ਖਰੜ:- ਖਰੜ ਸ਼ਹਿਰ ਅੱਜ ਉਸ ਵੇਲੇ ਪੂਰੀ ਤਰ੍ਹਾਂ ਭਗਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ। ਜਦੋਂ ਇਤਿਹਾਸਕ ਮਹਾਰਾਜਾ ਅੱਜ ਸਰੋਵਰ ਵਿਖੇ ਉਸਾਰੀ ਅਧੀਨ ਸ਼੍ਰੀ ਰਾਮ ਮੰਦਰ ਭਗਤਾਂ ਦੇ ਦਰਸ਼ਨਾਂ ਲਈ ਖੋਲ ਦਿੱਤਾ ਗਿਆ। ਪਿਛਲੇ ਕਰੀਬ ਇਕ ਸਪਤਾਹ ਤੋਂ ਜਾਰੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਅੱਜ ਸਮਾਪਤੀ ਸਮਾਰੋਹ ਮੌਕੇ ਸਵੇਰੇ ਤੋਂ ਵਿਦਵਾਨ ਬ੍ਰਾਹਮਣਾਂ ਵਲੋਂ ਵਿਧਿਵਤ ਵੈਦਿਕ ਮੰਤਰ ਉਚਾਰਨ ਰਾਹੀਂ ਪੂਜਾ ਪਿਛੋਂ ਹਵਨ ਯੱਗ ਅਤੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਜਾਪ ਕੀਤਾ ਗਿਆ ਜਿਸ ਚ ਭਾਰੀ ਸੰਖਿਆ ਚ ਸ਼ਰਧਾਲੂਆਂ ਨੇ ਹਿੱਸਾ ਲਿਆ।
ਸ਼ੁਭ ਮਹੂਰਤ ਦੁਪਹਿਰ 12:30 ਵਜੇ ਦਾ ਵੇਲਾ ਹੁੰਦਿਆਂ ਸਾਰ ਵਿਸ਼ੇਸ਼ ਤੌਰ ਉੱਤੇ ਹਾਜਰ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵਲੋਂ ਰਿਮੋਟ ਰਾਹੀਂ ਜਿਵੇਂ ਹੀ ਭਗਵਾਨ ਦੇ ਅੱਗੋਂ ਹੌਲੀ ਹੌਲੀ ਪਰਦਾ ਹਟਾਇਆ ਗਿਆ ਸਾਹਮਣੇ ਮਨ ਨੂੰ ਮੋਹ ਲੈਣ ਵਾਲੀ ਮਨਮੋਹਕ ਮੂਰਤ ਦੇ ਰੂਪ ਚ ਸਥਾਪਿਤ ਸ੍ਰੀ ਰਾਮ ਜੀ, ਮਾਤਾ ਸੀਤਾ ਜੀ ਅਤੇ ਲਕਸ਼ਮਣ ਜੀ ਦੀ ਮਨਮੋਹਕ ਛਵੀ ਦੇ ਦਰਸ਼ਨ ਕਰ ਸ਼ਰਧਾਲੂ ਖੁਸ਼ੀ ਚ ਗਦਗਦ ਕਰ ਉੱਠੇ,
ਉਨ੍ਹਾਂ ਨਾਲ ਮੌਜੂਦ ਪਵਨ ਪੁੱਤਰ ਸ਼੍ਰੀ ਰਾਮ ਦੇ ਪਰਮ ਸੇਵਕ ਅਤੇ ਸੰਕਟ ਮੋਚਨ ਸ੍ਰੀ ਹਨੂੰਮਾਨ ਜੀ ਦੀ ਮੌਜੂਦਗੀ ਨੇ ਮਾਹੌਲ ਨੂੰ ਹੋਰ ਵੀ ਆਧਿਆਤਮਿਕ ਬਣਾ ਦਿੱਤਾ। ਕਿਉਂਕਿ ਇਸ ਮੰਦਰ ਨੂੰ ਵੀ ਅਯੋਧਿਆ ਜੀ ਦੇ ਸ੍ਰੀ ਰਾਮ ਮੰਦਰ ਵਾਂਗ ਹੂਬਹੂ ਆਕਾਰ ਚ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਉਥੇ ਮੌਜੂਦ ਭਗਵਾਨ ਦੀ ਪਿਆਰੀ ਆਕਰਸ਼ਕ ਮੂਰਤੀ ਸਥਾਪਿਤ ਕਰਨ ਸਣੇ ਮਹਾਰਾਜਾ ਅੱਜ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ।
ਪਰਦਾ ਹਟਦਿਆਂ ਸਾਰ ਮੰਦਰ ਪਰਿਸਰ ਜੈ ਜੈ ਵੀਰ ਬਜਰੰਗੇ , ਹਰ ਹਰ ਮਹਾਦੇਵ “ਜੈ ਸ੍ਰੀ ਰਾਮ” ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਮੰਨੋ ਪੂਰਾ ਖਰੜ ਅਤੇ ਇਸਦਾ ਭਗਤਾਂ ਦੇ ਉਤਸ਼ਾਹ ਦੇ ਦਰਮਿਆਨ ਭਗਤੀ ਰਸ ਵਿੱਚ ਸਰਾਬੋਰ ਹੋ ਗਿਆ।
ਇਸ ਪੂਰੇ ਸਮਾਰੋਹ ਦਾ ਇਹ ਸਭ ਤੋਂ ਅਹਿਮ ਅਤੇ ਭਾਵੁਕ ਪਲ ਸੀ, ਜਿਸਦਾ ਸਾਰੇ ਰਾਮ ਭਗਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਇਹ ਪਲ ਆਇਆ, ਮੌਜੂਦ ਸ਼ਰਧਾਲੂ ਭਾਵ-ਭਿਵੋਰ ਹੋ ਉੱਠੇ ਅਤੇ ਕਈਆਂ ਦੀਆਂ ਅੱਖਾਂ ਖੁਸ਼ੀ ਅਤੇ ਆਸਥਾ ਦੇ ਅੰਸੂਆਂ ਨਾਲ ਭਰ ਗਈਆਂ।
ਇਸ ਇਤਿਹਾਸਕ ਅਤੇ ਧਾਰਮਿਕ ਮੌਕੇ ਦੇ ਸਾਕਸ਼ੀ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਪ੍ਰਭੂ ਸ਼੍ਰੀ ਰਾਮ ਦੀ ਮੰਗਲ ਆਰਤੀ ਉਤਾਰ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਐਮਪੀ ਮਲਵਿੰਦਰ ਸਿੰਘ ਕੰਗ, ਐਡੀਸ਼ਨਲ ਸੌਲਿਸਟਰ ਜਨਰਲ ਸੱਤਪਾਲ ਜੈਨ, ਭਾਜਪਾ ਆਗੂ ਰਣਜੀਤ ਸਿੰਘ ਗਿੱਲ, ਨਗਰ ਕੌਂਸਲ ਪ੍ਰਧਾਨ ਅੰਜੂ ਚੰਦਰ ਅਤੇ ਪ੍ਰਿੰਸੀਪਲ ਜਸਵੀਰ ਚੰਦਰ ਸਮੇਤ ਹੋਰ ਕਈ ਮਾਣਯੋਗ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ।
ਇਸ ਮੌਕੇ ਵੱਖ-ਵੱਖ ਪ੍ਰਸਿੱਧ ਭਜਨ ਗਾਇਕਾਂ ਵੱਲੋਂ ਮਧੁਰ ਭਜਨਾਂ ਰਾਹੀਂ ਪ੍ਰਭੂ ਸ਼੍ਰੀ ਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ, ਜਿਸ ਨਾਲ ਮਾਹੌਲ ਪੂਰੀ ਤਰ੍ਹਾਂ ਆਧਿਆਤਮਿਕ ਬਣ ਗਿਆ। ਭਗਤ ਭਜਨਾਂ ਵਿੱਚ ਲੀਨ ਹੋ ਕੇ ਪ੍ਰਭੂ ਦੀ ਭਗਤੀ ਵਿੱਚ ਡੁੱਬੇ ਹੋਏ ਨਜ਼ਰ ਆਏ। ਸਮਾਰੋਹ ਦੌਰਾਨ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਹਜ਼ਾਰਾਂ ਵਸਨੀਕਾਂ ਨੇ ਪ੍ਰਸਾਦ ਛਕਿਆ।
ਮਹਾਰਾਜਾ ਅੱਜ ਸਰੋਵਰ ਸੇਵਾ ਸਮਿਤੀ ਦੇ ਪ੍ਰਮੁੱਖ ਸ਼ਸ਼ੀ ਪਾਲ ਜੈਨ ਵੱਲੋਂ ਸਾਰੇ ਮਾਣਯੋਗ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਦਿਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਮਾਰੋਹ ਨਾ ਸਿਰਫ਼ ਧਾਰਮਿਕ ਪੱਖੋਂ ਮਹੱਤਵਪੂਰਨ ਹੈ, ਸਗੋਂ ਇਹ ਸਮਾਜ ਵਿੱਚ ਏਕਤਾ, ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਵੀ ਦੇਂਦਾ ਹੈ।
ਕੁੱਲ ਮਿਲਾ ਕੇ, ਇਹ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਖਰੜ ਦੇ ਇਤਿਹਾਸ ਵਿੱਚ ਇਕ ਸੁਹਾਵਾਂ ਅਤੇ ਯਾਦਗਾਰ ਅਧਿਆਇ ਬਣ ਕੇ ਦਰਜ ਹੋ ਗਿਆ ਹੈ, ਜਿਸ ਨੇ ਹਰ ਇਕ ਵਸਨੀਕ ਦੇ ਦਿਲ ਵਿੱਚ ਭਗਤੀ, ਆਸਥਾ ਅਤੇ ਖੁਸ਼ੀ ਦੀ ਨਵੀਂ ਲਹਿਰ ਪੈਦਾ ਕੀਤੀ ਹੈ।
