ਲੰਡਨ:- ਲੇਬਰ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਅਚਾਨਕ ਐਲਾਨ ਕਰ ਦਿੱਤਾ। ਸਟਾਰਮਰ ਨੇ ਲੰਡਨ ਸਥਿਤ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘10 ਡਾਊਨਿੰਗ ਸਟ੍ਰੀਟ’ ਦੀਆਂ ਪੌੜੀਆਂ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨਵੇਂ ਆਗੂ ਦੀ ਚੋਣ ਲਈ ਪੂਰਾ ਰੂਟ-ਮੈਪ (ਸਮਾਂ-ਸਾਰਣੀ) ਸਾਂਝਾ ਕਰਦਿਆਂ ਦੱਸਿਆ ਕਿ ਆਉਂਦੇ ਸਤੰਬਰ ਮਹੀਨੇ ਤੱਕ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਅਹੁਦਾ ਸੰਭਾਲ ਲਵੇਗਾ। 63 ਸਾਲਾ ਸਟਾਰਮਰ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸੱਤਾਧਾਰੀ ਲੇਬਰ ਪਾਰਟੀ ਵੱਲੋਂ ਨਵਾਂ ਆਗੂ ਨਹੀਂ ਚੁਣ ਲਿਆ ਜਾਂਦਾ, ਉਹ ਉਦੋਂ ਤੱਕ ਕੇਅਰਟੇਕਰ (ਕਾਰਜਕਾਰੀ) ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ।

ਪਾਰਟੀ ਸੰਸਦ ਮੈਂਬਰਾਂ ਦੇ ਫੈਸਲੇ ਨੂੰ ਸਿਰ-ਮੱਥੇ ਮੰਨਿਆ; ਭਾਵੁਕ ਹੋਏ ਸਟਾਰਮਰ
ਸੰਬੋਧਨ ਦੌਰਾਨ ਬੇਹੱਦ ਭਾਵੁਕ ਨਜ਼ਰ ਆ ਰਹੇ ਕੀਰ ਸਟਾਰਮਰ ਨੇ ਕਿਹਾ, “ਮੇਰੀ ਪਾਰਟੀ ਅੱਜ ਇਹ ਸਵਾਲ ਪੁੱਛ ਰਹੀ ਸੀ ਕਿ ਕੀ ਮੈਂ ਅਗਲੀਆਂ ਆਮ ਚੋਣਾਂ ਵਿੱਚ ਅਗਵਾਈ ਕਰਨ ਲਈ ਸਭ ਤੋਂ ਯੋਗ ਵਿਅਕਤੀ ਹਾਂ? ਮੈਂ ਆਪਣੀ ਪਾਰਲੀਮੈਂਟਰੀ ਪਾਰਟੀ (ਸੰਸਦ ਮੈਂਬਰਾਂ) ਦਾ ਜਵਾਬ ਸੁਣ ਲਿਆ ਹੈ ਅਤੇ ਮੈਂ ਇਸ ਫੈਸਲੇ ਨੂੰ ਬਹੁਤ ਹੀ ਖ਼ੁਸ਼ੀ-ਖ਼ੁਸ਼ੀ ਤੇ ਸਤਿਕਾਰ ਨਾਲ ਸਵੀਕਾਰ ਕਰਦਾ ਹਾਂ। ਮੈਂ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਆਪਣੇ ਪਿਆਰੇ ਦੇਸ਼ ਨੂੰ ਪਹਿਲ ਦਿੰਦਿਆਂ ਲਿਆ ਹੈ, ਇਸੇ ਕਰਕੇ ਮੈਂ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ।” ਸਟਾਰਮਰ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਸ ਨਾਲ ਵੀ ਫ਼ੋਨ ’ਤੇ ਗੱਲ ਕਰਕੇ ਉਨ੍ਹਾਂ ਨੂੰ ਆਪਣੇ ਇਸ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ।


9 ਜੁਲਾਈ ਤੋਂ ਸ਼ੁਰੂ ਹੋਵੇਗੀ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਪ੍ਰਕਿਰਿਆ
ਸਟਾਰਮਰ ਨੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਨੂੰ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ। ਤੈਅ ਕੀਤੇ ਗਏ ਸ਼ਡਿਊਲ ਮੁਤਾਬਕ, 9 ਜੁਲਾਈ ਤੋਂ ਨਵੇਂ ਆਗੂ ਲਈ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ ਅਤੇ 17 ਜੁਲਾਈ ਨੂੰ ਸੰਸਦ ਦੇ ਗਰਮੀਆਂ ਦੇ ਪਾਰਲੀਮੈਂਟਰੀ ਸੈਸ਼ਨ ਦੀ ਛੁੱਟੀ ਹੋਣ ਤੱਕ ਇਹ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਪਾਰਟੀ ਦੇ ਅੰਦਰ ਮੁਕਾਬਲਾ ਹੁੰਦਾ ਹੈ, ਤਾਂ ਵੀ ਸਤੰਬਰ ਵਿੱਚ ਸੰਸਦ ਦੇ ਦੁਬਾਰਾ ਸ਼ੁਰੂ ਹੋਣ ਤੋਂ ਪਹਿਲਾਂ ਨਵਾਂ ਪ੍ਰਧਾਨ ਮੰਤਰੀ ਦੇਸ਼ ਦੀ ਕਮਾਨ ਸੰਭਾਲ ਲਵੇਗਾ। ਉਨ੍ਹਾਂ ਕਿਹਾ ਕਿ ਉਹ ਨਵੇਂ ਆਉਣ ਵਾਲੇ ਆਗੂ ਨੂੰ ਪੂਰਾ ਅਤੇ ਬਿਨਾਂ ਸ਼ਰਤ ਸਮਰਥਨ ਦੇਣਗੇ, ਕਿਉਂਕਿ ਅੱਜ ਦਾ ਬ੍ਰਿਟੇਨ ਦੋ ਸਾਲ ਪਹਿਲਾਂ ਦੇ ਮੁਕਾਬਲੇ ਆਰਥਿਕ ਅਤੇ ਸਮਾਜਿਕ ਤੌਰ ’ਤੇ ਕਿਤੇ ਵੱਧ ਮਜ਼ਬੂਤ ਅਤੇ ਸੁਰੱਖਿਅਤ ਹੈ।