ਲੁਧਿਆਣਾ, 30 ਅਕਤੂਬਰ 2026:- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਰਨਰੀ ਮੈਡੀਸਨ ਵਿਭਾਗ ਤੋਂ ਡਾ. ਸ਼ਬਨਮ ਸਿੱਧੂ ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਵੈਟਰਨਰੀ ਐਜੂਕੇਸ਼ਨ ਐਂਡ ਰਿਸਰਚ, ਰਾਜਸਥਾਨ ਯੂਨੀਵਰਸਿਟੀ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਜੋਬਨਰ, ਜੈਪੁਰ ਵੱਲੋਂ ਵੈਟਰਨਰੀ ਮੈਡੀਸਨ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਨੇ ਇਸ ਕਾਰਜਸ਼ਾਲਾ ਦੌਰਾਨ ਕਾਰਡੀਓਲੋਜੀ (ਦਿਲ ਦੀ ਕਾਰਜਸ਼ੈਲੀ) ਨੂੰ ਨਿਯੰਤਰਿਤ ਕਰਨ ਵਾਲੇ ਬੁਨਿਆਦੀ ਸਿਧਾਂਤਾਂ ਅਤੇ ਅਭਿਆਸਾਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਗੱਲਬਾਤ ਦੌਰਾਨ ਕੁੱਤਿਆਂ ਵਿੱਚ ਈਕੋ-ਕਾਰਡੀਓਗ੍ਰਾਫੀ ਦੇ ਸੰਚਾਲਨ ਅਤੇ ਨਤੀਜਿਆਂ ਦੀ ਵਿਆਖਿਆ ਕਰਨ ਦੀ ਸਿਖਲਾਈ ਵੀ ਦਿੱਤੀ।

ਡਾ. ਸੁਸ਼ਮਾ ਛਾਬੜਾ, ਮੁਖੀ, ਵੈਟਰਨਰੀ ਮੈਡੀਸਨ ਵਿਭਾਗ ਨੇ ਕਿਹਾ ਕਿ ਈਕੋ-ਕਾਰਡੀਓਗ੍ਰਾਫੀ ਕੁੱਤਿਆਂ ਦੀ ਸਿਹਤ ਸੰਭਾਲ ਵਿੱਚ ਕਾਫੀ ਮਹੱਤਵਪੂਰਨ ਹੈ, ਕਿਉਂਕਿ ਦਿਲ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਲਈ ਇਸਦੀ ਵਿਆਪਕ ਵਰਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਵੈਟਰਨਰੀ ਮੈਡੀਸਨ ਵਿਭਾਗ ਇਸ ਖੇਤਰ ਵਿੱਚ ਮੋਹਰੀ ਹੈ ਅਤੇ ਇੱਥੇ ਜਾਨਵਰਾਂ ਦੀਆਂ ਵੱਖ-ਵੱਖ ਕਿਸਮਾਂ ਦੀਆਂ ਸ਼੍ਰੇਣੀਆਂ ਸਬੰਧੀ ਅਤਿ-ਆਧੁਨਿਕ ਸਹੂਲਤਾਂ ਅਤੇ ਮੁਹਾਰਤ ਮੌਜੂਦ ਹੈ।

ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਰਨਰੀ ਸਾਇੰਸ ਕਾਲਜ ਨੇ ਦੱਸਿਆ ਕਿ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਨੇ ਪਸ਼ੂਆਂ ਦੇ ਰੋਗਾਂ ਦੇ ਨਿਦਾਨ ਅਤੇ ਇਲਾਜ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ। ਯੂਨੀਵਰਸਿਟੀ ਆਪਣੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਰਾਹੀਂ ਪਸ਼ੂਧਨ ਖੇਤਰ ਵਿੱਚ ਪੇਸ਼ੇਵਰਾਂ ਦੇ ਹੁਨਰ ਨੂੰ ਵਧਾਉਣ ਵਿੱਚ ਯੋਗਦਾਨ ਪਾ ਰਹੀ ਹੈ। ਯੂਨੀਵਰਸਿਟੀ ਨੇ ਇੱਕ ਕੁਸ਼ਲ ਅਤੇ ਹੁਨਰਮੰਦ ਵਾਤਾਵਰਣਕ ਢਾਂਚਾ ਬਣਾਉਣ ਲਈ ਸਹਿਯੋਗੀ ਸੰਸਥਾਵਾਂ ਅਤੇ ਪੇਸ਼ੇਵਰ ਸਮਾਜ ਨਾਲ ਮਜ਼ਬੂਤ ਸਬੰਧ ਬਣਾਏ ਹਨ। ਉਨ੍ਹਾਂ ਡਾ. ਸ਼ਬਨਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵੈਟਰਨਰੀ ਮੈਡੀਸਨ ਵਿੱਚ ਖੋਜ ਅਤੇ ਸਿੱਖਿਆ ਦੇ ਵਿਕਾਸ ਲਈ ਵੈਟਰਨਰੀ ਸਿੱਖਿਆ ਅਤੇ ਵੈਟਰਨਰੀ ਪੇਸ਼ੇਵਰਾਂ ਵਿਚਕਾਰ ਸਬੰਧ ਬੇਹੱਦ ਜ਼ਰੂਰੀ ਹਨ।