ਪਟਿਆਲਾ, 31 ਜੁਲਾਈ:- ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੋਨੀ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਦੇਸ਼ ਭਗਤੀ, ਸਮਾਜਿਕ ਜ਼ਿੰਮੇਵਾਰੀਆਂ ਅਤੇ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦਾਂ ਨੂੰ ਸਿਰਫ਼ ਫੁੱਲ ਭੇਟ ਕਰਕੇ ਨਹੀਂ, ਸਗੋਂ ਆਪ ਫੁੱਲਾਂ-ਫਲਾਂ ਵਾਂਗ ਬਣ ਕੇ ਸਮਾਜ ਵਿੱਚ ਖੁਸ਼ਹਾਲੀ, ਪਿਆਰ ਅਤੇ ਸੇਵਾ ਦੀ ਭਾਵਨਾ ਫੈਲਾਉਣਾ ਹੀ ਉਨ੍ਹਾਂ ਲਈ ਅਸਲ ਸ਼ਰਧਾਂਜਲੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼, ਸਮਾਜ, ਪਰਿਵਾਰ ਅਤੇ ਮਾਪਿਆਂ ਦੀ ਮਹੱਤਤਾ ਸਮਝਾਉਂਦਿਆਂ ਇਨ੍ਹਾਂ ਦੀ ਸੁਰੱਖਿਆ, ਸਨਮਾਨ, ਖੁਸ਼ਹਾਲੀ ਅਤੇ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਦੀ ਪ੍ਰੇਰਣਾ ਦਿੱਤੀ।
ਉਨ੍ਹਾਂ ਗੁਰੂ ਸਾਹਿਬਾਨ, ਮਹਾਨ ਅਵਤਾਰਾਂ ਅਤੇ ਰਾਸ਼ਟਰ ਪ੍ਰੇਮੀਆਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਉਹੀ ਵਿਅਕਤੀ ਸਫ਼ਲ ਹੁੰਦੇ ਹਨ, ਜਿਨ੍ਹਾਂ ਨੂੰ ਬਚਪਨ ਤੋਂ ਹੀ ਮਾਪਿਆਂ, ਅਧਿਆਪਕਾਂ, ਗੁਰੂਆਂ ਅਤੇ ਵਿਦਵਾਨਾਂ ਤੋਂ ਚੰਗੇ ਸੰਸਕਾਰ, ਅਨੁਸ਼ਾਸਨ, ਨਿਮਰਤਾ, ਸਹਿਣਸ਼ੀਲਤਾ ਅਤੇ ਫ਼ਰਜ਼ ਨਿਭਾਉਣ ਦੀ ਸਿੱਖਿਆ ਮਿਲਦੀ ਹੈ।
ਇਸ ਮੌਕੇ ਭਾਰਤੀ ਰੈੱਡ ਕਰਾਸ ਦੇ ਸੇਵਾਮੁਕਤ ਟ੍ਰੇਨਿੰਗ ਅਫ਼ਸਰ ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਅੱਜ ਦੇ ਬੱਚੇ ਅਤੇ ਨੌਜਵਾਨ ਅਦਾਕਾਰਾਂ, ਗਾਇਕਾਂ ਅਤੇ ਡਾਂਸਰਾਂ ਨੂੰ ਆਪਣਾ ਆਦਰਸ਼ ਮੰਨ ਕੇ ਫੈਸ਼ਨ, ਦਿਖਾਵੇ, ਨਸ਼ਿਆਂ ਅਤੇ ਅਪਰਾਧਾਂ ਵੱਲ ਖਿੱਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਬੱਚਿਆਂ ਨੂੰ ਜੀਵਨ, ਪਰਿਵਾਰ, ਸਮਾਜ, ਵਾਤਾਵਰਨ ਅਤੇ ਮਹਾਨ ਕ੍ਰਾਂਤੀਕਾਰੀਆਂ ਦੇ ਜੀਵਨ ਬਾਰੇ ਯੋਗ ਜਾਣਕਾਰੀ ਨਾ ਮਿਲਣਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਅਤੇ ਪੰਜਾਬ ਦਾ ਇਤਿਹਾਸ ਦੇਸ਼ਭਗਤੀ, ਤਿਆਗ, ਮਾਨਵਤਾ ਦੀ ਸੇਵਾ, ਸਖ਼ਤ ਮਿਹਨਤ ਅਤੇ ਇਮਾਨਦਾਰੀ ਦੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ। ਇਸ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਅਜਿਹੇ ਇਤਿਹਾਸਕ ਦਿਹਾੜੇ ਮਨਾਏ ਜਾਣ ਅਤੇ ਵਿਦਿਆਰਥੀਆਂ ਨੂੰ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਤੋਂ ਜਾਣੂ ਕਰਵਾ ਕੇ ਮਾਨਵਤਾਵਾਦੀ ਕਾਰਜਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿ ਸਾਲ ਦੌਰਾਨ ਵਿਦਿਆਰਥੀ ਕਰੀਬ 150 ਦਿਨ ਹੀ ਸਿੱਖਿਆ ਸੰਸਥਾਵਾਂ ਵਿੱਚ ਰਹਿੰਦੇ ਹਨ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਸਿਰਫ਼ ਪਾਠ ਪੁਸਤਕਾਂ ਦਾ ਗਿਆਨ ਹੀ ਨਹੀਂ, ਸਗੋਂ ਚੰਗੇ ਸੰਸਕਾਰ, ਸਮਾਜਿਕ ਜ਼ਿੰਮੇਵਾਰੀ ਅਤੇ ਦੇਸ਼ ਪ੍ਰਤੀ ਫ਼ਰਜ਼ ਦੀ ਭਾਵਨਾ ਵੀ ਸਿਖਾਈ ਜਾਣੀ ਚਾਹੀਦੀ ਹੈ।
ਸ਼ਹੀਦਾਂ ਨੂੰ ਫੁੱਲ ਭੇਟ ਕਰਕੇ ਨਹੀਂ ਸਗੋਂ ਉਨ੍ਹਾਂ ਦੇ ਆਦਰਸ਼ਾਂ ਤੇ ਚੱਲ ਕੇ ਹੀ ਦਿੱਤੀ ਜਾ ਸਕਦੀ ਹੈ ਸੱਚੀ ਸ਼ਰਧਾਂਜਲੀ ਪ੍ਰਿੰਸੀਪਲ ਰਮਨਦੀਪ ਕੌਰ
