸਨ। ਉਨ੍ਹਾਂ ਦੇਖਿਆ ਕਿ ਇੱਕ ਕੀੜਾ ਰੁੱਖ ਦੀ ਟਾਹਣੀ 'ਤੇ ਵਾਰੀ-ਵਾਰੀ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਹਰ ਵਾਰੀ ਅਸਫਲ ਹੋ ਜਾਂਦਾ ਸੀ। ਇਹ ਦੇਖ ਕੇ ਭਗਵਾਨ ਸ਼੍ਰੀਰਾਮ ਮੁਸਕੁਰਾਏ। ਲਕਸ਼ਮਣ ਜੀ ਨੇ ਉਨ੍ਹਾਂ ਦੀ ਮੁਸਕਾਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਕੀੜਾ ਕਈ ਵਾਰ ਇੰਦਰ ਦੇ ਸਿੰਘਾਸਨ ਤੇ ਬੈਠ ਚੁੱਕਾ ਹੈ|
 ਕਿਉਂਕਿ ਇਹ ਮਨੁੱਖਾ ਜਨਮ ਦੇ ਪਰਮ-ਲੱਖ ਨੂੰ ਜਾਣਿਆਂ ਬਿਨਾਂ ਅਨੇਕਾਂ ਕਰਮ-ਕਾਂਡ ਕਰਦਾ ਰਿਹਾ, ਇਸ ਲਈ ਇਸ ਨੂੰ ਮੋਖਸ਼ ਦੀ ਪ੍ਰਾਪਤੀ ਨਹੀਂ ਹੋਈ ਅਤੇ ਹੁਣ ਲੱਖ-ਚਉਰਾਸੀ ਜੋਨੀਆਂ ਵਿੱਚ ਭਟਕ ਰਿਹਾ ਹੈ। ਅੱਜ ਵੀ ਹਰ ਮਨੁੱਖ ਬਿਨਾਂ ਗੁਰੂ ਗਿਆਨ ਦੇ ਬਾਹਰੀ ਕ੍ਰਿਆ-ਕਰਮਾਂ ਵਿੱਚ ਫਸਿਆ ਹੋਇਆ ਹੈ ਅਤੇ ਇਨ੍ਹਾਂ ਕ੍ਰਿਆ-ਕਰਮਾਂ ਦੀ ਮਦਦ ਨਾਲ ਸੰਸਾਰੀ ਧਨ ਇਕੱਠਾ ਕਰਨਾ ਚਾਹੁੰਦਾ ਹੈ।
 ਹਰ ਇਨਸਾਨ ਚਾਹੁੰਦਾ ਹੈ ਕਿ ਮੇਰੇ ਕੋਲ ਵੱਧ ਤੋਂ ਵੱਧ ਭੌਤਿਕ ਵਸਤਾਂ ਹੋਣ, ਮੇਰੇ ਕੋਲ ਵੱਧ ਤੋਂ ਵੱਧ ਧਨ ਹੋਵੇ। ਇਨਸਾਨ ਸੁਖ ਦੀ ਖੋਜ ਉੱਥੇ ਕਰਦਾ ਹੈ ਜਿੱਥੇ ਸੁਖ ਹੈ ਹੀ ਨਹੀਂ। ਇਸ ਲਈ ਸਾਡੇ ਮਹਾਂਪੁਰਖ ਕਹਿੰਦੇ ਹਨ- ਸੁਤ, ਧਾਰਾ ਅਤੇ ਲਕਸ਼ਮੀ ਪਾਪੀ ਘਰ ਵੀ ਹੋਏ। ਸੰਤ ਸਮਾਗਮ, ਹਰੀ ਕਥਾ, ਤੁਲਸੀ ਦੁਲੰਭ ਦੋਏ।। ਵੱਧ ਧਨ, ਸੁੰਦਰ ਪਤਨੀ ਤਾਂ ਇੱਕ ਪਾਪੀ ਦੇ ਘਰ ਵੀ ਹੋ ਸਕਦੀ ਹੈ, ਪਰ ਜੀਵਨ ਵਿੱਚ ਸੰਤਾਂ ਦੇ ਬਚਨ ਬਹੁਤ ਹੀ ਭਾਗਾਂ ਨਾਲ ਮਿਲਦੇ ਹਨ।
 ਜਦ ਜੀਵਨ ਵਿੱਚ ਸੰਤ ਦਾ ਪੈਰ ਪੈਂਦਾ ਹੈ ਤਾਂ ਉਹ ਸਾਨੂੰ ਸਾਡੇ ਜੀਵਨ ਦੇ ਪਰਮ-ਲੱਖ ਨਾਲ ਪਰਚਾਉਂਦੇ ਹਨ। ਉਹ ਸਾਨੂੰ ਇਸ ਮਨੁੱਖਾ ਜਨਮ ਦੀ ਮਹਾਨਤਾ ਬਾਰੇ ਸਮਝਾਉਂਦੇ ਹਨ ਕਿ ਉਸ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਵਿੱਚ ਮਨੁੱਖ ਰੂਪ ਵਿੱਚ ਕਿਉਂ ਭੇਜਿਆ ਹੈ। ਇਸ ਲਈ ਸਾਡੇ ਜੀਵਨ ਵਿੱਚ ਵੀ ਇੱਕ ਪੂਰਨ ਸੰਤ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਸਾਨੂੰ ਅਗਿਆਨਤਾ ਦੇ ਹਨੇਰੇ ਤੋਂ ਗਿਆਨ ਰੂਪੀ ਚਾਨਣ ਵੱਲ ਲੈ ਜਾ ਰਿਹਾ ਹੈ