ਨਵੀਂ ਦਿੱਲੀ:- ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਜਾਰੀ ਜੰਗ ਲੋਕਾਂ ਲਈ ਕਾਲ ਬਣ ਕੇ ਆਈ ਹੈ। ਇਰਾਨ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 1,900 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਇਸ ਦੌਰਾਨ ਇਜ਼ਰਾਇਲੀ ਅਤੇ ਅਮਰੀਕੀ ਫੌਜੀਆਂ ਨੂੰ ਵੀ ਜਾਨ ਗਵਾਉਣੀ ਪਈ ਹਨ।
ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਊਰਜਾ ਪਲਾਂਟਾਂ ’ਤੇ ਹਮਲਾ ਕਰਨ ਦੀ ਆਪਣੀ ਧਮਕੀ ਨੂੰ ਫਿਲਹਾਲ ਟਾਲ ਦਿੱਤਾ ਹੈ। ਟਰੰਪ ਨੇ 'ਸਟ੍ਰੇਟ ਆਫ ਹੋਰਮੁਜ਼’ ਨੂੰ ਖੋਲ੍ਹਣ ਲਈ ਦਿੱਤੀ ਗਈ ਮੋਹਲਤ ਨੂੰ 6 ਅਪਰੈਲ ਤੱਕ ਵਧਾ ਦਿੱਤਾ ਹੈ, ਕਿਉਂਕਿ ਉਨ੍ਹਾਂ ਅਨੁਸਾਰ ਸ਼ਾਂਤੀ ਗੱਲਬਾਤ ਸਹੀ ਦਿਸ਼ਾ ਵਿੱਚ ਜਾ ਰਹੀ ਹੈ। ਦੂਜੇ ਪਾਸੇ, ਇਸ ਜੰਗ ਦੇ ਪ੍ਰਭਾਵ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਟਰੰਪ ਨੇ ਕਿਹਾ ਕਿ ਇਰਾਨ ਨੇ ਖੁਦ ਸਮਝੌਤੇ ਲਈ ਸਮਾਂ ਮੰਗਿਆ ਹੈ, ਹਾਲਾਂਕਿ ਇਰਾਨੀ ਆਗੂਆਂ ਨੇ ਜਨਤਕ ਤੌਰ ’ਤੇ ਅਜਿਹੀ ਕਿਸੇ ਵੀ ਗੱਲਬਾਤ ਤੋਂ ਇਨਕਾਰ ਕੀਤਾ ਹੈ।
ਇਸ ਦੌਰਾਨ ਜੰਗੀ ਮੈਦਾਨ ਵਿੱਚ ਤਣਾਅ ਲਗਾਤਾਰ ਵਧ ਰਿਹਾ ਹੈ। ਇਜ਼ਰਾਇਲੀ ਫੌਜ ਨੇ ਸ਼ੁੱਕਰਵਾਰ ਤੜਕੇ ਇਰਾਨ ਦੀ ਰਾਜਧਾਨੀ ਤਹਿਰਾਨ ਦੇ ਦਿਲ ਵਿੱਚ ਕਈ ਹਮਲੇ ਕੀਤੇ ਹਨ, ਜਿਸ ਕਾਰਨ ਪੂਰੇ ਇਲਾਕੇ ਵਿੱਚ ਧੂੰਏਂ ਦੇ ਬੱਦਲ ਛਾ ਗਏ। ਇਰਾਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ ਅਤੇ ਕੁਵੈਤ ਵਰਗੇ ਗੁਆਂਢੀ ਦੇਸ਼ਾਂ ਵੱਲ ਡਰੋਨ ਭੇਜੇ। ਇਸ ਭਿਆਨਕ ਜੰਗ ਵਿੱਚ ਹੁਣ ਤੱਕ ਇਰਾਨ ਅਤੇ ਲੇਬਨਾਨ ਵਿੱਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਬੇਘਰ ਹੋ ਗਏ ਹਨ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਜੰਗ ਲੰਬੀ ਖਿੱਚੀ ਗਈ ਤਾਂ ਦੁਨੀਆ ਭਰ ਵਿੱਚ ਮਹਿੰਗਾਈ ਅਤੇ ਭੋਜਨ ਦੀ ਕਿੱਲਤ ਵਰਗੇ ਗੰਭੀਰ ਆਰਥਿਕ ਸੰਕਟ ਪੈਦਾ ਹੋ ਸਕਦੇ ਹਨ।
ਪੱਛਮੀ ਏਸ਼ੀਆ ਵਿੱਚ ਕਾਲ ਬਣ ਕੇ ਆਈ ਜੰਗ ਇਰਾਨ ਵਿੱਚ 1900 ਤੋਂ ਵੱਧ ਲੋਕਾਂ ਦੀ ਮੌਤ
