ਅੰਬਾਲਾ, 30 ਅਕਤੂਬਰ (ਆਰ. ਸਿੰਘ):- ਸ਼ੁੱਕਰਵਾਰ ਨੂੰ ਅੰਬਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਸੌਂਡਾ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਮਜ਼ਦੂਰ ਪਰਿਵਾਰ ਦੀ ਚੰਦਾ ਨਾਂ ਦੀ ਦੋ ਸਾਲਾ ਬੱਚੀ ਦੀ ਜ਼ਮੀਨ ਵਿੱਚ ਬਣੇ ਪਾਣੀ ਦੇ ਟੈਂਕ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਸਮੇਂ ਉਹ ਬਾਹਰ ਖੇਡ ਰਹੀ ਸੀ ਕਿ ਅਚਾਨਕ ਪਾਣੀ ਨਾਲ ਭਰੇ ਡੂੰਘੇ ਟੈਂਕ ਵਿੱਚ ਡਿੱਗ ਗਈ ਅਤੇ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਦਾ ਪਰਿਵਾਰ ਬੇਹੱਦ ਸਦਮੇ ਵਿੱਚ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਰਿਪੋਰਟਾਂ ਅਨੁਸਾਰ ਪ੍ਰਵਾਸੀ ਮਜ਼ਦੂਰ ਛੋਟੂ ਰਾਮ ਮੂਲ ਰੂਪ ਵਿੱਚ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਆਪਣੀ ਪਤਨੀ ਨਿਸ਼ਾ ਤੇ ਬੱਚਿਆਂ ਨਾਲ ਸੌਂਡਾ ਪਿੰਡ ਵਿੱਚ ਰਹਿੰਦਾ ਹੈ। ਸ਼ੁੱਕਰਵਾਰ ਸਵੇਰੇ ਲਗਭਗ 11 ਵਜੇ ਉਸ ਦੀ ਧੀ ਚੰਦਾ ਵਿਹੜੇ ਵਿੱਚ ਖੇਡ ਰਹੀ ਸੀ। ਉਸ ਦੀ ਮਾਂ ਪਾਣੀ ਲੈਣ ਗਈ ਹੋਈ ਸੀ। ਵਾਪਸ ਆ ਕੇ ਉਸ ਨੇ ਦੇਖਿਆ ਕਿ ਬੱਚੀ ਲਾਪਤਾ ਸੀ। ਭਾਲ ਕਰਨ 'ਤੇ ਬੱਚੀ ਨੇੜੇ ਹੀ ਇੱਕ ਡੂੰਘੇ ਪਾਣੀ ਦੇ ਟੈਂਕ ਵਿੱਚ ਮਿਲੀ। ਪਰਿਵਾਰ ਨੇ ਹੋਰਨਾਂ ਦੀ ਮਦਦ ਨਾਲ ਬੱਚੀ ਨੂੰ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ 'ਤੇ ਪੁਲੀਸ ਮੌਕੇ 'ਤੇ ਪਹੁੰਚੀ ਅਤੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲੀਸ ਅਧਿਕਾਰੀਆਂ ਅਨੁਸਾਰ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
