ਲੁਧਿਆਣਾ, 29 ਸਤੰਬਰ, 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਨੇ ਅੰਬੂਜਾ ਫਾਊਂਡੇਸ਼ਨ, ਬਠਿੰਡਾ ਦੇ ਸਹਿਯੋਗ ਨਾਲ 56 ਮਹਿਲਾ ਡੇਅਰੀ ਉੱਦਮੀਆਂ ਲਈ "ਸਾਫ਼-ਸੁਥਰੇ ਦੁੱਧ ਦਾ ਉਤਪਾਦਨ ਅਤੇ ਦੁੱਧ ਤੋਂ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ" ਬਾਰੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ।

ਇਸ ਪ੍ਰੋਗਰਾਮ ਦਾ ਉਦੇਸ਼ ਡੇਅਰੀ ਦੇ ਕੰਮ ਵਿੱਚ ਲੱਗੀਆਂ ਔਰਤਾਂ ਦੇ ਤਕਨੀਕੀ ਗਿਆਨ, ਉੱਦਮੀ ਹੁਨਰ ਅਤੇ ਆਮਦਨ ਵਧਾਉਣ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਸੀ। ਸਿਖਲਾਈ ਵਿੱਚ ਵਿਗਿਆਨਕ ਡੇਅਰੀ ਪ੍ਰਬੰਧਨ, ਸਾਫ਼-ਸੁਥਰੇ ਦੁੱਧ ਦੇ ਉਤਪਾਦਨ, ਦੁੱਧ ਦੀ ਪ੍ਰੋਸੈਸਿੰਗ, ਮੁੱਲ-ਅਧਾਰਿਤ ਉਤਪਾਦ ਬਣਾਉਣ ਅਤੇ ਲਾਹੇਵੰਦ ਛੋਟੇ ਪੱਧਰ ਦੇ ਡੇਅਰੀ ਉੱਦਮਾਂ ਦੇ ਵਿਕਾਸ 'ਤੇ ਜ਼ੋਰ ਦਿੱਤਾ ਗਿਆ।

ਡਾ ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਮਹਿਲਾ ਡੇਅਰੀ ਉੱਦਮੀਆਂ ਨੂੰ ਵਿਗਿਆਨਕ ਗਿਆਨ, ਵਿਹਾਰਕ ਹੁਨਰ ਅਤੇ ਉੱਦਮੀ ਸਮਰੱਥਾਵਾਂ ਨਾਲ ਸਮਰੱਥ ਬਣਾਉਣ ਨਾਲ ਡੇਅਰੀ ਉਤਪਾਦਾਂ ਦੀ ਗੁਣਵੱਤਾ ਸੁਧਾਰਨ, ਘਰੇਲੂ ਆਮਦਨ ਵਧਾਉਣ ਅਤੇ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਟਿਕਾਊ ਮੌਕੇ ਪੈਦਾ ਕਰਨ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਨੇ ਯੂਨੀਵਰਸਿਟੀ ਅਤੇ ਅੰਬੂਜਾ ਫਾਊਂਡੇਸ਼ਨ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ।

ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪਸ਼ੂਆਂ ਦੀ ਸਿਹਤ ਸੰਬੰਧੀ ਵਿਗਿਆਨਕ ਤਰੀਕੇ ਅਪਣਾਉਣ, ਦੁੱਧ ਚੁਆਈ ਦੌਰਾਨ ਸਾਫ਼-ਸਫਾਈ ਬਣਾਈ ਰੱਖਣ ਅਤੇ ਦੁੱਧ ਤੋਂ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜਿਹੇ ਵਿਹਾਰਕ ਸਿਖਲਾਈ ਪ੍ਰੋਗਰਾਮ ਮਹਿਲਾ ਉੱਦਮੀਆਂ ਨੂੰ ਛੋਟੇ ਪੱਧਰ ਦੇ ਡੇਅਰੀ ਪ੍ਰੋਸੈਸਿੰਗ ਉੱਦਮ ਵਿਕਸਤ ਕਰਨ ਲਈ ਲੋੜੀਂਦਾ ਵਿਹਾਰਕ ਗਿਆਨ ਪ੍ਰਦਾਨ ਕਰਦੇ ਹਨ।

ਤਕਨੀਕੀ ਸੈਸ਼ਨਾਂ ਵਿੱਚ ਪਸ਼ੂਆਂ ਦੀ ਬਿਮਾਰੀ-ਰੋਕਥਾਮ ਪ੍ਰਬੰਧਨ, ਸਾਫ਼-ਸੁਥਰੇ ਦੁੱਧ ਦਾ ਉਤਪਾਦਨ, ਛੋਟੇ ਡੇਅਰੀ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨਾ, ਦੁੱਧ ਦੀ ਪ੍ਰੋਸੈਸਿੰਗ ਅਤੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ, ਉੱਚ ਦਰਜੇ ਦੇ ਡੇਅਰੀ ਉਤਪਾਦ ਅਤੇ ਲਾਹੇਵੰਦ ਕਾਰੋਬਾਰੀ ਮਾਡਲ ਸ਼ਾਮਲ ਸਨ। ਡਾ. ਜਸਨੀਤ ਸਿੰਘ, ਡਾ. ਹਰਨੀਤ ਕੌਰ, ਡਾ. ਰਵਦੀਪ ਸਿੰਘ ਅਤੇ ਡਾ. ਕ੍ਰਿਤਿਕਾ ਵਰਮਾ ਨੇ ਵਿਦਿਆਰਥੀ ਸੰਯੋਜਕਾਂ ਹਰਯੁਵਰਾਜ ਸਿੰਘ ਬੇਦੀ ਅਤੇ ਨਵਰੋਜ ਕੌਰ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦਾ ਤਾਲਮੇਲ ਕੀਤਾ।

ਇਹ ਪ੍ਰੋਗਰਾਮ ਇੱਕ ਵਿਚਾਰ-ਚਰਚਾ ਸੈਸ਼ਨ ਨਾਲ ਸਮਾਪਤ ਹੋਇਆ।