ਐਸ. ਏ. ਐਸ. ਨਗਰ, 8 ਸਤੰਬਰ- 2020 ਵਿੱਚ ਮੁਹਾਲੀ ਵਿੱਚਲੀ ਸੀਵਰੇਜ ਦੀਆਂ ਬੰਦ ਪਾਈਪਾਂ ਦੀ ਸਮੱਸਿਆ ਦੇ ਹੱਲ ਲਈ ਪਾਈ ਗਈ ਨਵੀਂ ਫੇਜ਼ 11 ਦੇ ਖੇਤਰ ਵਿੱਚ ਪਾਈ ਗਈ 4 ਤੋਂ 5 ਫੁੱਟ ਡਾਇਆ ਵਾਲੀ ਸੀਵਰੇਜ ਲਾਈਨ ਦੇ ਥਾਂ-ਥਾਂ ਤੋਂ ਧਸ ਜਾਣ ਦੇ ਮਾਮਲੇ ਵਿੱਚ ਗਮਾਡਾ ਦੇ ਸੇਵਾਮੁਕਤ ਐਕਸੀਅਨ ਸ੍ਰੀ ਐਨ. ਐਸ. ਕਲਸੀ ਨੇ ਮੰਗ ਕੀਤੀ ਹੈ ਕਿ ਇਸ ਪਾਈਪ ਲਾਈਨ ਦੇ ਇਸ ਤਰੀਕੇ ਨਾਲ ਧਸ ਜਾਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਇਹ ਪਾਈਪ ਲਾਈਨ ਪਾਉਣ ਦੌਰਾਨ ਉਨ੍ਹਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬਾਕਾਇਦਾ ਡਰਾਇੰਗ ਬਣਾ ਕੇ ਇਸ ਦਾ ਬੈਡ ਬਣਾਉਣ ਲਈ ਲਿਖਿਆ ਸੀ ਤਾਂ ਜੋ ਇਹ ਪਾਈਪ ਲਾਈਨ ਬਿਹਤਰ ਤਰੀਕੇ ਨਾਲ ਕੰਮ ਕਰੇ, ਪਰੰਤੂ ਨਿਗਮ ਅਧਿਕਾਰੀਆਂ ਵੱਲੋਂ ਇਸ ਪਾਸੇ ਧਿਆਨ ਤਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਨਗਰ ਨਿਗਮ ਦੇ ਤਤਕਾਲੀਨ ਕਮਿਸ਼ਨਰ ਨੂੰ ਮਿਲ ਕੇ ਇੱਥੇ ਘਟੀਆ ਕੁਆਲਿਟੀ ਦੀਆਂ ਪਾਈਪਾਂ ਪਾਏ ਜਾਣ ਦੀ ਸ਼ਿਕਾਇਤ ਵੀ ਕੀਤੀ ਸੀ ਅਤੇ ਉਨ੍ਹਾਂ ਨੂੰ ਇਸ ਦਾ ਮੁਆਇਨਾ ਵੀ ਕਰਵਾਇਆ ਸੀ, ਪਰੰਤੂ ਕੁਝ ਨਹੀਂ ਹੋਇਆ ਅਤੇ ਇਹ ਪਾਈਪ ਲਾਈਨ ਉਸ ਤਰ੍ਹਾਂ ਮੁਕੰਮਲ ਕਰ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹੋਈ ਬਰਸਾਤ ਤੋਂ ਬਾਅਦ ਇਹ ਲਾਈਨ ਕਈ ਥਾਵਾਂ ਤੋਂ ਧਸ ਗਈ ਹੈ ਅਤੇ ਸਾਫ ਦਿਖਦਾ ਹੈ ਕਿ ਕਈ ਥਾਵਾਂ ’ਤੇ ਦੋ ਪਾਈਪਾਂ ਨੂੰ ਜੋੜਣ ਵਾਲੇ ਜੋੜ ਖੁੱਲ ਜਾਣ ਅਤੇ ਕਾਲਰ ਟੁੱਟ ਜਾਣ ਕਾਰਨ ਪਾਈਪਾਂ ਵੱਲੋਂ ਸਾਈਡ ਦੀ ਮਿੱਟੀ ਖਿੱਚ ਲਈ ਗਈ ਅਤੇ ਜ਼ਮੀਨ ਧਸ ਗਈ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਪਾਈਪਾਂ ਪਾਉਣ ਵਾਲੇ ਠੇਕੇਦਾਰ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।