ਚੰਡੀਗੜ੍ਹ, 18 ਨਵੰਬਰ (ਹਰਮਿੰਦਰ ਨਾਗਪਾਲ):- ਜੰਗ ਦੌਰਾਨ ਆਪਣਾ ਇੱਕ ਹੱਥ ਗੁਆਉਣ ਦੇ ਬਾਵਜੂਦ ਯੂਕਰੇਨ ਦੇ ਜੰਗੀ ਯੋਧੇ ਵੋਲੋਦਿਮਿਰ ਬਾਇਕੋਵੇਟਸ ਨੇ ਹੌਸਲਾ ਨਹੀਂ ਹਾਰਿਆ। ਹਾਲ ਹੀ ਵਿੱਚ ਨੂਹ ਵਿਖੇ ਕਰਵਾਏ ਜਾ ਰਹੇ ਇੰਡੀਆ ਇੰਟਰਨੈਸ਼ਨਲ ਪਿਚ ਐਂਡ ਪੁੱਟ ਓਪਨ ਵਿੱਚ ਉਨ੍ਹਾਂ ਨੇ ਆਪਣੇ ਖੇਡ ਪ੍ਰਦਰਸ਼ਨ ਨਾਲ ਲੋਕਾਂ ਦਾ ਧਿਆਨ ਖਿੱਚਿਆ। ਅਪ੍ਰੈਲ 2024 ਵਿੱਚ ਫੌਜੀ ਮੁਹਿੰਮ ਦੌਰਾਨ ਤੋਪ ਦੇ ਹਮਲੇ ਵਿੱਚ ਉਨ੍ਹਾਂ ਦਾ ਇੱਕ ਹੱਥ ਚਲਾ ਗਿਆ ਸੀ। ਹੁਣ ਉਹ ਬਾਇਓਨਿਕ ਨਕਲੀ ਹੱਥ ਦੀ ਮਦਦ ਨਾਲ ਗੋਲਫ ਖੇਡ ਰਹੇ ਹਨ।

12 ਤੋਂ 15 ਨਵੰਬਰ ਤੱਕ ਤਰੁਧਨ ਵੈਲੀ ਗੋਲਫ ਰਿਜ਼ੋਰਟ ਵਿੱਚ ਕਰਵਾਏ ਗਏ ਇਸ ਕੌਮਾਂਤਰੀ ਟੂਰਨਾਮੈਂਟ ਵਿੱਚ ਉਨ੍ਹਾਂ ਦੀ ਮੌਜੂਦਗੀ ਖੇਡ ਜਜ਼ਬੇ ਅਤੇ ਦਿਵਿਆਂਗ ਖਿਡਾਰੀਆਂ ਦੀ ਸਮਰੱਥਾ ਦੀ ਵਿਸ਼ੇਸ਼ ਮਿਸਾਲ ਬਣੀ। ਕੁਝ ਸ਼ਾਟ ਖੇਡਣ ਲਈ ਉਨ੍ਹਾਂ ਨੂੰ ਦੋਵਾਂ ਹੱਥਾਂ ਦੀ ਲੋੜ ਪੈਂਦੀ ਹੈ, ਜਦਕਿ ਕੁਝ ਸ਼ਾਟ ਉਹ ਇੱਕ ਹੱਥ ਨਾਲ ਹੀ ਖੇਡ ਲੈਂਦੇ ਹਨ। ਆਧੁਨਿਕ ਤਕਨੀਕ ਨਾਲ ਬਣੇ ‘ਐਸਪਰ ਹੈਂਡ’ ਦੀ ਮਦਦ ਨਾਲ ਉਨ੍ਹਾਂ ਨੇ ਗੋਲਫ ਦੀ ਖੇਡ ਅਨੁਸਾਰ ਆਪਣੇ ਆਪ ਨੂੰ ਢਾਲਿਆ ਹੈ।

ਬਾਇਕੋਵੇਟਸ ਸਿਰਫ਼ ਖਿਡਾਰੀ ਹੀ ਨਹੀਂ, ਸਗੋਂ ਜ਼ਖ਼ਮੀ ਸੈਨਿਕਾਂ ਦੇ ਮੁੜ ਵਸੇਬੇ ਲਈ ਵੀ ਕੰਮ ਕਰ ਰਹੇ ਹਨ। ਉਹ ਕੀਵ ਸਕੂਲ ਆਫ਼ ਇਕਨਾਮਿਕਸ ਵਿਖੇ ਵੈਟਰਨਜ਼ ਆਫਿਸ ਦੇ ਮੁਖੀ ਹਨ ਅਤੇ ਸਟ੍ਰੌਂਗ ਸਾਈਡ ਐਡੈਪਟਿਵ ਸਪੋਰਟਸ ਦੇ ਸਹਿ-ਸੰਸਥਾਪਕ ਵੀ ਹਨ। ਉਹ ਜੰਗ ਵਿੱਚ ਜ਼ਖ਼ਮੀ ਹੋਏ ਸੈਨਿਕਾਂ ਲਈ ਗੋਲਫ ਮੁਕਾਬਲੇ ਅਤੇ ਸਿਖਲਾਈ ਸੈਸ਼ਨ ਕਰਵਾਉਂਦੇ ਹਨ, ਤਾਂ ਜੋ ਖੇਡਾਂ ਰਾਹੀਂ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਆਤਮ-ਵਿਸ਼ਵਾਸ ਮੁੜ ਬਹਾਲ ਹੋ ਸਕੇ।

ਯੂਕਰੇਨ ਦੇ ਵਫ਼ਦ ਨਾਲ ਭਾਰਤ ਪਹੁੰਚੇ ਬਾਇਕੋਵੇਟਸ ਦੀ ਸ਼ਮੂਲੀਅਤ ਨੇ ਟੂਰਨਾਮੈਂਟ ਦੀ ਸਮਾਵੇਸ਼ੀ ਖੇਡ ਮੁਹਿੰਮ ਨੂੰ ਵੀ ਵਿਸ਼ੇਸ਼ ਪਛਾਣ ਦਿੱਤੀ ਹੈ। ਉਨ੍ਹਾਂ ਦਾ ਸੁਨੇਹਾ ਸਪੱਸ਼ਟ ਹੈ ਕਿ ਸਰੀਰ ’ਤੇ ਲੱਗੀ ਸੱਟ ਇਨਸਾਨ ਦੇ ਹੌਸਲੇ ਅਤੇ ਅੱਗੇ ਵਧਣ ਦੀ ਸਮਰੱਥਾ ਨੂੰ ਖ਼ਤਮ ਨਹੀਂ ਕਰ ਸਕਦੀ।