ਨਵਾਂਸ਼ਹਿਰ (ਦੇਸ ਰਾਜ ਬਾਲੀ):- ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਬੈਂਸ ਵਿਖੇ ਪਿੰਡ ਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਦੋ ਦਿਨਾਂ ਸਾਲਾਨਾ ਕੁਸ਼ਤੀ ਮੇਲਾ 17 ਅਤੇ 18 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।

ਕੁਸ਼ਤੀ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਇਹ ਮੇਲਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਵੱਡੇ ਭਰਾ ਸ੍ਰੀ ਬਲਰਾਮ ਦਾਊ ਜੀ ਦੀ ਯਾਦ ਨੂੰ ਸਮਰਪਿਤ ਹੈ। ਇਹ ਹਰ ਸਾਲ ਦੇਸੀ ਮਹੀਨੇ ਅੱਸੂ ਦੇ ਨਰਾਤਿਆਂ ਦੌਰਾਨ ਪਹਿਲੇ ਸ਼ਨੀਵਾਰ ਅਤੇ ਐਤਵਾਰ ਨੂੰ ਕਰਵਾਇਆ ਜਾਂਦਾ ਹੈ। ਇਸ ਵਿੱਚ ਦੇਸ਼-ਵਿਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਪ੍ਰਸਿੱਧ ਅਖਾੜਿਆਂ ਦੇ ਨਾਮੀ ਪਹਿਲਵਾਨ ਸ਼ਿਰਕਤ ਕਰਦੇ ਹਨ।

ਉਨ੍ਹਾਂ ਦੱਸਿਆ ਕਿ 17 ਅਕਤੂਬਰ ਸ਼ਨੀਵਾਰ ਨੂੰ ਇਹ ਮੇਲਾ ਸ੍ਰੀ ਕ੍ਰਿਸ਼ਨ ਬਲਦੇਵ ਜੀ ਦੇ ਪੁਰਾਤਨ ਮੰਦਰ ਵਿਖੇ ਕਰਵਾਇਆ ਜਾਵੇਗਾ। ਇੱਥੇ ਬਾਹਰੋਂ ਆਏ ਪਹਿਲਵਾਨਾਂ ਤੋਂ ਇਲਾਵਾ ਪਿੰਡ ਦੇ ਬੱਚਿਆਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ।

ਅਗਲੇ ਦਿਨ 18 ਅਕਤੂਬਰ ਐਤਵਾਰ ਨੂੰ ਇਹ ਮੇਲਾ ਪਿੰਡ ਤੋਂ ਬਾਹਰ ਖੁੱਲ੍ਹੇ ਮੈਦਾਨ ਵਿੱਚ ਕਰਵਾਇਆ ਜਾਵੇਗਾ, ਜਿੱਥੇ ਨਾਮੀ ਪਹਿਲਵਾਨ ਕੁਸ਼ਤੀਆਂ ਕਰਕੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨਗੇ।

ਪ੍ਰਬੰਧਕਾਂ ਵੱਲੋਂ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਇਸ ਦਾ ਸਿੱਧਾ ਪ੍ਰਸਾਰਣ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ, ਤਾਂ ਜੋ ਦੇਸ਼-ਵਿਦੇਸ਼ ਵਿੱਚ ਵਸਦੇ ਐਨਆਰਆਈ ਵੀਰ ਵੀ ਮੇਲੇ ਦਾ ਆਨੰਦ ਮਾਣ ਸਕਣ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।