ਹੁਸ਼ਿਆਰਪੁਰ:- ਸੇਵਾ ਦੇ ਪੁੰਜ, ਗੁਰਮਤਿ ਪ੍ਰੇਮੀ 108 ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਸੇਵਾ ਵਿੱਚ ਰੁੱਝੇ ਰਹਿਣ ਵਾਲੇ ਸਰਦਾਰ ਜੰਗ ਬਹਾਦਰ ਸਿੰਘ ਪਰਮਾਰ ਜੋ ਕਿ ਬੀਤੇ ਸਾਲ ਨਿਉ ਜਰਸੀ (ਯੂ.ਐਸ.ਏ.) ‘ਚ ਆਪਣੀ ਜੀਵਨ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਸਨ, ਉਹਨਾਂ ਦੇ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਹਰੀਸਰ ਸਾਹਿਬ ਮੰਨਨਹਾਣਾ ਵਿਖੇ ਸੰਤ ਬਾਬਾ ਅਮਰੀਕ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਦੀ ਦੇਖਰੇਖ ਹੇਠ ਕਰਵਾਇਆ ਗਿਆ।
ਸਮਾਗਮ ਦੌਰਾਨ ਦੇਸ਼-ਵਿਦੇਸ਼ ਵਿੱਚ ਵੱਸਦੇ ਸਵ. ਜੇ.ਬੀ. ਸਿੰਘ ਪਰਮਾਰ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਖੇਡ, ਸਮਾਜਿਕ ਅਤੇ ਧਾਰਮਿਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਪਹੁੰਚ ਕੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਜੱਥਿਆਂ ਵਲੋਂ ਬੈਰਾਗਮਈ ਕੀਰਤਨ ਸਰਵਣ ਕਰਵਾਇਆ ਗਿਆ।
ਸਵ. ਜੇ.ਬੀ. ਸਿੰਘ ਪਰਮਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਦੇ ਸਪੁੱਤਰ ਯੋਗਰਾਜ ਸਿੰਘ ਯੂ.ਐਸ.ਏ., ਸਾਬਕਾ ਅੰਤਰਰੀਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ, ਪਿ੍ਰੰਸੀਪਲ ਬਲਵੀਰ ਸਿੰਘ ਗਿੱਲ, ਰਿਟਾ. ਬੈਂਕ ਮੈਨੇਜਰ ਬੀ.ਐਸ. ਬਾਗਲਾ ਅਤੇ ਹੋਰਨਾਂ ਸ਼ਖਸੀਅਤਾਂ ਨੇ ਕਿਹਾ ਕਿ ਸ. ਜੰਗ ਬਹਾਦਰ ਸਿੰਘ ਪਰਮਾਰ ਇੱਕ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ। ਜਿਹਨਾਂ ਦਾ ਜਨਮ 18 ਮਾਰਚ 1942 ਨੂੰ ਪਿਤਾ ਸਰਦਾਰ ਹਜਾਰਾ ਸਿੰਘ ਜੀ ਦੇ ਘਰ ਮਾਤਾ ਵਿੱਦਿਆ ਪਰਮਾਰ ਜੀ ਦੀ ਕੁਖੋਂ ਪਿੰਡ ਪੰਜੌੜ ਵਿਖੇ ਹੋਇਆਂ।
ਉਹਨਾਂ ਨੇ ਆਪਣੀ ਮੁਢਲੀ ਸਿਖਿਆਂ ਸਰਕਾਰੀ ਸਕੂਲ ਨਡਾਲੋਂ ਤੋਂ ਪ੍ਰਾਪਤ ਕੀਤੀ। ਉਪਰੰਤ ਹੁਸ਼ਿਆਰਪੁਰ ਕਾਲਜ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਅਤੇ ਦਿੱਲੀ ਤੋਂ ਸਿਵਿਲ ਇਜੰਨੀਅਰ ਦੀ ਡਿਗਰੀ ਪ੍ਰਾਪਤ ਕੀਤੀ। ਜੰਗ ਬਹਾਦਰ ਸਿੰਘ ਜੀ ਛੋਟੀ ਉਮਰ ਤੋਂ ਹੀ ਧੰਨ-ਧੰਨ 108 ਸੰਤ ਬਾਬਾ ਹਰੀ ਸਿੰਘ ਜੀ ਨੈਕੀ ਵਾਲੇ ਮਹਾਂਪੁਰਸ਼ਾਂ ਉਤੇ ਬਹੁਤ ਵਿਸ਼ਵਾਸ਼ ਰੱਖਦੇ ਸਨ। ਉਹਨਾਂ ਨੇ ਆਪਣੀ ਸਾਰੀ ਜਿੰਦਗੀ ਹਰੀ ਬਾਬਾ ਜੀ ਦੀ ਸੇਵਾ ਵਿੱਚ ਲਾ ਦਿੱਤੀ।
ਸੰਤ ਹਰੀ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਉਹਨਾਂ ਨੇ ਇੱਕ ਸਫਲ ਕਾਰੋਬਾਰੀ ਬਣ ਕੇ ਆਪਣੀ ਸਾਰੀ ਜਿੰਦਗੀ ਸੰਤ ਬਾਬਾ ਹਰੀ ਸਿੰਘ ਜੀ ਅਤੇ ਸਿੱਖੀ ਨੂੰ ਸਮਰਪਿਤ ਕਰ ਦਿੱਤੀ। ਸਾਲ 1970 ਵਿੱਚ ਅਮਰੀਕਾ ਅਤੇ ਫਿਰ ਉਥੋਂ ਕੁਵੈਤ ਚਲੇ ਗਏ। ਉਥੇ ਜਾ ਕੇ ਇਮਾਰਤਾਂ ਬਨਾਉਣ ਦਾ ਕੰਮ ਸ਼ੁਰੂ ਕਰਕੇ ਸੈਂਕੜੇ ਲੋਕਾਂ ਨੂੰ ਰੁਜਗਾਰ ਦਿੱਤਾ। ਪਹਿਲਾਂ ਇਹਨਾਂ ਨੇ ਮੰਨਣਹਾਨਾ ਪਿੰਡ ਵਿਖੇ ਏਸ਼ੀਆ ਦੇ ਸਭ ਤੋਂ ਵੱਡੇ ਗੁਰਦੁਆਰਾ ਹਰੀਸਰ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਵਾਇਆ। ਸੰਤ ਬਾਬਾ ਹਰੀ ਸਿੰਘ ਜੀ ਦੀ ਯਾਦ ਵਿੱਚ 210 ਫੁੱਟ ਦਾ ਉਚਾ ਟਾਵਰ, 185 ਫੁੱਟ ਉਚਾ ਗੁਰਦੁਆਰਾ ਸਾਹਿਬ, 8 ਪਹਿਲੂ ਸਰੋਵਰ ਦੀ ਉਸਾਰੀ ਕਰਵਾਈ।
ਸਾਲ 1983 ਤੋਂ 11,12,13 ਮਾਰਚ ਨੂੰ ਭਾਰਤ ਕੇਸਰੀ ਕੁਸ਼ਤੀ ਮੁਕਾਬਲੇ ਸ਼ੁਰੂ ਕਰਵਾਏ। ਪੰਜਾਬ ਵਿੱਚ ਸੰਤ ਬਾਬਾ ਹਰੀ ਸਿੰਘ ਜੀ ਦੀ ਯਾਦ ਵਿੱਚ ਸੰਤ ਸਮਾਗਮ ਸ਼ੁਰੂ ਕਰਵਾਇਆ। ਪਿੰਡ ਚੇਲਾ-ਮਖਸੂਸਪੁਰ ਵਿਖੇ ਸੰਤਾਂ ਦੀ ਯਾਦ ਵਿੱਚ ਲੜਕੀਆਂ ਲਈ ਕਾਲਜ ਅਤੇ ਸਕੂਲ ਦੀ ਉਸਾਰੀ ਵੀ ਆਪ ਵਲੋਂ ਕਰਵਾਈ ਗਈ। ਪਿੰਡ ਪੰਜੌੜਾ ਵਿਖੇ ਸਿਹਤ ਸਹੂਲਤਾਂ ਲਈ ਹਸਪਤਾਲ ਅਤੇ ਪੰਥ ਪੇ੍ਰਮੀ ਸੰਗਤ ਲਈ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ।
ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਸਾਲ 2001 ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੀ ਸਾਰੀ ਇਮਾਰਤ ਦੀ ਮੁਰੰਮਤ ਅਤੇ ਹੋਰ ਉਸਾਰੀ ਵੀ ਸਰਦਾਰ ਜੰਗ ਬਹਾਦਰ ਸਿੰਘ ਪਰਮਾਰ ਵਲੋਂ ਕਰਵਾਈ ਗਈ। ਸਿਰਫ ਇਹੋ ਨਹੀਂ ਸਗੋਂ ਗੁਰਦੁਆਰਾ ਕਰਤਾਰ ਪੁਰ ਸਾਹਿਬ ਦੇ ਨਾਲ ਲਗਦੀ 47 ਏਕੜ ਜਮੀਨ ਖਰੀਦ ਕੇ ਗੁਰਦੁਆਰਾ ਸਾਹਿਬ ਦੇ ਨਾਮ ਕਰਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ 9 ਸਤੰਬਰ 2001 ਨੂੰ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ ਆਰੰਭ ਕਰਵਾਇਆ।
ਉਹਨਾਂ ਕਿਹਾ ਕਿ ਸਰਦਾਰ ਪਰਮਾਰ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਿਰਫ ਪਰਿਵਾਰ ਹੀ ਨਹੀਂ ਬਲਕਿ ਸਮਾਜ ਅਤੇ ਸਿੱਖ ਪੰਥ ਨੂੰ ਵੀ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਸੰਤ ਬਾਬਾ ਅਮਰੀਕ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਨੇ ਦੱਸਿਆ ਕਿ ਸਵ. ਜੰਗ ਬਹਾਦਰ ਸਿੰਘ ਪਰਮਾਰ ਦੀ ਤਸਵੀਰ ਅਤੇ ਜੀਵਨੀ ਮੰਨਣਹਾਨਾ ਗੁਰਦੁਆਰਾ ਸਾਹਿਬ ਦੇ ਅਜਾਇਬ ਘਰ ਵਿੱਚ ਸੁਸ਼ੋਭਿਤ ਕਰਵਾਈ ਗਈ ਹੈ।
ਇਸ ਮੌਕੇ ਜੇ.ਬੀ. ਸਿੰਘ ਪਰਮਾਰ ਦੀ ਧਰਮ ਪਤਨੀ ਹਰਸ਼ਰਨ ਕੌਰ, ਭਰਾ ਗੁਰਮੇਲ ਸਿੰਘ ਯੂ.ਐਸ.ਏ., ਬੀਬੀ ਵਰਿੰਦਰ ਪਰਮਾਰ, ਰਾਜਪਾਲ ਪਰਮਾਰ ਅਤੇ ਨਜਦੀਕੀ ਸਾਥੀ ਭੁਪਿੰਦਰ ਸਿੰਘ ਸਿਆਣ ਲੁਧਿਆਣਾ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸੰਦੀਪ ਸਿੰਘ ਸੈਂਡੀ, ਸਾਬਕਾ ਅੰਤਰਰਾਸ਼ਟਰੀ ਕੋਚ ਰਵਿੰਦਰ ਨਾਥ, ਅਮਰੀਕ ਸਿੰਘ ਮੇਹਲੀ ਪਹਿਲਵਾਨ ਅਤੇ ਰੀਤ ਪ੍ਰੀਤ ਪਾਲ ਸਿੰਘ ਜਨਰਲ ਸਕੱਤਰ ਰੈਸਲਿੰਗ ਐਸੋਸੀਏਸ਼ਨ ਜਿਲ੍ਹਾ ਕਪੂਰਥਲਾ ਆਦਿ ਹਾਜ਼ਰ ਸਨ।
ਗੁਰਦੁਆਰਾ ਹਰੀਸਰ ਸਾਹਿਬ ਮੰਨਣਹਾਨਾ ਵਿਖੇ ਕਰਵਾਇਆ ਸਵ ਜੇਬੀ ਸਿੰਘ ਪਰਮਾਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
